ਨਵੀਂ ਦਿੱਲੀ, 18 ਜੁਲਾਈ (ਪੀ.ਟੀ.ਆਈ.)-ਇਥੇ 21ਵੀਆਂ ਵਿਸ਼ਵ ਪੁਲਿਸ ਤੇ ਫਾਇਰ ਖੇਡਾਂ-2025 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨੂੰ ਸਨਮਾਨਿਤ ਕਰਨ ਵਾਲੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਲਗਭਗ 3,000 ਐਥਲੀਟਾਂ ਨੂੰ ਪ੍ਰਤੀ ਮਹੀਨਾ 50,000 ਰੁਪਏ ਦੀ ਸਹਾਇਤਾ ਪ੍ਰਦਾਨ ਕਰਕੇ 2036 ਓਲੰਪਿਕ ਦੀ ਤਿਆਰੀ ਕਰ ਰਹੀ ਹੈ ਅਤੇ ਇਸਦੇ ਲਈ ਇਕ ਵਿਸਤਿ੍ਤ ਯੋਜਨਾ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ 2036 ਓਲੰਪਿਕ ਦੀ ਤਿਆਰੀ 'ਚ ਰੁੱਝੀ ਹੋਈ ਹੈ | ਇਥੇ ਭਾਰਤੀ ਐਥਲੀਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਜੀਵਨ ਦਾ ਸਦੀਵੀ ਚੱਕਰ ਹੈ ਤੇ ਜਿੱਤ ਲਈ ਟੀਚੇ ਨਿਰਧਾਰਤ ਕਰਨਾ, ਜਿੱਤ ਲਈ ਯੋਜਨਾ ਬਣਾਉਣਾ ਹਰ ਕਿਸੇ ਦਾ ਸੁਭਾਅ ਹੋਣਾ ਚਾਹੀਦਾ ਹੈ ਤੇ ਜਿੱਤਣਾ ਇਕ ਆਦਤ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿੱਤਣ ਦੀ ਆਦਤ ਪਾਉਣ ਵਾਲੇ ਹਮੇਸ਼ਾ ਵਧੀਆ ਪ੍ਰਦਰਸ਼ਨ ਕਰਦੇ ਹਨ | ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਖੇਡਾਂ ਨੂੰ ਹਰ ਪਿੰਡ 'ਚ ਲਿਜਾਣ ਦਾ ਪ੍ਰਬੰਧ ਕਰ ਰਹੀ ਹੈ | ਸ਼ਾਹ ਨੇ ਕਿਹਾ ਕਿ ਵੱਖ-ਵੱਖ ਉਮਰ ਸਮੂਹਾਂ ਦੇ ਬੱਚਿਆਂ ਨੂੰ ਹਰ ਖੇਡ 'ਚ ਵਿਗਿਆਨਕ ਢੰਗ ਨਾਲ ਚੁਣਿਆ ਤੇ ਸਿਖਲਾਈ ਦਿੱਤੀ ਜਾ ਰਹੀ ਹੈ | ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ 'ਚ ਖੇਡਾਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ | ਖੇਡ ਬਜਟ 'ਚ ਪੰਜ ਗੁਣਾ ਵਾਧਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਸਰਕਾਰ 2036 ਦੀਆਂ ਓਲੰਪਿਕ ਖੇਡਾਂ ਲਈ ਤਿਆਰੀ ਕਰ ਰਹੀ ਹੈ ਤੇ ਇਸ ਲਈ ਲਗਭਗ 3000 ਖਿਡਾਰੀਆਂ ਨੂੰ ਪ੍ਰਤੀ ਮਹੀਨਾ 50,000 ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਤੇ ਇਸ ਲਈ ਇਕ ਵਿਸਤਿ੍ਤ ਯੋਜਨਾ ਬਣਾ ਰਹੀ ਹੈ | ਗ੍ਰਹਿ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਵਿਸ਼ਵ ਪੱਧਰੀ ਖੇਡ ਮੰਚ 'ਤੇ ਅੱਗੇ ਵਧ ਰਿਹਾ ਹੈ, ਦੇਸ਼ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿ ਦੁਨੀਆ ਭਾਰਤ 'ਚ ਖੇਡਾਂ ਦੀ ਅਥਾਹ ਸੰਭਾਵਨਾ ਬਾਰੇ ਗੱਲ ਕਰੇ | ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਭਾਰਤ 2036 ਦੇ ਓਲੰਪਿਕ 'ਚ ਸਭ ਤੋਂ ਵੱਧ ਤਗਮੇ ਜਿੱਤਣ ਵਾਲੇ ਚੋਟੀ ਦੇ 5 ਦੇਸ਼ਾਂ 'ਚ ਸ਼ਾਮਲ ਹੋਵੇਗਾ |
ਸਰਕਾਰ ਹਰ ਮਹੀਨੇ 3000 ਐਥਲੀਟਾਂ ਨੂੰ ਦੇ ਰਹੀ 50,000 ਰੁਪਏ-ਅਮਿਤ ਸ਼ਾਹ <br/>
ਅਜੀਤ ਡੈਸਕ
19-07-2025