ਮਾਸਕੋ, 19 ਨਵੰਬਰ (ਪੀ.ਟੀ.ਆਈ.)- ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਰੂਸ ਵਿਚ ਦੋ ਨਵੇਂ ਭਾਰਤੀ ਕੌਂਸਲੇਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਥਾਪਨਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੈਰ-ਸਪਾਟਾ, ਆਰਥਿਕ, ਵਿਗਿਆਨਕ, ਤਕਨੀਕੀ, ਅਕਾਦਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਵਧਾਏਗੀ | ਰੂਸ ਵਿਚ ਆਪਣੇ ਕੂਟਨੀਤਕ ਪੈਰ ਪਸਾਰਦੇ ਹੋਏ, ਭਾਰਤ ਨੇ ਯੇਕਾਟੇਰਿਨਬਰਗ ਅਤੇ ਕਾਜ਼ਾਨ ਸ਼ਹਿਰਾਂ ਵਿਚ ਨਵੇਂ ਕੌਂਸਲੇਟ ਜਨਰਲ ਖੋਲ੍ਹੇ | ਰੂਸ ਦੇ ਉਪ ਵਿਦੇਸ਼ ਮੰਤਰੀ ਆਂਦਰੇ ਰੁਡੇਨਕੋ ਅਤੇ ਰੂਸ ਵਿਚ ਭਾਰਤ ਦੇ ਰਾਜਦੂਤ ਵਿਨੇ ਕੁਮਾਰ ਵੀ ਉਦਘਾਟਨ ਦੇ ਮੌਕੇ 'ਤੇ ਕਰਵਾਏ ਸਮਾਰੋਹ ਵਿਚ ਮੌਜੂਦ ਸਨ | ਜੈਸ਼ੰਕਰ ਨੇ ਕਿਹਾ ਕਿ ਇਹ ਰੂਸੀ ਸੰਘ ਵਿਚ ਭਾਰਤ ਦੇ ਕੂਟਨੀਤਕ ਇਤਿਹਾਸ ਵਿਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ | ਚੋਟੀ ਦੇ ਭਾਰਤੀ ਡਿਪਲੋਮੈਟ ਨੇ ਉਨ੍ਹਾਂ ਦਿਨਾਂ ਦਾ ਜ਼ਿਕਰ ਕੀਤਾ ਜਦੋਂ ਉਸਨੇ ਮਾਸਕੋ ਵਿਚ ਭਾਰਤੀ ਦੂਤਾਵਾਸ ਵਿਚ ਕੂਟਨੀਤਕ ਅਹੁਦਿਆਂ 'ਤੇ ਸੇਵਾ ਨਿਭਾਈ ਸੀ | ਇਹ ਸਾਡੇ ਲਈ ਇੱਕ ਮਹੱਤਵਪੂਰਨ ਦਿਨ ਹੈ, ਜਦੋਂ ਅਸੀਂ ਇਸ ਦੇਸ਼ ਵਿਚ ਦੋ ਹੋਰ ਕੌਂਸਲੇਟ ਜਨਰਲ ਜੋੜ ਰਹੇ ਹਾਂ | ਪਿਛਲੇ ਕੁਝ ਮਹੀਨਿਆਂ ਤੋਂ, ਇਨ੍ਹਾਂ ਕੌਂਸਲੇਟਾਂ ਦੀ ਸਥਾਪਨਾ ਲਈ ਨਿਰੰਤਰ ਕੰਮ ਚੱਲ ਰਿਹਾ ਹੈ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਰੂਸੀ ਸਰਕਾਰ ਤੋਂ ਪ੍ਰਾਪਤ ਸਮਰਥਨ ਨੂੰ ਮਾਨਤਾ ਦਿੰਦਾ ਹੈ | ਜੈਸ਼ੰਕਰ ਨੇ ਕਿਹਾ ਕਿ ਯੇਕਾਤੇਰਿਨਬਰਗ ਨੂੰ ਅਕਸਰ ਇਸਦੇ ਉਦਯੋਗਿਕ ਮਹੱਤਵ ਦੇ ਕਾਰਨ ਰੂਸ ਦੀ ਤੀਜੀ ਰਾਜਧਾਨੀ ਕਿਹਾ ਜਾਂਦਾ ਹੈ, ਅਤੇ ਇਹ ਸਾਇਬੇਰੀਆ ਦਾ ਪ੍ਰਵੇਸ਼ ਦੁਆਰ ਹੈ |