ਯਮੁਨਾਨਗਰ, 21 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਯਮੁਨਾਨਗਰ ਦੇ ਮਹਿਲਾ ਪੁਲਿਸ ਥਾਣੇ ਦੀ ਟੀਮ ਨੇ 17 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਬਲੈਕਮੇਲ ਕਰਨ ਦੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਪੁਲਿਸ ਥਾਣੇ ਦੀ ਇੰਚਾਰਜ ਸ਼ੀਲਾਵੰਤੀ ਨੇ ਦੱਸਿਆ ਕਿ ਜਗਾਧਾਰੀ ਦੇ ਸ਼ਹਿਰੀ ਪੁਲਿਸ ਥਾਣੇ ਅਧੀਨ ਪੈਂਦੇ ਖੇਤਰ ਦੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਆਪਣੇ ਪਤੀ ਨਾਲ ਕਿਸੇ ਨਿੱਜੀ ਕੰਮ ਲਈ ਉੱਤਰ ਪ੍ਰਦੇਸ਼ ਸਥਿਤ ਆਪਣੇ ਪਿੰਡ ਗਈ ਹੋਈ ਸੀ ਅਤੇ ਇਸ ਦੌਰਾਨ ਘਰ 'ਚ ਉਸ ਦਾ ਪੁੱਤਰ, ਉਸ ਦੀ ਨੂੰ ਹ ਅਤੇ 17 ਸਾਲਾ ਨਾਬਾਲਗ ਧੀ ਇਕੱਲੇ ਸਨ | ਇਕ ਦਿਨ ਰਾਤ ਨੂੰ ਮੁਲਜ਼ਮ ਮਨੀਸ਼ ਕੁਮਾਰ ਨੇ ਉਸ ਦੀ ਧੀ ਨੂੰ ਫੋਨ ਕਰਕੇ ਕਿਹਾ ਕਿ ਮੇਰੇ ਕੋਲ ਤੁਹਾੜੀਆਂ ਕੁਝ ਫੋਟੋਆਂ ਹਨ, ਜੋ ਕਿ ਮੈਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਿਹਾ ਹਾਂ ਅਤੇ ਜੇਕਰ ਤੁਸੀਂ ਫੋਟੋਆਂ ਨੂੰ ਡਿਲੀਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ | ਮੁਲਜ਼ਮ ਦੀ ਗੱਲ ਸੁਣਨ ਤੋਂ ਬਾਅਦ ਲੜਕੀ ਡਰ ਗਈ ਅਤੇ ਘਰ 'ਚ ਕਿਸੇ ਨੂੰ ਕੁਝ ਦੱਸੇ ਬਗੈਰ ਉਹ ਮੋਬਾਈਲ ਤੋਂ ਫੋਟੋਆਂ ਡਿਲੀਟ ਕਰਨ ਲਈ ਚਲੀ ਗਈ | ਮੁਲਜ਼ਮ ਮਨੀਸ਼ ਨੇ ਉਸ ਦੀ ਧੀ ਨੂੰ ਘਰ ਤੋਂ ਕੁਝ ਦੂਰੀ 'ਤੇ ਸਥਿਤ ਇਕ ਖਾਲੀ ਪਲਾਟ 'ਚ ਬੁਲਾਇਆ ਅਤੇ ਉਸ ਦਾ ਹੱਥ ਫੜ੍ਹ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਜਦੋਂ ਉਸ ਦੀ ਧੀ ਨੇ ਰੌਲਾ ਪਾਇਆ ਤਾਂ ਦੋ ਨੌਜਵਾਨ ਉਥੇ ਆ ਗਏ, ਜਿਨ੍ਹਾਂ ਨੂੰ ਦੇਖ ਕੇ ਮੁਲਜ਼ਮ ਉਸ ਦੀ ਧੀ ਨੂੰ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਥਾਣੇ ਵਿਖੇ ਪੋਕਸੋ ਅਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਏ. ਐਸ. ਆਈ. ਅਮਰਦੀਪ ਕੌਰ ਦੀ ਅਗਵਾਈ ਹੇਠ ਇਕ ਟੀਮ ਬਣਾਈ ਗਈ, ਜਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਗਾਧਰੀ ਦੀ ਅਮਰ ਵਿਹਾਰ ਕਾਲੋਨੀ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਪੁੱਤਰ ਮਨੀਸ਼ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ | ਕਾਬੂ ਕਰਨ ਉਪਰੰਤ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |
17 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਬਲੈਕਮੇਲ ਕਰਨ ਦੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫ਼ਤਾਰ
ਅਜੀਤ ਡੈਸਕ
22-07-2025