ਨਵੀਂ ਦਿੱਲੀ, 20 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਸੇਂਟ ਕੋਲੰਬਸ ਸਕੂਲ ਵਿਚ ਪੜ੍ਹਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀ ਸ਼ੌਰਿਆ ਪ੍ਰਦੀਪ ਪਾਟਿਲ ਨੇ ਅਧਿਆਪਕਾਂ ਦੁਆਰਾ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤੇ ਜਾਣ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ | ਹੁਣ ਦਿੱਲੀ ਵਿਚ ਸ਼ੌਰਿਆ ਨੂੰ ਇਨਸਾਫ਼ ਦਿਵਾਉਣ ਲਈ ਲੋਕ ਕੈਂਡਲ ਮਾਰਚ ਕੱਢ ਰਹੇ ਹਨ ਅਤੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ | ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਖਾਨਾਪੁਰ ਤਾਲਿਕਾ ਦੇ ਧਵਲਸ਼ਵਰ ਪਿੰਡ ਦੇ ਰਹਿਣ ਵਾਲੇ ਇਸ 16 ਸਾਲ ਦੇ ਵਿਦਿਆਰਥੀ ਨੇ ਮੰਗਲਵਾਰ 18 ਨਵੰਬਰ ਨੂੰ ਦਿੱਲੀ ਦੇ ਰਾਜੇਂਦਰ ਪਲੇਸ ਮੈਟਰੋ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ਤੋਂ ਛਾਲ ਮਾਰ ਦਿੱਤੀ | ਇਕ ਰਾਹਗੀਰ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖਿਆ ਅਤੇ ਪੁਲਿਸ ਅਤੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਪਰ ਹਸਪਤਾਲ ਲੈ ਜਾਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ | ਸ਼ੌਰਿਆ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸ ਦਾ ਬੇਟਾ ਮਹੀਨਿਆਂ ਤੋਂ ਸਕੂਲ ਵਿਚ ਉਸ ਦੇ ਨਾਲ ਹੋ ਰਹੇ ਸਲੂਕ ਨਾਲ ਜੂਝ ਰਿਹਾ ਸੀ | ਪਿਤਾ ਨੇ ਕਿਹਾ ਕਿ ਉਹ ਮੈਨੂੰ ਅਤੇ ਮੇਰੀ ਪਤਨੀ ਨੂੰ ਦੱਸਦਾ ਸੀ ਕਿ ਟੀਚਰ ਉਸ ਨੂੰ ਛੋਟੀ-ਛੋਟੀ ਗੱਲ 'ਤੇ ਝਿੜਕਦੇ ਸਨ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੇ ਸਨ | ਅਸੀਂ ਕਈ ਵਾਰ ਜ਼ੁਬਾਨੀ ਸ਼ਿਕਾਇਤ ਕੀਤੀ ਪਰ ਉਨ੍ਹਾਂ ਨੇ ਇਕ ਨਹੀਂ ਸੁਣੀ | ਉਨ੍ਹਾਂ ਨੇ ਅੱਗੇ ਕਿਹਾ ਕਿ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਨਜ਼ਦੀਕ ਆਉਣ ਦੇ ਕਾਰਨ ਉਨ੍ਹਾਂ ਨੇ ਸਕੂਲ ਬਦਲਣ ਤੋਂ ਪ੍ਰਹੇਜ਼ ਕੀਤਾ | ਪਿਤਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਲੜਕੇ ਨੂੰ ਭਰੋਸਾ ਦਿੱਤਾ ਸੀ ਕਿ ਪ੍ਰੀਖਿਆਵਾਂ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਕਿਸੇ ਹੋਰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਜਾਵੇਗਾ | ਸ਼ੌਰਿਆ ਦੇ ਬੈਗ ਵਿਚੋਂ ਪੁਲਿਸ ਨੂੰ ਡੇਢ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ | ਉਸ ਵਿਚ ਉਸ ਨੇ ਅਧਿਆਪਕਾਂ ਅਤੇ ਸਕੂਲ ਪ੍ਰਬੰਧਨ 'ਤੇ ਗੰਭੀਰ ਦੋਸ਼ ਲਗਾਏ | ਉਸ ਨੇ ਲਿਖਿਆ ਕਿ ਸਕੂਲ ਵਾਲਿਆਂ ਨੇ ਇੰਨਾ ਬੋਲਿਆ ਕਿ ਮੈਨੂੰ ਇਹ ਕਰਨਾ ਪਿਆ | ਸਕੂਲ ਦੇ ਅਧਿਆਪਕ ਹੈ ਹੀ ਅਜਿਹੇ ਹਨ, ਕੀ ਕਹਾਂ | ਨੋਟ ਵਿਚ ਉਸ ਨੇ ਆਪਣੇ ਮਾਤਾ-ਪਿਤਾ ਅਤੇ ਭਰਾ ਤੋਂ ਮਾਫ਼ੀ ਮੰਗੀ ਹੈ | ਉਸ ਨੇ ਲਿਖਿਆ ਕਿ ਮੇਰੇ ਮਾਪਿਆਂ ਨੇ ਬਹੁਤ ਕੁਝ ਕੀਤਾ | ਮੈਨੂੰ ਮੁਆਫ ਕਰਨਾ, ਮੈਂ ਉਨ੍ਹਾਂ ਨੂੰ ਕੁਝ ਨਹੀਂ ਦੇ ਸਕਿਆ | ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਮੇਰੇ ਅੰਗਦਾਨ ਕਰ ਦੇਣਾ | ਸੁਸਾਈਡ ਨੋਟ ਵਿਚ ਲੱਗੇ ਦੋਸ਼ਾਂ ਦੇ ਆਧਾਰ 'ਤੇ ਪੁਲਿਸ ਨੇ ਸੇਂਟ ਕੋਲੰਬਸ ਸਕੂਲ ਦੀ ਪਿ੍ੰਸੀਪਲ ਅਪਰਾਜਿਤਾ ਪਾਲ ਅਤੇ ਤਿੰਨ ਅਧਿਆਪਕਾਵਾਂ ਮੰਨੂ ਕਾਲੜਾ (ਕੋਆਰਡੀਨੇਟਰ) ਯੁਕਤੀ ਮਹਾਜਨ (ਐਸ.ਐਸ.ਟੀ. ਅਧਿਆਪਿਕਾ) ਅਤੇ ਜੂਲੀ ਵਰਗੀਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਨ੍ਹਾਂ ਉਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਲਗਾਤਾਰ ਤਸੀਹੇ ਦੇਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ |