ਅੱਪਰਾ, 17 ਜੁਲਾਈ (ਦਲਵਿੰਦਰ ਸਿੰਘ ਅੱਪਰਾ) - ਬੀਤੀ ਸ਼ਾਮ ਅੱਪਰਾ ਲੋਹਗੜ੍ਹ ਸੜਕ 'ਤੇ ਸਥਿਤ ਰਾਧਾ ਸੁਆਮੀ ਸਤਿਸੰਗ ਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਦੇ ਨਜ਼ਦੀਕ ਇੱਕ ਸਾਈਕਲ ਸਵਾਰ ਨੂੰ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ ਲਿਆ | ਪਿੰਡ ਲੋਹਗੜ੍ਹ ਵਾਸੀ ਦੇਸ ਰਾਜ ਪੁੱਤਰ ਬੱਗੋ ਰਾਮ ਨੇ ਦੱਸਿਆ ਕਿ ਉਹ ਘਰਾਂ 'ਚ ਰੰਗ-ਰੋਗਨ ਦਾ ਕੰਮ ਕਰਦਾ ਹੈ ਤੇ ਬੀਤੀ ਸ਼ਾਮ ਕਰੀਬ 4:30 ਵਜੇ ਉਹ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਵਾਸਤੇ ਅੱਪਰੇ ਨੂੰ ਜਾ ਰਿਹਾ ਸੀ ਤਾਂ ਸਤਿਸੰਗ ਘਰ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ | ਉਕਤ ਲੁਟੇਰਿਆਂ ਨੇ ਮੇਰਾ ਮੁਬਾਈਲ ਤੇ ਤਿੰਨ ਹਜ਼ਾਰ ਨਗਦ ਖੋਹ ਲਈ | ਦੇਸ ਰਾਜ ਨੇ ਪਿੰਡ ਦੇ ਮੋਹਤਵਰਾਂ ਨੂੰ ਆਪਣੇ ਨਾਲ ਲੈ ਕੇ ਪੁਲਿਸ ਚੌਕੀ ਅੱਪਰਾ ਵਿਖੇ ਇਸ ਘਟਨਾ ਦੀ ਇਤਲਾਹ ਦੇ ਦਿੱਤੀ ਹੈ ਤੇ ਸ਼ੱਕੀਆਂ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਕਿਸਾਨ ਆਗੂ ਬਿੱਲਾ ਨਿਰਵਾਣ ਨੇ ਦੱਸਿਆ ਅੱਪਰਾ-ਲੋਹਗੜ੍ਹ ਸੜਕ ਲੁੱਟ ਖੋਹ ਕਰਨ ਵਾਲਿਆਂ ਦੀ ਚਹੇਤੀ ਸੜਕ ਬਣੀ ਹੋਈ ਹੈ | ਬੀਤੇ ਦਿਨਾਂ 'ਚ ਬਹੁਤ ਸਾਰੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਸੜਕ 'ਤੇ ਹੋ ਚੁਕੀਆਂ ਹਨ ਜਿਨ੍ਹਾਂ 'ਚ ਇੱਕ ਲੜਕੀ ਦੀਆਂ ਵਾਲੀਆਂ ਝਪਟ ਲਈਆਂ ਗਈਆਂ ਤੇ ਕਈ ਵਾਰ ਰਾਹਗੀਰਾਂ ਪਾਸੋਂ ਦੋ ਸੌ ਤੋਂ ਪੰਜ ਕੁ ਸੌ ਰੁਪਏ ਦੀ ਖੋਹ ਕੀਤੀ ਹੈ ਤੇ ਪੀੜਤ ਲੁਟੇਰਿਆਂ ਦੇ ਭੈਅ ਕਾਰਨ ਤੇ ਘੱਟ ਨੁਕਸਾਨ ਦੀ ਵਜਾਹ ਕਾਰਨ ਪੁਲਿਸ ਚੌਕੀ ਤੱਕ ਪਹੁੰਚ ਵੀ ਨਹੀਂ ਕਰਦੇ | ਬਜ਼ੁਰਗ ਕੇਹਰ ਸਿੰਘ ਢੀਂਡਸਾ ਵਾਸੀ ਲੋਹਗੜ੍ਹ ਨੇ ਦੱਸਿਆ ਕਿ ਬੀਤੇ ਦਿਨੀਂ ਮੋਟਰ ਸਾਈਕਲ ਸਵਾਰ ਨੇ ਉਨ੍ਹਾਂ ਪਾਸੋਂ ਵੀ ਇੱਕ ਹਜ਼ਾਰ ਰੁਪਏ ਦੀ ਨਗਦੀ ਇਸੇ ਸੜਕ 'ਤੇ ਹੀ ਖੋਹ ਲਈ ਸੀ ਤੇ ਲੁਟੇਰਿਆਂ ਪਾਸ ਕਰੀਬ ਢਾਈ ਫੁੱਟ ਲੰਬਾ ਦਾਤਰ ਸੀ | ਇਸ ਵਾਰਦਾਤ ਦੀ ਇਤਲਾਹ ਵੀ ਪੁਲਿਸ ਚੌਕੀ ਅੱਪਰਾ ਵਿਖੇ ਦੇ ਦਿੱਤੀ ਗਈ ਸੀ |