ਨਵੀਂ ਦਿੱਲੀ, 20 ਨਵੰਬਰ (ਮਿਸਰਦੀਪ ਭਾਟੀਆ)-ਬਾਲ ਮਜ਼ਦੂਰੀ ਅਤੇ ਤਸਕਰੀ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦੇ ਹੋਏ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੁਲਿਸ ਅਤੇ ਗ਼ੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਵਲੰਟਰੀ ਐਕਸ਼ਨ (ਏ.ਵੀ.ਏ.) ਨੇ ਸਾਂਝੇ ਤੌਰ 'ਤੇ ਰਾਏਪੁਰ ਦੀ ਇਕ ਮਸ਼ਰੂਮ ਪ੍ਰੋਸੈਸਿੰਗ ਯੂਨਿਟ 'ਤੇ ਛਾਪਾ ਮਾਰ ਕੇ 120 ਬੱਚਿਆਂ ਨੂੰ ਮੁਕਤ ਕਰਵਾਇਆ | ਚਾਰ ਘੰਟੇ ਤੱਕ ਚੱਲੀ ਇਸ ਕਾਰਵਾਈ ਵਿਚ 14 ਤੋਂ 17 ਸਾਲ ਦੀ ਉਮਰ ਦੀਆਂ 80 ਲੜਕੀਆਂ ਅਤੇ 40 ਲੜਕਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾਇਆ, ਜਿਥੇ ਉਨ੍ਹਾਂ ਨੂੰ ਬਹੁਤ ਅਣਮਨੁੱਖੀ ਹਾਲਾਤ ਵਿਚ ਰੱਖਿਆ ਜਾਂਦਾ ਸੀ ਅਤੇ ਕੰਮ ਕਰਾਇਆ ਜਾਂਦਾ ਸੀ | ਇਹ ਬੱਚੇ ਮੁੱਖ ਤੌਰ 'ਤੇ ਬੰਗਾਲ, ਓਡੀਸ਼ਾ, ਮੱਧ ਪ੍ਰਦੇਸ਼, ਝਾਰਖੰਡ ਅਤੇ ਅਸਾਮ ਦੇ ਆਦਿਵਾਸੀ ਖੇਤਰਾਂ ਤੋਂ ਸਨ | ਸਥਾਨਕ ਏਜੰਟ ਇਨ੍ਹਾਂ ਬੱਚਿਆਂ ਨੂੰ ਤਸਕਰੀ ਕਰਕੇ ਉਨ੍ਹਾਂ ਦੇ ਗ੍ਰਹਿ ਰਾਜਾਂ ਤੋਂ ਲਿਆਏ ਸਨ ਅਤੇ ਇਥੇ ਕੰਮ 'ਤੇ ਲਗਾ ਦਿੱਤਾ ਸੀ | ਇਨ੍ਹਾਂ ਵਿਚੋਂ ਕੁਝ ਬੱਚੇ ਹੁਣ 17 ਸਾਲ ਦੇ ਹਨ, ਉਨ੍ਹਾਂ ਨੂੰ 6 ਸਾਲ ਪਹਿਲਾਂ ਇਥੇ ਲਿਆਂਦਾ ਗਿਆ ਸੀ | ਉਦੋਂ ਤੋਂ ਇਥੇ ਉਨ੍ਹਾਂ ਨੂੰ ਕੈਦ ਵਰਗੀ ਹਾਲਤ ਵਿਚ ਰੱਖਿਆ ਜਾ ਰਿਹਾ ਸੀ | ਐਸੋਸੀਏਸ਼ਨ ਫਾਰ ਵਲੰਟਰੀ ਐਕਸ਼ਨ (ਏ.ਵੀ.ਏ.) ਨੇ ਇਸ ਮਸ਼ਰੂਮ ਫੈਕਟਰੀ ਵਿਚ ਲਗਭਗ ਬੰਧੂਆ ਮਜ਼ਦੂਰਾਂ ਵਾਂਗ ਰਹਿ ਰਹੇ ਇਨ੍ਹਾਂ ਬੱਚਿਆਂ ਨਾਲ ਬੇਹੱਦ ਅਣਮਨੁੱਖੀ ਅਤੇ ਸ਼ੋਸ਼ਣਕਾਰੀ ਸਥਿਤੀ ਵਿਚ ਕੰਮ ਕਰਨ ਦੀ ਬਾਬਤ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ | ਏ.ਵੀ.ਏ. ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਨ੍ਹਾਂ ਦੇ ਆਉਣ-ਜਾਣ 'ਤੇ ਪਾਬੰਦੀ ਹੈ ਅਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਡਰਾ-ਧਮਕਾ ਕੇ ਰੱਖਿਆ ਜਾਂਦਾ ਹੈ ਜੋ ਮਨੁੱਖੀ ਤਸਕਰੀ ਅਤੇ ਬੰਧੂਆ ਮਜ਼ਦੂਰੀ ਦੇ ਬਰਾਬਰ ਹੈ | ਮੁਕਤ ਕਰਾਏ ਗਏ ਬੱਚਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਫੈਕਟਰੀ ਵਿਚ ਬਣੇ ਹੋਏ ਛੋਟੇ ਅਤੇ ਹਨੇਰੇ ਕਮਰਿਆਂ ਵਿਚ ਰੱਖਿਆ ਜਾਂਦਾ ਸੀ | ਉਨ੍ਹਾਂ ਕੋਲੋਂ 12-15 ਘੰਟੇ ਕੰਮ ਕਰਾਇਆ ਜਾਂਦਾ ਸੀ ਅਤੇ ਰਾਤ ਨੂੰ ਸ਼ਾਇਦ ਹੀ ਕਦੀ ਖਾਣਾ ਦਿੱਤਾ ਜਾਂਦਾ ਸੀ | ਪੱਤਰ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਸ਼ਟਰੀ ਮਨੱੁਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਿ੍ਯਾਂਕ ਕਾਨੰੂਨਗੋ ਨੇ ਰਾਏਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਸੂਚਿਤ ਕੀਤਾ | ਉਨ੍ਹਾਂ ਨੇ ਡੀ.ਐਸ.ਪੀ. ਨੰਦਿਨੀ ਠਾਕੁਰ ਦੀ ਅਗਵਾਈ ਹੇਠ ਇਕ ਟੀਮ ਬਣਾ ਕੇ ਤੁਰੰਤ ਛਾਪੇ ਦੀ ਕਾਰਵਾਈ ਕੀਤੀ | ਬੱਚਿਆਂ ਨੂੰ ਤੁਰੰਤ ਸੁਰੱਖਿਆ ਵਿਚ ਲੈਂਦੇ ਹੋਏ ਉਨ੍ਹਾਂ ਦੀ ਕੌਂਸਲਿੰਗ ਕੀਤੀ ਗਈ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ | ਇਸ ਕਾਰਵਾਈ ਦੀ ਪ੍ਰਸੰਸਾ ਕਰਦੇ ਹੋਏ ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿਭੂ ਅਤੇ ਐਸੋਸੀਏਸ਼ਨ ਫਾਰ ਵਲੰਟਰੀ ਐਕਸ਼ਨ ਦੇ ਸੀਨੀਅਰ ਡਾਇਰੈਕਟਰ ਮਨੀਸ਼ ਸ਼ਰਮਾ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਿ੍ਯਾਂਕ ਕਾਨੰੂਨਗੋ, ਛੱਤੀਸਗੜ੍ਹ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਸੰਜੇ ਨਿਰਾਲਾ ਅਤੇ ਰਾਏਪੁਰ ਦੀ ਮਨੁੱਖੀ ਤਸਕਰੀ ਵਿਰੋਧੀ ਇਕਾਈ ਦੀ ਮੁਖੀ ਡੀ.ਐਸ.ਪੀ. ਨੰਦਿਨੀ ਠਾਕੁਰ ਦੀ ਤੁਰੰਤ ਕਾਰਵਾਈ ਕਰਨ ਲਈ ਪ੍ਰਸੰਸਾ ਕੀਤੀ |