ਕਾਲਾਂਵਾਲੀ/ ਸਿਰਸਾ, 20 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਝੋਰੜ ਰੋਹੀ ਵਿਚ ਪੰਚਾਇਤ ਸਥਾਨ 'ਤੇ ਪਸ਼ੂ ਮੇਲਾ ਲਗਾਇਆ ਗਿਆ | ਇਸ ਪਸ਼ੂ ਮੇਲੇ ਦਾ ਉਦਘਾਟਨ ਸੰਤ ਬਾਬਾ ਸੁਦਾਮਾ ਨੰਦ ਸ਼ਾਸਤਰੀ ਅਤੇ ਬੜਾਗੁੜ੍ਹਾ ਦੇ ਬੀਡੀਪੀਓ ਅਮਨ ਮਿੱਤਲ ਨੇ ਕੀਤਾ | ਇਸ ਪਸ਼ੂ ਮੇਲੇ ਨੂੰ ਲੈ ਕੇ ਪਸ਼ੂ ਵਪਾਰੀਆਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਵੀ ਦੇਖਿਆ ਗਿਆ | ਅੱਜ ਪਹਿਲੇ ਦਿਨ ਲੱਗੇ ਇਸ ਪਸ਼ੂ ਮੇਲੇ ਵਿੱਚ ਦੂਰ-ਦੁਰਾਡੇ ਤੋਂ ਪਸ਼ੂ ਪਾਲਕਾਂ ਅਤੇ ਪਸ਼ੂ ਵਪਾਰੀਆਂ ਨੇ ਹਿੱਸਾ ਲਿਆ | ਬੀਡੀਪੀਓ ਬੜਾਗੁੜ੍ਹਾ ਅਮਨ ਮਿੱਤਲ ਨੇ ਦੱਸਿਆ ਕਿ ਮੇਲੇ ਵਿੱਚ ਪਸ਼ੂ ਖਰੀਦਣ ਅਤੇ ਵੇਚਣ ਵਾਲੇ ਵਪਾਰੀਆਂ ਲਈ ਹਰ ਸੰਭਵ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਜਾਨਵਰਾਂ ਲਈ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ | ਗ੍ਰਾਮ ਪੰਚਾਇਤ ਵੱਲੋਂ ਮੇਲੇ ਲਈ ਲਗਭਗ 12 ਏਕੜ ਜ਼ਮੀਨ ਦਾ ਪ੍ਰਬੰਧ ਕੀਤਾ ਗਿਆ ਹੈ | ਜਿਸ ਵਿੱਚੋਂ ਲਗਭਗ ਪੰਜ ਏਕੜ ਨੂੰ ਵਾੜ ਲਗਾ ਕੇ ਪਸ਼ੂ ਮੇਲਾ ਲਗਾਇਆ ਗਿਆ ਹੈ | ਅਗਲੇ ਮੇਲੇ ਲਈ ਹੋਰ ਪ੍ਰਬੰਧ ਕੀਤੇ ਜਾਣਗੇ | ਪਸ਼ੂ ਖਰੀਦਣ ਅਤੇ ਵੇਚਣ ਵਾਲੇ ਵਪਾਰੀਆਂ ਦੀ ਸੁਰੱਖਿਆ ਲਈ ਪੁਲਿਸ ਪ੍ਰਬੰਧ ਕੀਤੇ ਜਾਣਗੇ | ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਪਸ਼ੂ ਡਾਕਟਰ ਵੀ ਡਿਊਟੀ 'ਤੇ ਲਗਾਏ ਜਾਣਗੇ | ਪਸ਼ੂਆਂ ਲਈ ਹਰ ਤਰ੍ਹਾਂ ਦੀਆਂ ਦਵਾਈਆਂ ਮੁਫਤ ਵੰਡਣ ਦਾ ਪ੍ਰਬੰਧ ਹੋਵੇਗਾ | ਇਸ ਮੌਕੇ ਸਰਪੰਚ ਨੁਮਾਇੰਦੇ ਭਗਵੰਤ ਸਿੰਘ, ਚੇਅਰਮੈਨ ਨੁਮਾਇੰਦੇ ਗੁਰਮੇਲ ਸਿੰਘ, ਵਾਈਸ ਚੇਅਰਮੈਨ ਅੰਗਰੇਜ਼ ਸਿੰਘ ਸਾਹੂਵਾਲਾ, ਕਰਮ ਸਿੰਘ, ਨਛੱਤਰ ਸਿੰਘ ਸਾਬਕਾ ਸਰਪੰਚ, ਬਾਬਾ ਬਚਿੱਤਰ ਸਿੰਘ, ਨਛੱਤਰ ਸਿੰਘ ਮਰਾੜ, ਨੱਥਾ ਸਿੰਘ ਪ੍ਰਧਾਨ, ਦਰਸ਼ਨ ਸਿੰਘ, ਗੁਰਲਾਭ ਸਿੰਘ, ਸਰਪੰਚ ਲਖਵਿੰਦਰ ਸਿੰਘ ਝਿੜੀ, ਗੁਰਵਿੰਦਰ ਸਿੰਘ ਸਾਬਕਾ ਚੇਅਰਮੈਨ, ਮਨਜੀਤ ਡੁੱਡੀ, ਸਰਪੰਚ ਬਲਵੀਰ ਸਿੰਘ ਨੁਮਾਇੰਦੇ, ਸਰਪੰਚ ਬਲਕਾਰ ਸਿੰਘ, ਸਰਪੰਚ ਬਲਵੀਰ ਸਿੰਘ ਆਦਿ ਹਾਜ਼ਰ ਸਨ |