ਜਲੰਧਰ, 17 ਜੁਲਾਈ (ਜਸਪਾਲ ਸਿੰਘ)- ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਹੈ ਕਿ ਧਰਨਾ ਦੇਣਾ ਹਰ ਇਕ ਪਾਰਟੀ ਦਾ ਹੱਕ ਹੈ ਪਰ ਕਿਸੇ ਦੇ ਦਫ਼ਤਰ ਅੰਦਰ ਧੱਕੇ ਨਾਲ ਦਾਖ਼ਲ ਹੋਣਾ ਬਹੁਤ ਹੀ ਗਲਤ ਤੇ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਧਰਨੇ ਦੌਰਾਨ ਕਾਂਗਰਸ ਭਵਨ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਉਹ ਬਹੁਤ ਨਿੰਦਣਯੋਗ ਹੈ ਤੇ ਅਜਿਹੀ ਘਿਨਾਉਣੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਧਰਨਾ ਦੇ ਰਹੇ ਅਕਾਲੀ ਆਗੂਆਂ ਵਲੋਂ ਕਾਂਗਰਸ ਭਵਨ ਦਾ ਮੇਨ ਗੇਟ ਵੀ ਧੱਕੇ ਮਾਰ ਕੇ ਤੋੜਿਆ ਗਿਆ ਹੈ | ਬੇਰੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨੇ ਚਾਹੀਦੇ ਸੀ ਪਰ ਅਜਿਹਾ ਨਹੀਂ ਕੀਤਾ ਗਿਆ |