ਨਕੋਦਰ, 17 ਜੁਲਾਈ (ਗੁਰਵਿੰਦਰ ਸਿੰਘ)- ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਸਬ ਡਿਵੀਜ਼ਨਲ ਹਸਪਤਾਲ (ਐਸ.ਡੀ.ਐਚ.) ਨਕੋਦਰ ਵਿਖੇ ਵਿਸ਼ਵ ਆਬਾਦੀ ਦਿਵਸ ਸੰਬੰਧੀ ਲਗਾਏ ਜਾ ਰਹੇ ਵਿਸ਼ੇਸ਼ ਪਰਿਵਾਰ ਨਿਯੋਜਨ ਕੈਂਪ ਦਾ ਜਾਇਜ਼ਾ ਲਿਆ ਗਿਆ | ਕੈਂਪ ਦੌਰਾਨ 29 ਯੋਗ ਜੋੜਿਆਂ ਵੱਲੋਂ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਦਾ ਲਾਭ ਲਿਆ ਗਿਆ | ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਮਰੀਜਾਂ ਨਾਲ ਮੌਕੇ 'ਤੇ ਹੀ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਹਾਲ ਪੁੱਛਿਆ | ਸਿਵਲ ਸਰਜਨ ਵੱਲੋਂ ਐਸ.ਡੀ.ਐਚ. ਨਕੋਦਰ ਵਿਖੇ ਵੱਖ-ਵੱਖ ਵਾਰਡਾਂ ਤੇ ਐਮ.ਸੀ.ਐਚ. ਸੈਂਟਰ ਦਾ ਦੌਰਾ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀ ਸਿਹਤ ਸਹੂਲਤਾਂ ਤੇ ਸਫ਼ਾਈ ਵਿਵਸਥਾ ਦਾ ਵੀ ਜਾਇਜ਼ਾ ਲਿਆ | ਇਸਦੇ ਨਾਲ ਹੀ ਉਨ੍ਹਾਂ ਨੇ ਓ.ਆਰ.ਐਸ. ਕੋਰਨਰ ਵਿਖੇ ਲੋਕਾਂ ਨੂੰ ਦਸਤ ਰੋਕੂ ਮੁਹਿੰਮ ਬਾਰੇ ਜਾਣਕਾਰੀ ਦਿੱਤੀ | ਐਸ.ਡੀ.ਐਚ. ਨਕੋਦਰ ਵਿਖੇ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਐਸ.ਡੀ.ਐਚ. ਨਕੋਦਰ ਡਾ. ਸੰਦੀਪ ਧਵਨ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਪਰਿਵਾਰ ਨਿਯੋਜਨ ਲਈ ਹਰ ਤਰ੍ਹਾਂ ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ | ਇਸ ਮੌਕੇ ਬੀ.ਈ.ਈ. ਹਿਮਾਲਿਆ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ |