ਸਵੱਛ ਸਰਵੇਖਣ 'ਚ ਜਲੰਧਰ ਦੀ ਦਰਜਾਬੰਦੀ 'ਚ ਹੋਇਆ ਸੁਧਾਰ, 82ਵੇਂ ਸਥਾਨ 'ਤੇ ਪਹੁੰਚਿਆ
ਅਜੀਤ ਡੈਸਕ
18-07-2025
ਨਿਗਮ ਦੀ ਹੈਲਥ ਬਰਾਂਚ ਨੇ ਦੱਸਿਆ ਕਿ ਦਰਜਾਬੰਦੀ ਵਿਚ ਇਸ ਕਰ ਕੇ ਵੀ ਸੁਧਾਰ ਹੋਇਆ ਹੈ ਕਿਉਂਕਿ ਨਿਗਮ ਵੱਲੋਂ ਕਈ ਛੋਟੇ-ਛੋਟੇ ਡੰਪ ਖ਼ਤਮ ਕਰਨ ਤੋਂ ਇਲਾਵਾ ਪਿੱਟ ਖਾਦ ਪ੍ਰਾਜੈਕਟ ਚਲਾਏ ਗਏ ਹਨ | ਹੈਲਥ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਸੀ ਕਿ ਨਿਗਮ ਵੱਲੋਂ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਵਨੀਤ ਧੀਰ ਦੀ ਅਗਵਾਈ ਵਿਚ ਸੁਧਾਰ ਲਈ ਕਈ ਕੰਮ ਕੀਤੇ ਜਾ ਰਹੇ ਹਨ | ਮਾਡਲ ਟਾਊਨ ਡੰਪ, ਚੁਗਿੱਟੀ ਡੰਪ ਤੋਂ ਇਲਾਵਾ ਹੋਰ ਵੀ ਛੋਟੇ ਡੰਪ ਬੰਦ ਕਰਨ ਕਰ ਕੇ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਟਰੀਟਮੈਂਟ ਪਲਾਂਟ ਕਾਫ਼ੀ ਹੱਦ ਤੱਕ ਪਾਣੀ ਸਾਫ਼ ਕਰ ਰਹੇ ਹਨ | ਕੇਂਦਰੀ ਏਜੰਸੀ ਵੱਲੋਂ ਬਕਾਇਦਾ ਲੋਕਾਂ ਨੂੰ ਸਿੱਧੇ ਹੀ ਫ਼ੋਨ ਕਰ ਕੇ ਸ਼ਹਿਰ ਵਿਚ ਸਹੂਲਤਾਂ ਬਾਰੇ ਜਾਣਕਾਰੀ ਲਈ ਜਾਂਦੀ ਹੈ ਤਾਂ ਉਸ ਆਧਾਰ 'ਤੇ ਹੀ ਸਰਵੇਖਣ ਦੇ ਨਤੀਜੇ ਕੱਢੇ ਜਾਂਦੇ ਹਨ |