ਬਰਮਿੰਘਮ, 16 ਜੁਲਾਈ (ਪਰਵਿੰਦਰ ਸਿੰਘ)-ਬਰਮਿੰਘਮ ਸਥਿਤ ਇਕ ਸਿੱਖ ਚੈਰਿਟੀ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਸੰਸਦ 'ਚ ਇਕ ਸਮਾਗਮ 'ਚ ਨਿਰਸਵਾਰਥ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ। ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਅਧਿਆਤਮਿਕ ਆਗੂ ਤੇ ਨਿਸ਼ਕਾਮ ਗਰੁੱਪ ਆਫ਼ ਚੈਰੀਟੇਬਲ ਆਰਗੇਨਾਈਜ਼ੇਸ਼ਨਜ਼ ਦੇ ਚੇਅਰਮੈਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਯੂ.ਕੇ. ਤੇ ਦੁਨੀਆ ਭਰ 'ਚ ਕਈ ਖੇਤਰਾਂ ਦੇ ਵਿਕਾਸ 'ਚ ਮਦਦ ਕੀਤੀ ਹੈ। ਭਾਈ ਸਾਹਿਬ ਨੂੰ ਸੋਮਵਾਰ ਰਾਤ ਨੂੰ ਬਰਤਾਨੀਆ ਸਿੱਖ ਸੰਸਦ ਮੈਂਬਰਾਂ ਵਲੋਂ ਸਮਾਜ ਪ੍ਰਤੀ ਉਨ੍ਹਾਂ ਦੀ ਜੀਵਨ ਭਰ ਨਿਰਸਵਾਰਥ ਸੇਵਾ ਦੇ ਸਨਮਾਨ 'ਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੇਬਰ ਸੰਸਦ ਮੈਂਬਰ ਜਸ ਅਠਵਾਲ ਨੇ ਭਾਈ ਸਾਹਿਬ ਨੂੰ ਨਿਮਰਤਾ, ਅਗਵਾਈ ਅਤੇ ਸੇਵਾ ਦਾ ਸੱਚਾ ਰੂਪ ਕਿਹਾ। ਸੰਸਦ 'ਚ ਬੋਲਦਿਆਂ ਭਾਈ ਸਾਹਿਬ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ, ਸਾਨੂੰ ਪਿਆਰ ਨਾਲ ਅਧਿਆਤਮਿਕ ਤੇ ਸੰਸਾਰਿਕ ਸਫਲਤਾ ਲਈ ਸਾਨੂੰ ਪ੍ਰਾਰਥਨਾ ਕਰੋ, ਕੰਮ ਕਰੋ, ਸਾਂਝਾ ਕਰੋ, ਨਿਰਸਵਾਰਥ ਸੇਵਾ ਕਰੋ, ਗਾਓ, ਸੁਣੋ ਅਤੇ ਬ੍ਰਹਮ ਉਸਤਤ ਨੂੰ ਗ੍ਰਹਿਣ ਕਰੋ ਦੀ ਰਣਨੀਤੀ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਕ ਤਰੀਕੇ ਨਾਲ ਅਸੀਂ ਉਹ ਬਣ ਜਾਂਦੇ ਹਾਂ ਜਿਸਦੀ ਅਸੀਂ ਸੇਵਾ ਕਰਦੇ ਹਾਂ। ਇਸ ਦੌਰਾਨ ਵਲੰਟੀਅਰਾਂ ਨੇ ਭਾਈ ਸਾਹਿਬ ਦੀ ਸੇਵਾ ਬਾਰੇ ਗੱਲ ਕੀਤੀ। ਜਿਵੇਂ ਕਿ 2019 'ਚ ਮਾਫ਼ੀ ਤੇ ਸੁਲ੍ਹਾ ਲਈ ਸ਼ਾਂਤੀ ਚਾਰਟਰ ਦੀ ਸਿਰਜਣਾ, ਜੋ ਵਿਸ਼ਵ ਸ਼ਾਂਤੀ ਲਈ ਰਾਹ ਪੱਧਰਾ ਕਰਨ ਦੇ ਤਰੀਕੇ ਵਜੋਂ ਦਇਆ ਨੂੰ ਉਤਸ਼ਾਹਿਤ ਕਰਦੀ ਹੈ। ਜ਼ਿਕਰਯੋਗ ਹੈ ਕਿ ਜ਼ੀਰੋ ਹੰਗਰ ਤੇ ਨਿਸ਼ਕਾਮ ਸਵਾਟ (ਸਿੱਖ ਭਲਾਈ ਅਤੇ ਜਾਗਰੂਕਤਾ ਟੀਮ) ਦੀ ਸ਼ੁਰੂਆਤ ਨੇ ਹਜ਼ਾਰਾਂ ਲੋਕਾਂ ਨੂੰ ਭੋਜਨ ਦਿੱਤਾ ਹੈ ਤੇ ਅਜਿਹਾ ਕਰਨਾ ਜਾਰੀ ਰੱਖ ਰਹੀ ਹੈ। ਭਾਈ ਸਾਹਿਬ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਸੇਂਟ ਗ੍ਰੈਗਰੀ ਦ ਗ੍ਰੇਟ ਦੀ ਪੱਪਲ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਆਮ ਤੌਰ 'ਤੇ ਕੈਥੋਲਿਕਾਂ ਲਈ ਰਾਖਵਾਂ ਹੁੰਦਾ ਹੈ, ਜੋ ਉਨ੍ਹਾਂ ਦੇ ਅੰਤਰ-ਧਰਮ ਕਾਰਜ ਦਾ ਸਨਮਾਨ ਕਰਦਾ ਹੈ।
ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਨਿਰਸਵਾਰਥ ਸੇਵਾ ਲਈ ਕੀਤਾ ਗਿਆ ਸਨਮਾਨਿਤ <br/>
ਅਜੀਤ ਡੈਸਕ
17-07-2025