ਸਿਰਸਾ, 17 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਨੇੜਲੇ ਦੇ ਪਿੰਡ ਬਾਜੇਕਾਂ ਤੇ ਸ਼ਾਹਪੁਰ ਬੇਗੂ ਵਿਚਾਲੇ ਇਕ ਡੰਪਰ ਦੀ ਟਰੈਕਟਰ ਨੂੰ ਫੇਟ ਵਜਣ ਕਾਰਨ ਟਰੈਕਟਰ ਪਲਟਣ ਨਾਲ ਕਿਸਾਨ ਟਰੈਕਟਰ ਹੇਠ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ | ਪੋਸਟਮਾਰਟਮ ਮਗਰੋਂ ਮਿ੍ਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਡੰਪਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਪਿੰਡ ਬਾਜੇਕਾਂ ਵਾਸੀ 31 ਸਾਲਾ ਪਰਵਿੰਦਰ ਆਪਣਾ ਟਰੈਕਟਰ ਲੈ ਕੇ ਖੇਤ ਜਾ ਰਿਹਾ ਸੀ ਟਰੈਕਟਰ ਦੇ ਪਿੱਛੇ ਰੂਟਾਵੇਟਰ ਪਾਇਆ ਹੋਇਆ ਸੀ | ਦੱਸਿਆ ਗਿਆ ਹੈ ਕਿ ਜਦੋਂ ਉਹ ਖੇਤ ਦੇ ਨੇੜੇ ਪੁੱਜਾ ਤਾਂ ਮਗਰੋਂ ਆਉਂਦੇ ਇਕ ਡੰਪਰ ਨੇ ਟਰੈਕਟਰ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਟਰੈਕਟਰ ਸੜਕ ਤੋਂ ਹੇਠਾਂ ਪਲਟ ਗਿਆ ਤੇ ਪਰਵਿੰਦਰ ਉਸ ਹੇਠ ਆ ਗਿਆ | ਤੁਰੰਤ ਰਾਹੀਗੀਰਾਂ ਨੇ ਇਕੱਠੇ ਹੋ ਕੇ ਟਰੈਕਟਰ ਨੂੰ ਸਿੱਧਾ ਕਰਕੇ ਪਰਵਿੰਦਰ ਨੂੰ ਟਰੈਕਟਰ ਹੇਠੋਂ ਬਾਹਰ ਕੱਢਿਆ ਤੇ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਿਵਾਕ ਮੈਂਬਰਾਂ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ | ਡੰਪਰ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ | ਪਰਿਵਾਕ ਮੈਂਬਰਾਂ ਨੇ ਦੱਸਿਆ ਹੈ ਕਿ ਪਰਵਿੰਦਰ ਦੀ ਇਕ ਲੜਕੀ ਹੈ | ਪਰਵਿੰਦਰ ਖੇਤੀ ਦਾ ਕੰਮ ਕਰਦਾ ਸੀ ਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ |