ਯਮੁਨਾਨਗਰ, 17 ਜੁਲਾਈ (ਗੁਰਦਿਆਲ ਸਿੰਘ ਨਿਮਰ)-ਡਿਪਟੀ ਕਮਿਸ਼ਨਰ ਪਾਰਥ ਗੁਪਤਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੁੱਖ ਮੰਤਰੀ ਪੇਂਡੂ ਆਵਾਸ ਯੋਜਨਾ 2.0 ਅਧੀਨ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ | ਇਸ ਮੌਕੇ ਡੀ. ਸੀ. ਨੇ ਕਿਹਾ ਕਿ ਮੁੱਖ ਮੰਤਰੀ ਪੇਂਡੂ ਆਵਾਸ ਯੋਜਨਾ 2.0 ਅਧੀਨ ਪੋਰਟਲ 'ਤੇ ਅਰਜ਼ੀ ਦੇਣ ਵਾਲੇ ਲੋਕਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਯੋਗ ਲੋਕਾਂ ਨੂੰ ਖਦਰੀ, ਮਾਣਕਪੁਰ, ਕੁੰਜਲ ਕੰਬੋਆਂ, ਸਾਬਾਪੁਰ, ਰਾਦੌਰੀ 'ਚ 100-100 ਗਜ਼ ਦੇ ਪਲਾਟ ਮਿਲਣਗੇ | ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਅਧੀਨ ਉਪਰੋਕਤ 5 ਪਿੰਡਾਂ 'ਚ ਯੋਗ ਪਾਏ ਗਏ ਲੋਕਾਂ ਦੇ ਘਰਾਂ ਦੀਆਂ ਫੋਟੋਆਂ ਰਿਪੋਰਟ ਦੇ ਨਾਲ ਜਮ੍ਹਾਂ ਕਰਵਾਈਆਂ ਜਾਣ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਸੀ. ਈ. ਓ. ਜ਼ਿਲ੍ਹਾ ਪ੍ਰੀਸ਼ਦ ਵਰਿੰਦਰ ਸਿੰਘ ਢੁਲ, ਜ਼ਿਲ੍ਹਾ ਮਾਲ ਅਫ਼ਸਰ ਤਰੁਣ ਸਹੋਤਾ, ਡੀ. ਟੀ. ਪੀ. ਰਾਜੇਸ਼ ਕੁਮਾਰ, ਡੀ. ਆਈ. ਪੀ. ਆਰ. ਡਾ. ਮਨੋਜ ਕੁਮਾਰ ਤੇ ਬੀ. ਡੀ. ਪੀ. ਓ. ਕਾਰਤਿਕ ਚੌਹਾਨ ਆਦਿ ਵੀ ਹਾਜ਼ਰ ਸਨ |