22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਕਾਟਲੈਂਡ ਦੇ ਗੁਰਦੁਆਰਾ ਸਾਹਿਬ 'ਚ 300 ਸਾਲ ਪੁਰਾਣਾ ਹੱਥ ਲਿਖਤ ਸਰੂਪ ਸੁਸ਼ੋਭਿਤ

ਅਜੀਤ ਡੈਸਕ 19-11-2025
ਗਲਾਸਗੋ, 18 ਨਵੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-2020 'ਚ ਜਦੋਂ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ 'ਚ ਐਡਿਨਬਰਗ ਯੂਨੀਵਰਸਿਟੀ ਦੇ ਅਧਿਕਾਰੀ ਯੂਨੀਵਰਸਿਟੀ ਦੀਆਂ ਡਿਜੀਟਲ ਫਾਈਲਾਂ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ 1700 ਈਸਵੀ ਦੇ ਸਮੇਂ ਦਾ ਪੁਰਾਤਨ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ | ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸੀ ਤੇ 1848 ਵਿਚ ਭਾਰਤ ਦੇ ਦੁੱਲੇਵਾਲਾ ਦੇ ਕਿਲ੍ਹੇ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹ ਇਸ ਸਰੂਪ ਨੂੰ ਨਾਲ ਇੰਗਲੈਂਡ ਲੈ ਗਏ ਤੇ ਇਹ ਸਰੂਪ ਨੂੰ ਸਰ ਜੌਨ ਸਪੈਂਸਰ ਲੌਗਿਨ ਵਲੋਂ ਐਡਨਬਰਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ, ਜਿਸਨੇ ਕਲਕੱਤਾ ਦੇ ਰੈਵ.ਡਬਲਿਊ.ਐਚ.ਮਾਈਕਲਜੋਹਨ ਵਲੋਂ ਮਹਾਰਾਣੀ ਵਿਕਟੋਰੀਆ ਨੂੰ ਕੋਹਿਨੂਰ ਹੀਰਾ ਵੀ ਭੇਟ ਕੀਤਾ ਸੀ | ਐਡਨਬਰਾ ਯੂਨੀਵਰਸਿਟੀ ਨੇ ਕਿਹਾ ਕਿ ਹੋਰ ਖੋਜ ਕੀਤੀ ਜਾ ਰਹੀ ਹੈ, ਪਰ ਮੁੱਢਲੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲੇ ਰਾਇਲ ਏਸ਼ੀਆਟਿਕ ਸੋਸਾਇਟੀ ਦੇ 1851 ਦੇ ਪੱਤਰਾਂ ਤੋਂ ਮਿਲੀ ਹੈ | ਗੁਰੂ ਗ੍ਰੰਥ ਸਾਹਿਬ ਜੀ 'ਚ ਇਹ ਲਿਖਿਆ ਗਿਆ ਹੈ ਕਿ ਜਿਸ ਸਿਆਹੀ ਵਿਚ ਇਹ ਲਿਖਿਆ ਗਿਆ ਹੈ ਉਸ 'ਚ ਸੋਨੇ ਨੂੰ ਮਿਲਾਇਆ ਗਿਆ ਸੀ | ਗੁਰੂ ਗ੍ਰੰਥ ਸਾਹਿਬ ਜੀ ਨੂੰ 175 ਸਾਲਾਂ ਵਿਚ ਪਹਿਲੀ ਵਾਰ ਯੂਨੀਵਰਸਿਟੀ ਤੋਂ ਬਾਹਰ ਕੁੱਝ ਘੰਟਿਆਂ ਲਈ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਸਿੱਖ ਸੰਗਤ ਵਲੋਂ ਐਡਨਬਰਾ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਾਹਿਬ ਵਿਚ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਦਰਸ਼ਨ ਕੀਤੇ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਿੰਮਤ ਸਿੰਘ ਨੇ ਸੰਗਤ ਨੂੰ ਪਾਠ ਕਰਕੇ ਵੀ ਸੁਣਾਇਆ | ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਵਿੱਤਰ ਸਰੂਪ ਨੂੰ ਰੁਮਾਲਾ ਸਾਹਿਬ 'ਚ ਤੇ ਗੁਲਾਬ ਦੀਆਂ ਪੱਤੀਆਂ ਨਾਲ ਸਜਾ ਕੇ ਬੈਗਪਾਈਪਰ ਵਾਜਿਆਂ, ਸਕਾਟਿਸ਼ ਤੇ ਖਾਲਸਾਈ ਝੰਡਿਆਂ ਨਾਲ ਗੁਰਦੁਆਰਾ ਸਾਹਿਬ 'ਚ ਲਿਆਂਦਾ ਗਿਆ | ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਯੂ.ਕੇ. ਵਿਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਸਰੂਪ ਹੈ ਤੇ ਇਸ ਦੇ ਅੰਗ ਇੰਨੇ ਨਾਜ਼ੁਕ ਹਨ ਕਿ ਬਿਨਾਂ ਫਲੈਸ਼ ਫ਼ੋਟੋ ਖਿੱਚਣ ਦੇ ਨਿਯਮ 'ਤੇ ਕੁੱਝ ਘੰਟਿਆਂ ਲਈ ਸੁਸ਼ੋਭਿਤ ਕੀਤਾ ਗਿਆ ਸੀ | ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪੁਰਾਤਨ ਹੱਥ ਲਿਖਤ ਸਰੂਪ ਦੇ ਦਰਸ਼ਨ ਕਰਨ ਲਈ ਸਕਾਟਲੈਂਡ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖ ਸੰਗਤ ਸਮੇਤ ਸਕਾਟਲੈਂਡ ਵਿਚ ਭਾਰਤ ਦੇ ਕੌਂਸਲ ਜਨਰਲ ਸਿਧਾਰਥ ਮਲਿਕ ਵੀ ਸ਼ਾਮਿਲ ਹੋਏ |

ਪਿਛਲੀ ਖ਼ਬਰ ਰਾਜਪਾਲ ਵਲੋਂ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਬਨਾਉਟੀ ਅੰਗ ਲਗਾਉਣ ਲਈ ਕੈਂਪ ਦਾ ਉਦਘਾਟਨ... ਅਗਲੀ ਖ਼ਬਰ ਭਾਰਤੀ ਮੂਲ ਦੀ 33 ਸਾਲਾ ਗਰਭਵਤੀ ਔਰਤ ਦੀ ਸੜਕ ਹਾਦਸੇ 'ਚ ਮੌਤ -ਹੋਰਨਸਬੀ 'ਚ ਵਾਪਰਿਆ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।