ਨਵੀਂ ਦਿੱਲੀ, 20 ਨਵੰਬਰ (ਮਿਸਰਦੀਪ ਭਾਟੀਆ)-ਉੱਤਰੀ ਦਿੱਲੀ ਵਿਚ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਿਤ ਲਕਸ਼ਮੀਬਾਈ ਕਾਲਜ ਵਿਚ ਗਰੈਜੂਏਸ਼ਨ ਪੱਧਰ 'ਤੇ ਪੰਜਾਬੀ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕਾਲਜ ਦੀ ਪਿ੍ੰਸੀਪਲ ਪ੍ਰੋ. ਲਤਾ ਸ਼ਰਮਾ ਅਤੇ ਪੰਜਾਬੀ ਵਿਭਾਗ ਦੀ ਟੀਚਰ ਇੰਚਾਰਜ ਡਾ. ਨਿਰਮਲ ਸ਼ਾਹੀਦ ਅਤੇ ਡਾ. ਸਵਰਨਜੀਤ ਕੌਰ ਦੇ ਸੱਦੇ 'ਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਦੇ ਪੰਜਾਬੀ ਵਿਸ਼ੇ ਦੇ ਲੈਕਚਰਾਰ ਪ੍ਰਕਾਸ਼ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਰਾਹੀਂ ਕਰੀਅਰ ਬਣਾਉਣ ਲਈ ਕਾਲਜ ਦੇ ਆਡੀਟੋਰੀਅਮ ਵਿਚ ਗੁਰ ਦੱਸੇ | ਪ੍ਰਕਾਸ਼ ਸਿੰਘ ਗਿੱਲ ਦਾ ਸੁਆਗਤ ਪੰਜਾਬੀ ਵਿਭਾਗ ਵਲੋਂ ਫੁੱਲਾਂ ਦਾ ਗੁਲਦਸਤੇ ਅਤੇ ਦੁਸ਼ਾਲੇ ਰਾਹੀਂ ਕੀਤਾ ਗਿਆ | ਡਾ. ਨਿਰਮਲ ਸ਼ਾਹੀਦ ਨੇ ਪ੍ਰਕਾਸ਼ ਸਿੰਘ ਗਿੱਲ ਦੀ ਪੰਜਾਬੀ ਭਾਸ਼ਾ ਵਿਚ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਪ੍ਰਕਾਸ਼ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਸਮੇਂ ਵਿਚ ਪੰਜਾਬੀ ਭਾਸ਼ਾ ਰਾਹੀਂ ਕਰੀਅਰ ਬਣਾਉਣ ਦੇ ਸੈਂਕੜੇ ਮੌਕੇ ਉਨ੍ਹਾਂ ਕੋਲ ਮੁਹੱਈਆ ਹਨ | ਵਿਦਿਆਰਥੀ ਜੇਕਰ ਸਕੂਲ ਪੱਧਰ 'ਤੇ ਦਸਵੀਂ ਤੱਕ ਪੰਜਾਬੀ ਭਾਸ਼ਾ ਨੂੰ ਪੜ੍ਹਦੇ ਹਨ ਤਾਂ ਉਹ ਪੰਜਾਬੀ ਦੇ ਟਾਈਪਿਸਟ ਬਣ ਸਕਦੇ ਹਨ | ਜੇਕਰ ਵਿਦਿਆਰਥੀ ਬਾਰ੍ਹਵੀਂ ਤੱਕ ਪੰਜਾਬੀ ਵਿਸ਼ੇ ਨੂੰ ਲੈਂਦੇ ਹਨ ਤਾਂ ਉਹ ਡਾਈਟ ਕੇਂਦਰ ਵਿਚ ਦੋ ਸਾਲ ਦੇ ਡਿਪਲੋਮਾ ਕੋਰਸ ਰਾਹੀਂ ਅਧਿਆਪਕ ਬਣ ਸਕਦੇ ਹਨ | ਇਸੇ ਤਰ੍ਹਾਂ ਜੇਕਰ ਵਿਦਿਆਰਥੀ ਗਰੈਜੂਏਸ਼ਨ ਪੱਧਰ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਦੇ ਹਨ ਤਾਂ ਉਨ੍ਹਾਂ ਕੋਲ ਮੌਕਿਆਂ ਦੀ ਭਰਮਾਰ ਹੁੰਦੀ ਹੈ | ਵਿਦਿਆਰਥੀ ਪਿ੍ੰਟ, ਬਿਜਲਈ ਮੀਡੀਆ ਵਿਚ ਪੱਤਰਕਾਰ, ਐਂਕਰਿੰਗ ਅਤੇ ਐਡੀਟਿੰਗ ਵਜੋਂ ਆਪਣਾ ਕਰੀਅਰ ਬਣਾ ਸਕਦੇ ਹਨ | ਕੈਲੀਗ੍ਰਾਫੀ ਦਾ ਸ਼ੌਕ ਰੱਖਣ ਵਾਲੇ ਵਿਦਿਆਰਥੀ ਮਲਟੀਮੀਡੀਆ ਦੇ ਨਾਲ-ਨਾਲ ਪਰੂਫ਼ ਰੀਡਿੰਗ, ਵਿਗਿਆਪਨ ਜਗਤ, ਸਕੂਲ ਵਿਚ ਸੀਨੀਅਰ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਤੇ ਕਾਲਜ ਵਿਚ ਲੈਕਚਰਾਰ ਬਣ ਸਕਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਰਾਹੀਂ ਸਿਵਲ ਸੇਵਾਵਾਂ ਵਿਚ ਆਉਣ ਦੀ ਅਪੀਲ ਕੀਤੀ | ਉਨ੍ਹਾਂ ਨੇ ਆਪਣੀ ਪੀ.ਪੀ.ਟੀ. ਰਾਹੀਂ ਪੰਜਾਬੀ ਭਾਸ਼ਾ ਨਾਲ ਆਈ.ਏ.ਐਸ., ਆਈ.ਐਫ.ਐਸ. ਅਤੇ ਆਈ.ਪੀ.ਐਸ. ਬਣ ਵਾਲੇ ਨੌਜਵਾਨਾਂ ਵਰਿੰਦਰ ਸ਼ਰਮਾ, ਕੁਲਵੰਤ ਸਿੰਘ ਧੂਰੀ, ਬਲਦੀਪ ਸਿੰਘ, ਜਗਮੀਤ ਸੰਧੂ, ਤੇਗਬੀਰ ਸੰਧੂ, ਰਵਿੰਦਰ ਸਿੰਘ ਅਤੇ ਇਸ ਵਰ੍ਹੇ ਆਈ.ਏ.ਐਸ. ਬਣ ਵਾਲੇ ਅੰਗਦ ਸਿੰਘ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪੰਜਾਬੀ ਅਖ਼ਬਾਰਾਂ ਨਾਲ ਸਾਂਝ ਪਾਉਣ ਲਈ ਵੀ ਉਨ੍ਹਾਂ ਵਲੋਂ ਪ੍ਰੇਰਿਤ ਕੀਤਾ ਗਿਆ | ਕਾਲਜ ਦੀ ਪੋਲੀਟੀਕਲ ਵਿਭਾਗ ਦੀ ਡਾ. ਵਿਭਾ ਸ਼ਰਮਾ ਨੇ ਵੀ ਇਸ ਮੌਕੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ |