ਰਾਜਪੁਰਾ, 15 ਜੁਲਾਈ (ਰਣਜੀਤ ਸਿੰਘ)-ਰਾਜਪੁਰਾ ਵਿਖੇ ਦਿੱਲੀ-ਅੰਮਿ੍ਤਸਰ ਹਾਈਵੇ 'ਤੇ ਰੇਲਵੇ ਓਵਰ ਬਿ੍ਜ ਦੇ ਬਣਨ ਕਾਰਨ ਆਵਾਜਾਈ ਦੀ ਗੱਡੀ ਲੀਹ ਤੋਂ ਉਤਰੀ ਪਈ ਹੈ | ਇਸ ਕਾਰਨ ਗਗਨ ਚੌਕ 'ਤੇ ਹਰ ਸਮੇਂ ਜਾਮ ਵਰਗੀ ਹਾਲਤ ਬਣੀ ਰਹਿੰਦੀ ਹੈ | ਇਸ ਸਮੱਸਿਆ ਦੇ ਹੱਲ ਲਈ ਐਸ.ਪੀ. ਟ੍ਰੈਫਿਕ ਅੱਛਰੂ ਰਾਮ ਸ਼ਰਮਾ ਨੇ ਅੱਜ ਰਾਜਪੁਰਾ ਵਿਖੇ ਵਿਸ਼ੇਸ਼ ਤੌਰ 'ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੈਦਾ ਹੋਣ ਵਾਲੀਆਂ ਦਿੱਕਤਾਂ ਦੇ ਜਲਦ ਹੱਲ ਲਈ ਸੰਬੰਧਿਤ ਅਫ਼ਸਰਾਂ ਦੀ ਮੀਟਿੰਗ ਕਰਨ ਦੀ ਗੱਲ ਕੀਤੀ | ਇਸ ਸੰਬੰਧੀ ਐਸ.ਪੀ. ਆਵਾਜਾਈ ਅੱਛਰੂ ਰਾਮ ਸ਼ਰਮਾ ਨੇ ਕਿਹਾ ਕਿ ਰਾਜਪੁਰਾ ਵਿਖੇ ਆਵਾਜਾਈ ਦੀ ਸਮੀਖਿਆ ਲਈ ਵਿਸ਼ੇਸ਼ ਤੌਰ 'ਤੇ ਆਏ ਹਨ | ਦਿੱਲੀ ਅੰਮਿ੍ਤਸਰ ਹਾਈਵੇ ਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਰੇਲਵੇ ਓਵਰਬਿ੍ਜ (ਆਰ.ਉ.ਬੀ.) ਬਣ ਰਿਹਾ ਹੈ ਇਹ ਪ੍ਰੋਜੈਕਟ ਬੀਤੇ ਕਈ ਮਹੀਨੇ ਤੋਂ ਸ਼ੁਰੂ ਕੀਤਾ ਗਿਆ ਹੈ | ਭਾਵੇਂ ਕਿ ਸ਼ਹਿਰ ਵਿਚ ਆਰ.ਉ.ਬੀ ਬਣਨਾ ਤਾਂ ਜ਼ਰੂਰੀ ਸੀ ਪਰ ਇਸ ਦੇ ਬਣਨ ਤੋਂ ਪਹਿਲਾਂ ਪ੍ਰਸ਼ਾਸਨ ਵਲੋਂ ਸ਼ਹਿਰ ਵਿਚੋਂ ਦੀ ਹੋ ਕੇ ਜਾਣ ਵਾਲੀ ਆਵਾਜਾਈ ਦਾ ਕੋਈ ਉਚਿੱਤ ਪ੍ਰਬੰਧ ਕਰਨਾ ਚਾਹੀਦਾ ਸੀ | ਗਗਨ ਚੌਂਕ ਵਿਚ ਖ਼ਾਸ ਤੌਰ 'ਤੇ ਸ਼ਾਮ ਸਮੇਂ ਹਾਲਾਤ ਬਹੁਤ ਹੀ ਬਦਤਰ ਹੋ ਜਾਂਦੇ ਹਨ | ਇਸ ਸੰਬੰਧੀ ਸ੍ਰੀ ਅੱਛਰੂ ਰਾਮ ਸ਼ਰਮਾ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਉਹ ਆਪਣੇ ਆਵਾਜਾਈ ਨਾਲ ਸੰਬੰਧਿਤ ਅਧਿਕਾਰੀ, ਐਸ.ਡੀ.ਐਮ. ਰਾਜਪੁਰਾ ਅਤੇ ਹੋਰਨਾਂ ਅਧਿਕਾਰੀਆਂ ਨਾਲ ਆਵਾਜਾਈ ਦੇ ਹੱਲ ਲਈ ਮੀਟਿੰਗ ਕਰਨਗੇ | ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਅਥਾਰਿਟੀ ਆਫ਼ ਇੰਡੀਆ ਨਾਲ ਗੱਲਬਾਤ ਕਰਕੇ ਆਰ.ਉ.ਬੀ. ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ ਤਾਂ ਕਿ ਲੋਕਾਂ ਨੂੰ ਸਮੱਸਿਆ ਤੋਂ ਨਿਜਾਤ ਮਿਲ ਸਕੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਆਵਾਜਾਈ ਪੁਲਿਸ ਦੇ ਹੋਰ ਮੁਲਾਜ਼ਮ ਵੀ ਰਾਜਪੁਰਾ ਵਿਖੇ ਭੇਜੇ ਜਾਣਗੇ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਆਵਾਜਾਈ ਇੰਚਾਰਜ ਰਾਜਪੁਰਾ ਗੁਰਬਚਨ ਸਿੰਘ ਅਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ |