ਜਲੰਧਰ, 20 ਜੁਲਾਈ (ਹਰਵਿੰਦਰ ਸਿੰਘ ਫੁੱਲ)- ਸੇਫ਼ ਸਕੂਲ ਵਾਹਨ ਸਕੀਮ ਤਹਿਤ ਸਕੂਲ ਜਾਂਦੇ ਵਿਦਿਆਰਥੀਆਂ ਲਈ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਅੱਜ ਸਹਾਇਕ ਟਰਾਂਸਪੋਰਟ ਅਫ਼ਸਰ ਕਮਲੇਸ਼ ਕੁਮਾਰੀ ਵੱਲੋਂ ਇਸ ਸਕੀਮ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਹਿਤ ਸਕੂਲ ਪ੍ਰਬੰਧਕਾਂ ਨਾਲ ਲੜੀਵਾਰ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਅੱਜ ਆਈ.ਵੀ.ਵਾਈ. ਵਰਲਡ ਸਕੂਲ ਜਲੰਧਰ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਏ.ਟੀ.ਓ. ਕਮਲੇਸ਼ ਕੁਮਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਹਰੇਕ ਸਕੂਲ ਨੂੰ ਸਕੂਲੀ ਵਿਦਿਆਰਥੀਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੇ ਸਾਰੇ ਦਸਤਾਵੇਜ਼ ਜਿਸ ਵਿਚ ਆਰ.ਸੀ., ਪੀ.ਯੂ.ਸੀ., ਇੰਸ਼ੋਰੈਂਸ, ਪਰਮਿਟ, ਵਹੀਕਲ ਫਿਟਨੈੱਸ ਸਰਟੀਫਿਕੇਟ ਤੇ ਡਰਾਈਵਰ ਤੇ ਕੰਡਕਟਰ ਦੇ ਡਰਾਈਵਿੰਗ ਲਾਇਸੰਸ, ਫਿਟਨੈੱਸ ਸਰਟੀਫਿਕੇਟ ਤੇ ਮੈਡੀਕਲ ਰਿਪੋਰਟਾਂ ਹਰ ਸਮੇਂ ਵਾਹਨ ਦੇ ਡਰਾਈਵਰ ਪਾਸ ਮੌਜੂਦ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਇਹ ਮਾਪਦੰਡ ਬੱਸਾਂ ਵਿਚ ਸਕੂਲ ਜਾਂਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਹਨ | ਏ.ਟੀ.ਓ.ਨੇ ਸਕੂਲ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਮੇਂ-ਸਮੇਂ 'ਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਫੀਡ ਬੈਕ ਲਈ ਜਾਵੇ ਕਿ ਉਹ ਸਕੂਲ ਬੱਸਾਂ ਵੱਲੋਂ ਸੁਰੱਖਿਆ ਪੱਖੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ ਜਾਂ ਨਹੀਂ | ਉਨ੍ਹਾਂ ਸਪਸ਼ਟ ਕਿਹਾ ਕਿ ਜਾਂਚ ਦੌਰਾਨ ਜੇਕਰ ਕੋਈ ਖ਼ਾਮੀ ਪਾਈ ਜਾਂਦੀ ਹੈ ਤਾਂ ਇਸ ਲਈ ਸਕੂਲ ਪ੍ਰਬੰਧਕ ਜ਼ਿੰਮੇਵਾਰ ਹੋਣਗੇ | ਏ.ਟੀ.ਓ. ਨੇ ਦੁਹਰਾਇਆ ਕਿ ਪੰਜਾਬ ਸਰਕਾਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਬੱਸਾਂ ਰਾਹੀਂ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਆਈ.ਵੀ.ਵਾਈ. ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਸੰਜੀਵ ਚÏਹਾਨ, ਡਾਇਰੈਕਟਰ ਪ੍ਰਬੰਧ (ਰਿਟਾ.) ਕਰਨਲ ਮਨਜੀਤ ਸਿੰਘ, ਮੁੱਖ ਪ੍ਰਬੰਧ ਅਫ਼ਸਰ ਸਤੀਸ਼ ਕੁਮਾਰ ਭਨੋਟ, ਨਿਰਮਲ ਜੀਤ ਸਿੰਘ ਪਰਮਾਰ, ਟਰਾਂਸਪੋਰਟ ਮੈਨੇਜਰ ਅਰੁਣ ਕੁਮਾਰ ਡੋਗਰਾ, ਸਰਬਜੀਤ ਸਿੰਘ, ਮੁਕਤਾ, ਮੇਜਰ ਰੋਹਨ, ਸਿਰਾਜ਼ ਅਨਵ ਮਿਸ਼ਰਾ ਤੇ ਪਰਮਜੀਤ ਸਿੰਘ ਮੌਜੂਦ ਸਨ |