ਜਲੰਧਰ, 17 ਜੁਲਾਈ (ਚੰਦੀਪ ਭੱਲਾ)- ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ 'ਤੇ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਬੂਥ ਲੈਵਲ ਅਫ਼ਸਰਾਂ ਨੂੰ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਸੰਬੰਧੀ ਦਿੱਤੀ ਜਾ ਰਹੀ ਟਰੇਨਿੰਗ ਖਤਮ ਹੋ ਗਈ | ਟਰੇਨਿੰਗ ਸੈਸ਼ਨ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-036 ਜਲੰਧਰ ਉੱਤਰੀ-ਕਮ-ਵਧੀਕ ਮੁੱਖ ਪ੍ਰਸ਼ਾਸਕ, ਜੇ.ਡੀ.ਏ. ਜਲੰਧਰ ਦਰਬਾਰਾ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਹਲਕੇ ਨਾਲ ਸਬੰਧਿਤ ਸਮੂਹ ਬੀ.ਐਲ.ਓਜ ਨੂੰ 4 ਬੈਚਾਂ ਵਿਚ ਵੰਡ ਕੇ ਸਿਖਲਾਈ ਪ੍ਰਦਾਨ ਕੀਤੀ ਗਈ ਹੈ | ਅਖੀਰ ਵਿਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਬੀ.ਐਲ.ਓਜ ਨੂੰ ਪਾਰਟੀਸਿਪੇਸ਼ਨ ਪੱਤਰ ਵੀ ਦਿੱਤੇ ਗਏ | ਇਸ ਮੌਕੇ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀਜ਼ ਜਲੰਧਰ ਗੁਰਵਿੰਦਰਜੀਤ ਸਿੰਘ, ਚੋਣ ਸਟਾਫ਼, ਚੌਥੇ ਬੈਚ ਨਾਲ ਸਬੰਧਿਤ ਸੁਪਰਵਾਈਜ਼ਰ ਤੇ ਬੀ.ਐਲ.ਓਜ ਵੀ ਮੌਜੂਦ ਸਨ |