ਜਲੰਧਰ, 17 ਜੁਲਾਈ (ਸ਼ਿਵ)- ਲੋਕਾਂ ਦੀਆਂ ਲਗਾਤਾਰ ਹੋ ਰਹੀ ਖੱਜਲ ਖ਼ੁਆਰੀ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਡਰਾਈਵਿੰਗ ਟਰੈਕ 'ਤੇ ਜਾ ਕੇ ਨਾ ਸਿਰਫ਼ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਸਗੋਂ ਉਨ੍ਹਾਂ ਨੇ ਸਬੰਧਿਤ ਅਫ਼ਸਰਾਂ ਨੂੰ ਵੀ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਦੇ ਤੌਰ 'ਤੇ ਹੱਲ ਕਰਵਾਉਣ ਦੀ ਮੰਗ ਕੀਤੀ | ਦੱਸਿਆ ਜਾਂਦਾ ਹੈ ਕਿ ਅੱਜ ਕੈਬਨਿਟ ਮੰਤਰੀ ਕਿਸੇ ਕੰਮ ਲਈ ਤਹਿਸੀਲ ਕੰਪਲੈਕਸ ਵੀ ਗਏ ਸਨ ਤਾਂ ਉਨ੍ਹਾਂ ਕੋਲ ਡਰਾਈਵਿੰਗ ਟਰੈਕ ਬਾਰੇ ਸ਼ਿਕਾਇਤਾਂ ਮਿਲੀਆਂ ਕਿ ਉੱਥੇ ਲੋਕਾਂ ਦੇ ਕੰਮ ਨਹੀਂ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਪੇ੍ਰਸ਼ਾਨ ਹੋਣਾ ਪੈ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਦੁਪਹਿਰ ਬਾਅਦ ਜਦੋਂ ਮਹਿੰਦਰ ਭਗਤ ਟਰੈਕ 'ਤੇ ਪੁੱਜੇ ਤਾਂ ਲਾਈਨਾਂ 'ਚ ਲੱਗੇ ਕੰਮ ਕਰਵਾਉਣ ਲਈ ਆਏ ਲੋਕਾਂ ਨੇ ਦੱਸਿਆ ਕਿ ਉਹ ਜਦੋਂ ਲਾਈਨਾਂ 'ਚ ਲੱਗੇ ਹੁੰਦੇ ਹਨ ਤਾਂ ਕਈ ਵਾਰ ਸਰਵਰ ਬੰਦ ਹੋਣ ਦੀ ਗੱਲ ਕਹਿ ਕੇ ਕੰਮ ਬੰਦ ਕਰ ਦਿੱਤੇ ਜਾਂਦੇ ਹਨ ਜਦਕਿ ਉਹ ਦੂਰੋਂ ਆਉਂਦੇ ਹਨ ਤਾਂ ਉਨ੍ਹਾਂ ਨੂੰ ਪੇ੍ਰਸ਼ਾਨ ਹੋਣਾ ਪੈਂਦਾ ਹੈ ਤੇ ਕੰਮ ਕਰਵਾਉਣ ਲਈ ਦੁਬਾਰਾ ਲਾਈਨਾਂ 'ਚ ਲੱਗਣਾ ਪੈਂਦਾ ਹੈ | ਲੋਕਾਂ ਨੇ ਇਹ ਮਸਲਾ ਹੱਲ ਕਰਵਾਉਣ ਦੀ ਮੰਗ ਕੀਤੀ | ਮਹਿੰਦਰ ਭਗਤ ਨੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਇਸ ਬਾਰੇ ਡਰਾਈਵਿੰਗ ਟਰੈਕ ਦੀ ਮਾੜੀ ਕਾਰਗੁਜ਼ਾਰੀ ਬਾਰੇ ਸ਼ਿਕਾਇਤਾਂ ਕੀਤੀਆਂ | ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਗਰਮੀ ਵਿਚ ਖੜ੍ਹਾ ਰਹਿਣਾ ਪੈਂਦਾ ਹੈ ਤੇ ਇੱਥੇ ਕੋਈ ਸਹੂਲਤ ਨਹੀਂ ਹੈ | ਇਸ ਮੌਕੇ ਮਹਿੰਦਰ ਭਗਤ ਨੇ ਮੌਕੇ 'ਤੇ ਹੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਫ਼ੋਨ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ | ਉਨ੍ਹਾਂ ਨੇ ਇਸ ਬਾਰੇ ਟੋਕਨ ਸਿਸਟਮ ਤੇ ਹੋਰ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਵੀ ਸਲਾਹ ਦਿੱਤੀ | ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮਹਿੰਦਰ ਭਗਤ ਨੂੰ ਭਰੋਸਾ ਦਿੱਤਾ ਕਿ ਜਿਹੜੇ ਲੋਕ ਲਾਈਨਾਂ 'ਚ ਲੱਗੇ ਹੁੰਦੇ ਹਨ ਤਾਂ ਸਰਵਰ ਬੰਦ ਹੁੰਦਾ ਹੈ ਤਾਂ ਉਨ੍ਹਾਂ ਨੂੰ ਟੋਕਨ ਦਿੱਤੇ ਜਾਣਗੇ | ਉਹ ਟੋਕਨ ਨਾਲ ਪਹਿਲ ਦੇ ਆਧਾਰ 'ਤੇ ਆਪਣੇ ਕੰਮ ਕਰਵਾਉਣ ਤੇ ਇਸ ਤੋਂ ਇਲਾਵਾ ਕੰਪਿਊਟਰ ਆਪ੍ਰੇਟਰਾਂ ਦੀ ਵੀ ਭਰਤੀ ਕੀਤੀ ਜਾਵੇਗੀ |