ਬਿ੍ਸਬੇਨ, 15 ਜੁਲਾਈ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇੰਡੀਆ ਤੋਂ ਆਏ ਸਿਰਮੌਰ ਸ਼ਾਇਰ ਗੁਰਦਿਆਲ ਰੌਸ਼ਨ ਦੇ ਸਨਮਾਨ 'ਚ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ 'ਚ ਭਗਵਾਨ ਸਿੰਘ ਜਗੇੜਾ ਦੀ ਸਵੈ ਜੀਵਨੀ 'ਪੌਣੀ ਸਦੀ ਦਾ ਸਫ਼ਰ' ਲੋਕ ਅਰਪਣ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਕਰਦਿਆਂ ਸਰਬਜੀਤ ਸੋਹੀ ਵੱਲੋਂ ਗੁਰਗਿਆਲ ਰੌਸ਼ਨ ਹੁਰਾਂ ਦੀ ਬੇਬਾਕ ਸ਼ਖਸੀਅਤ ਤੇ ਸਾਹਿਤਕ ਸਫ਼ਰ ਬਾਰੇ ਬਹੁਤ ਰੌਚਿਕ ਤੇ ਸ਼ਾਨਦਾਰ ਸ਼ਬਦ ਬੋਲੇ ਅਤੇ ਭਗਵਾਨ ਸਿੰਘ ਜਗੇੜਾ ਸਮੇਤ ਸਮੂਹ ਮਹਿਮਾਨ ਹਸਤੀਆਂ ਨੂੰ ਜੀ ਆਇਆਂ ਨੂੰ ਕਿਹਾ, ਉਪਰੰਤ ਇਪਸਾ ਦੇ ਸਾਹਿਤ ਵਿੰਗ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਇਪਸਾ ਦੇ ਆਰੰਭ ਤੋਂ ਲੈ ਕੇ 10 ਸਾਲ ਦੇ ਜ਼ਿਕਰਯੋਗ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਉਸਤਾਦ ਗੁਰਦਿਆਲ ਰੌਸ਼ਨ ਦੀ ਸ਼ਾਇਰੀ ਦੇ ਪਹਿਲੂਆਂ ਤੇ ਉਹਨਾਂ ਦੀ ਸਾਹਿਤਕ ਦੇਣ ਬਾਰੇ ਵਿਚਾਰ ਪੇਸ਼ ਕੀਤੇ | ਕਵੀ ਦਰਬਾਰ 'ਚ ਦਲਵੀਰ ਹਲਵਾਰਵੀ, ਪਰਮਿੰਦਰ ਸਿੰਘ, ਰੁਪਿੰਦਰ ਸੋਜ਼, ਮੀਤ ਧਾਲੀਵਾਲ, ਜਸਵੰਤ ਵਾਗਲਾ, ਲਖਬੀਰ ਸਿੰਘ, ਰੀਤੂ ਅਹੀਰ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਹੋਰ ਬੁਲਾਰਿਆਂ 'ਚੋਂ ਡਾ. ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਐਡਵੋਕੇਟ ਪਿ੍ਤਪਾਲ ਸਿੰਘ, ਸਤਵਿੰਦਰ ਟੀਨੂੰ, ਗੁਰਦੀਪ ਜਗੇੜਾ, ਅਮਨਦੀਪ ਸਿੰਘ ਭੰਗੂ, ਦਲਜੀਤ ਸਿੰਘ ਆਦਿ ਨੇ ਗੁਰਦਿਆਲ ਰੌਸ਼ਨ ਦੇ ਸਨਮਾਨ 'ਚ ਅਤੇ ਭਗਵਾਨ ਸਿੰਘ ਜਗੇੜਾ ਦੀ ਕਿਤਾਬ ਤੇ ਜੀਵਨ ਘਾਲਣਾ ਬਾਰੇ ਆਪਣੇ ਵਿਚਾਰ ਰੱਖਦਿਆਂ ਇਪਸਾ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਸਮਾਗਮ ਦੇ ਦੂਸਰੇ ਭਾਗ 'ਚ ਸਰਦਾਰ ਭਗਵਾਨ ਸਿੰਘ ਜਗੇੜਾ ਨੇ ਆਪਣੀ ਪੁਸਤਕ ਲਿਖਣ ਦੀ ਪ੍ਰੇਰਣਾ, ਪਿਛੋਕੜ ਅਤੇ ਇਸਦੇ ਪ੍ਰਕਾਸ਼ਨ 'ਚ ਸਹਾਇਕ ਦੋਸਤਾਂ ਬਾਰੇ ਦੱਸਿਆ | ਭਗਵਾਨ ਸਿੰਘ ਜਗੇੜਾ ਨੇ ਇਪਸਾ ਦੇ ਉੱਦਮ ਤੇ ਆਸਟ੍ਰੇਲੀਆ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਪੰਜਾਬੀ ਭਾਈਚਾਰੇ ਦੀ ਤਰੱਕੀ ਤੇ ਖੁਸ਼ੀ ਪ੍ਰਗਟ ਕੀਤੀ | ਅੰਤ 'ਚ ਇਸ ਸਮਾਗਮ ਦੇ ਮੁੱਖ ਮਹਿਮਾਨ ਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਮੰਚ 'ਤੇ ਬਹੁਤ ਹੀ ਯਾਦਗਾਰੀ ਹਾਜ਼ਰੀ ਲਵਾਈ | ਉਹਨਾਂ ਨੇ ਆਪਣੇ ਪਹਿਲੇ ਆਸਟ੍ਰੇਲੀਆ ਦੇ ਦੌਰੇ ਦੇ ਅਨੁਭਵ ਦੱਸਦਿਆਂ ਸਭ ਤੋਂ ਪਹਿਲਾਂ ਆਪਣੇ ਸ਼ਾਗਿਰਦ ਅਤੇ ਚਰਚਿਤ ਸ਼ਾਇਰ ਜਸਵੰਤ ਵਾਗਲਾ ਦਾ ਸ਼ੁਕਰੀਆ ਕੀਤਾ | ਉਹਨਾਂ ਨੇ ਆਪਣੀ ਸ਼ਾਇਰੀ ਦੇ ਖੂਬਸੂਰਤ ਰੰਗ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ | ਇਪਸਾ ਵੱਲੋਂ ਉਹਨਾਂ ਇਪਸਾ ਸੋਵੀਨਾਰ ਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ | ਇਪਸਾ ਵੱਲੋਂ ਸਰਦਾਰ ਭਗਵਾਨ ਸਿੰਘ ਜਗੇੜਾ ਨੂੰ ਉਹਨਾਂ ਦੀ ਸਵੈ ਜੀਵਨੀ ਲੋਕ ਅਰਪਣ ਕਰਦਿਆਂ ਐਵਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਇਲਾਵਾ ਮਨਦੀਪ ਸਿੰਘ ਹੀਰਾ, ਬਿਕਰਮਜੀਤ ਸਿੰਘ ਚੰਦੀ, ਪੁਸ਼ਪਿੰਦਰ ਤੂਰ, ਗੁਰਜੀਤ ਉੱਪਲ, ਪਾਲ ਰਾਊਕੇ, ਰਾਜਦੀਪ ਸਿੰਘ ਲਾਲੀ, ਹਰਦੀਪ ਸਿੰਘ ਵਾਗਲਾ, ਸ਼ਮਸ਼ੇਰ ਸਿੰਘ ਚੀਮਾ, ਤਜਿੰਦਰ ਭੰਗੂ, ਜਸਕਰਨ ਸ਼ੀਂਹ, ਅਸ਼ੋਕ ਕੁਮਾਰ, ਤਾਜ ਰੱਤੂ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ |