ਲੋਹੀਆਂ ਖਾਸ, 17 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਪੰਜਾਬ ਭਰ ਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ 'ਤੇ 17 ਜੁਲਾਈ ਨੂੰ ਕਾਲੇ ਦਿਵਸ ਵੱਜੋਂ ਮਨਾਇਆ ਗਿਆ | ਲੋਹੀਆਂ ਖਾਸ ਦੇ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਕਾਲੇ ਬਿੱਲੇ, ਕਾਲੇ ਰਿਬਨ ਬੰਨ੍ਹ ਕੇ ਤੇ ਅਧੂਰੇ ਪੇਅ ਸਕੇਲ ਦੀਆਂ ਕਾਪੀਆਂ ਨੂੰ ਸਾੜ ਕੇ ਮਨਾਇਆ ਗਿਆ | ਫਰੰਟ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁਲਾਜ਼ਮਾਂ ਦੇ ਪੰਜਾਬ ਪੇਅ ਸਕੇਲ ਬਹਾਲ ਨਹੀਂ ਹੁੰਦੇ ਤਾਂ ਇਸ ਦਾ ਆਉਣ ਵਾਲੀਆਂ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਨੁਕਸਾਨ ਹੋਵੇਗਾ | ਆਗੂਆਂ ਨੇ ਕਿਹਾ ਕਿ ਦਿੜਬਾਂ 'ਚ 27 ਜੁਲਾਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਐਕਸ਼ਨ ਤੋਂ ਬਾਅਦ ਅਗਸਤ ਵਿੱਚ ਸੂਬਾ ਪੱਧਰੀ ਰੈਲੀ ਵੀ ਕੀਤੀ ਜਾਵੇਗੀ | ਇਸ ਸਮੇਂ ਡੀ.ਟੀ.ਐੱਫ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਜੋਸਨ ਤੇ 6635 ਤੋਂ ਵੰਸ਼ ਕੁੱਕੜ, ਅਰਸ਼ਦੀਪ ਸਿੰਘ, ਸੁਰੇਂਦਰ ਕੁਮਾਰ, ਜਿਤੇਂਦਰ, ਕਰਨ ਗਾਵੜੀ, ਸਾਹਿਲ ਕੁਮਾਰ, ਮੈਡਮ ਰਿਆ, ਮੈਡਮ ਸ਼ਿਲਪਾ ਤੇ ਮੈਡਮ ਜੀਨਤ ਰਾਣੀ ਸਮੇਤ ਹੋਰ ਸਾਥੀ ਹਾਜ਼ਰ ਸਨ |