ਯਮੁਨਾਨਗਰ, 17 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ 'ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਨ' ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ | ਇਸ ਲੈਕਚਰ ਦਾ ਉਦੇਸ਼ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਨ ਦੇ ਤਰੀਕਿਆਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣਾ ਸੀ | ਇਸ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਡਾ. ਮਨਮੋਹਨ ਸਿੰਘ ਨੇ ਕਲਾਸਰੂਮ ਪ੍ਰਬੰਧਨ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਅਧਿਆਪਕਾਂ ਨੂੰ ਕਲਾਸਰੂਮ 'ਚ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਦੇ ਤਰੀਕਿਆਂ ਬਾਰੇ ਦੱਸਿਆ | ਉਨ੍ਹਾਂ ਕਲਾਸਰੂਮ 'ਚ ਅਨੁਸ਼ਾਸਨ ਬਣਾਈ ਰੱਖਣ ਅਤੇ ਵਿਦਿਆਰਥੀਆਂ ਦੀ ਦਿਲਚਸਪੀ ਵਧਾਉਣ ਲਈ ਵੱਖ-ਵੱਖ ਰਣਨੀਤੀਆਂ 'ਤੇ ਚਰਚਾ ਕੀਤੀ | ਇਸ ਮੌਕੇ ਕਾਲਜ ਦੇ ਜਨਰਲ ਸਕੱਤਰ ਐਮ. ਐਸ. ਸਾਹਨੀ ਨੇ ਕਾਲਜ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮਾਗਮ ਅਧਿਆਪਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ, ਜਦਕਿ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਕਿਹਾ ਕਿ ਪ੍ਰਭਾਵਸ਼ਾਲੀ ਕਲਾਸਰੂਮ ਪ੍ਰਬੰਧਨ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਅੰਤ 'ਚ ਕਾਲਜ ਪਿ੍ੰ. ਪ੍ਰੋ. ਨਰਿੰਦਰ ਪਾਲ ਕੌਰ ਨੇ ਵੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਮਾਗਮ ਅਧਿਆਪਕਾਂ ਨੂੰ ਉਨ੍ਹਾਂ ਦੇ ਕਲਾਸਰੂਮ ਪ੍ਰਬੰਧਨ ਹੁਨਰ ਨੂੰ ਬਿਹਤਰ ਬਣਾਉਣ 'ਚ ਮਦਦ ਕਰੇਗਾ | ਇਸ ਲੈਕਚਰ 'ਚ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਆਪੋ ਆਪਣੇ ਸਵਾਲ ਪੁੱਛ ਕੇ ਸ਼ੰਕਿਆਂ ਦਾ ਨਿਵਾਰਣ ਕੀਤਾ |