ਅੱਪਰਾ, 20 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਨਜ਼ਦੀਕੀ ਪਿੰਡ ਸਮਰਾੜੀ ਵਿਖੇ ਖੇਤਾਂ 'ਚ ਇੱਕ ਬੱਚੇ ਦਾ ਭਰੂਣ ਮਿਲਣ ਦੀ ਸੂਚਨਾ ਮਿਲੀ ਹੈ | ਪਿੰਡ ਸਮਰਾੜੀ ਦੇ ਸਰਪੰਚ ਮੋਹਣ ਲਾਲ ਮਹਿਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਬਾਹਰ-ਵਾਰ ਖੇਤਾਂ 'ਚ ਇੱਕ ਬੱਚੇ ਦਾ ਭਰੂਣ ਮਿਲਿਆ ਹੈ | ਜੋ ਕਿ ਕਰੀਬ ਪੰਜ ਕੁ ਮਹੀਨੇ ਦਾ ਭਰੂਣ ਲੱਗਦਾ ਹੈ | ਇਸ ਵਾਰੇ ਪਤਾ ਉਦੋਂ ਲੱਗਾ ਜਦੋਂ ਪਿੰਡ ਦਾ ਇੱਕ ਵਸਨੀਕ ਪਸ਼ੂਆਂ ਲਈ ਚਾਰਾ ਵੱਢਣ ਲਈ ਖੇਤ 'ਚ ਪਹੁੰਚਿਆ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਇਸ ਵਾਰੇ ਤੁਰੰਤ ਹੀ ਪੁਲਿਸ ਚੌਕੀ ਅੱਪਰਾ ਵਿਖੇ ਇਤਲਾਹ ਦੇ ਦਿੱਤੀ | ਘਟਨਾ ਦੀ ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਨਿਰਮਲ ਸਿੰਘ ਇੰਚਾਰਜ ਪੁਲਿਸ ਚੌਕੀ ਅੱਪਰਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ | ਐਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਉਕਤ ਭਰੂਣ ਲੜਕੇ ਦਾ ਸੀ ਅਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |