ਮਲਸੀਆਂ/ਸ਼ਾਹਕੋਟ, 17 ਜੁਲਾਈ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ )- ਮਲਸੀਆਂ-ਨਕੋਦਰ ਨੈਸ਼ਨਲ ਹਾਈਵੇਅ 'ਤੇ ਅੱਜ ਦੁਪਹਿਰ 3:30 ਵਜੇ ਫਾਰਚੂਨਰ ਗੱਡੀ ਵਲੋਂ ਛੋਟੇ ਹਾਥੀ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਛੋਟੇ ਹਾਥੀ 'ਚ ਸਵਾਰ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਵਿਚ ਔਰਤਾਂ ਸਮੇਤ 9 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਈਵਾਲ ਦੋਨਾ ਦੇ 18-20 ਵਿਅਕਤੀ ਛੋਟੇ ਹਾਥੀ 'ਚ ਸਵਾਰ ਹੋ ਕੇ ਪਿੰਡ ਭੋਡੀਪੁਰ 'ਚ ਇਕ ਅੰਤਿਮ ਸਸਕਾਰ ਤੋਂ ਵਾਪਸ ਆਪਣੇ ਪਿੰਡ ਰਾਈਵਾਲ ਦੋਨਾ ਆ ਰਹੇ ਸਨ | ਇਸ ਛੋਟੇ ਹਾਥੀ ਨੂੰ ਜਤਿੰਦਰ ਕੁਮਾਰ ਪੁੱਤਰ ਸਾਧੂ ਰਾਮ ਵਾਸੀ ਪਿੰਡ ਰਾਈਵਾਲ ਦੋਨਾ ਚਲਾ ਰਿਹਾ ਸੀ | ਜਦ ਇਹ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇਅ 'ਤੇ ਖਹਿਰਾ ਫਾਰਮ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਨਕੋਦਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਨੇ ਛੋਟੇ ਹਾਥੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਗੱਡੀ ਚਾਲਕ ਮੌਕੇ 'ਤੇ ਫ਼ਰਾਰ ਹੋ ਗਏ | ਇਸ ਵਾਪਰੇ ਸੜਕ ਹਾਦਸੇ 'ਚ ਛੋਟੇ ਸਾਥੀ 'ਚ ਸਵਾਰ ਰਾਜਵਿੰਦਰ ਕੌਰ ਪਤਨੀ ਰੇਸ਼ਮ ਸਿੰਘ (50) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਮਿੰਦੋ ਪਤਨੀ ਚਰਨ, ਪਰਮਜੀਤ ਕੌਰ ਪਤਨੀ ਬਲਦੇਵ ਸਿੰਘ, ਰਾਜਵਿੰਦਰ ਕੌਰ ਪਤਨੀ ਰੇਸ਼ਮ ਸਿੰਘ, ਭਜਨ ਕੌਰ ਪਤਨੀ ਮਲਕੀਤ ਸਿੰਘ, ਰੂਪ ਲਾਲ ਪੁੱਤਰ ਚਰਨ ਸਿੰਘ, ਰਵੀ ਪੁੱਤਰ ਕੇਵਲ ਸਿੰਘ, ਭਜਨੋ ਪਤਨੀ ਦਰਸ਼ਨ ਸਿੰਘ, ਬਲਵੀਰ ਕੌਰ ਪਤਨੀ ਕੁਲਵੀਰ ਸਿੰਘ, ਜਗੀਰੋ ਪਤਨੀ ਪਿਆਰਾ ਸਿੰਘ ਜ਼ਖ਼ਮੀ ਹੋ ਗਏ | ਸਾਰੇ ਜ਼ਖ਼ਮੀਆਂ ਨੂੰ ਛੋਟੇ ਹਾਥੀ ਦੇ ਡਰਾਈਵਰ ਵਲੋਂ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾ: ਰਾਜਵੀ ਪਰੋਹਿਤ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਨਕੋਦਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ | ਵਾਪਰੇ ਹਾਦਸੇ ਦਾ ਪਤਾ ਲੱਗਣ 'ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਕਾਂਸਟੇਬਲ ਮਨਪ੍ਰੀਤ ਸਿੰਘ ਤੇ ਕਾਂਸਟੇਬਲ ਗੁਰਦੀਪ ਸਿੰਘ ਸਰਕਾਰੀ ਹਸਪਤਾਲ ਪਹੁੰਚੇ, ਜਿਨ੍ਹਾਂ ਵਾਪਰੇ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ |