ਅੱਪਰਾ, 17 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਸਹਿਕਾਰੀ ਸਭਾਵਾਂ ਤੇ ਨਿੱਜੀ ਦੁਕਾਨਾਂ ਆਦਿ 'ਤੇ ਯੂਰੀਆ ਤੇ ਡੀ. ਏ. ਪੀ. ਖਾਦਾਂ ਨਾ ਮਿਲਣ ਕਰਕੇ ਕਿਸਾਨਾਂ ਦਾ ਤਰਾਹ ਨਿਕਲਿਆ ਪਿਆ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਥਾਨਕ ਆਗੂਆਂ ਨੇ ਕੀਤਾ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਸਿੰਘ ਸਹੋਤਾ ਜ਼ਿਲ੍ਹਾ ਮੀਤ ਪ੍ਰਧਾਨ, ਜਸਮੇਰ ਸਿੰਘ ਢੀਂਡਸਾ ਮੋਰੋਂ ਬਲਾਕ ਪ੍ਰਧਾਨ ਫਿਲੌਰ, ਕੁਲਵੀਰ ਸਿੰਘ ਚੀਮਾ ਬਲਾਕ ਪ੍ਰਧਾਨ ਗੁਰਾਇਆ, ਬਿੱਲਾ ਨਰਵਾਣ ਲੋਹਗੜ੍ਹ, ਸੰਦੀਪ ਸਿੰਘ ਕੰਗ ਜਗੀਰ ਤੇ ਕੁਲਵਿੰਦਰ ਸਿੰਘ ਕੰਗ ਜਗੀਰ ਆਦਿ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ 'ਚ ਡੀ. ਏ. ਪੀ ਤੇ ਯੁਰੀਆ ਦੀ ਸਪਲਾਈ ਮਈ ਮਹੀਨੇ ਤੋਂ ਬਾਅਦ ਨਹੀਂ ਆਈ ਜਿਸ ਕਾਰਨ ਕਿਸਾਨ ਖੱਜਲ ਖੁਆਰ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਨਿੱਜੀ ਦੁਕਾਨਦਾਰਾਂ ਤੇ ਆੜ੍ਹਤੀਆਂ ਪਾਸ ਵੀ ਜੋ ਖਾਦਾਂ ਦੀ ਸਪਲਾਈ ਆਉਂਦੀ ਹੈ ਤਾਂ ਉਹ ਪਹਿਲ ਆਪਣੇ ਪੱਕੇ ਗਾਹਕ ਨੂੰ ਦਿੰਦੇ ਹਨ ਪਰ ਫਿਰ ਵੀ ਜਿਸ ਕਿਸਾਨ ਨੂੰ ਖਾਦ ਮਿਲ ਜਾਂਦੀ ਹੈ, ਉਸ ਨੂੰ ਖਾਦ ਦੇ ਮੁਲ ਤੋਂ ਡਿਉਢੇ ਭਾਅ ਦੇ ਤਰਲ ਪਦਾਰਥ ਜੋ ਕਿ ਕਿਸਾਨ ਦੇ ਕਿਸੇ ਕੰਮ ਦੇ ਨਹੀਂ ਹੁੰਦੇ, ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਮਜਬੂਰੀ ਵੱਸ ਕੁੱਝ ਕਿਸਾਨਾਂ ਵਲੋਂ ਗੁਆਢੀ ਸੂਬਿਆਂ ਤੋਂ ਡੀ. ਏ. ਪੀ. ਤੇ ਯੂਰੀਆ ਦਾ ਪ੍ਰਬੰਧ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਜਲਦ ਤੋਂ ਜਲਦ ਡੀ.ਏ.ਪੀ. ਤੇ ਯੂਰੀਆ ਦੀ ਕਿੱਲਤ ਦੇ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਖਾਦਾਂ ਦੀ ਘਾਟ ਦਾ ਠੋਸ ਹੱਲ ਕੱਢੇ ਤੇ ਧੱਕੇ ਨਾਲ ਕਿਸਾਨ ਸਿਰ ਮੜੀਆਂ ਜਾ ਰਹੀਆਂ ਗੈਰ-ਜ਼ਰੂਰੀ ਵਸਤਾਂ 'ਤੇ ਰੋਕ ਲਗਾਵੇ, ਨਹੀਂ ਤਾਂ ਕਿਸਾਨ ਸਖਤ ਕਦਮ ਚੱਕਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ |