ਸਾਨ ਫਰਾਂਸਿਸਕੋ,18 ਜੁਲਾਈ (ਐਸ ਅਸ਼ੋਕ ਭੌਰਾ)-ਵ੍ਹਾਈਟ ਹਾਊਸ ਨੇ ਅੱਜ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਨੂੰ ਮੁੱਢੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਤੰਬਰ 'ਚ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ | ਵ੍ਹਾਇਟ ਹਾਊਸ ਦੇ ਇਕ ਬੁਲਾਰੇ ਨੇ ਟਿੱਪਣੀ ਕੀਤੀ ਹੈ ਕਿ ਰਾਸ਼ਟਰਪਤੀ ਦੀ ਅਜਿਹੀ ਕਿਸੇ ਯਾਤਰਾ ਦੀ ਹਾਲੇ ਕੋਈ ਵੀ ਯੋਜਨਾ ਨਹੀਂ ਹੈ ਤੇ ਨਾਂ ਹੀ ਅਜਿਹਾ ਕੁਝ ਵਿਚਾਰ ਅਧੀਨ ਜਾਂ ਤਹਿ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਕੁਝ ਪਾਕਿਸਤਾਨੀ ਨਿਊਜ਼ ਚੈਨਲਾਂ ਵਲੋਂ ਰਾਸ਼ਟਰਪਤੀ ਦੀ ਯਾਤਰਾ ਸੰਬੰਧੀ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਰਿਪੋਰਟਾਂ ਬਾਰੇ ਵ੍ਹਾਈਟ ਹਾਊਸ ਨੇ ਕਿਹਾ ਕਿ ਨਾ ਤਾਂ ਅਜਿਹੇ ਕਿਸੇ ਯਾਤਰਾ ਪ੍ਰਬੰਧਾਂ ਦਾ ਐਲਾਨ ਕੀਤਾ ਗਿਆ ਹੈ ਤੇ ਨਾ ਹੀ ਪੁਸ਼ਟੀ ਕੀਤੀ ਹੈ | ਵ੍ਹਾਈਟ ਹਾਊਸ ਦਾ ਇਹ ਬਿਆਨ ਵੀ ਪਾਕਿਸਤਾਨੀ ਨਿਊਜ਼ ਚੈਨਲਾਂ 'ਤੇ ਟਰੰਪ ਦੇ ਸੰਭਾਵੀ ਦੌਰੇ ਬਾਰੇ ਰਿਪੋਰਟਾਂ ਪ੍ਰਸਾਰਿਤ ਹੋਣ ਤੋਂ ਬਾਅਦ ਆਇਆ ਹੈ | ਇਨ੍ਹਾਂ ਟੈਲੀਵਿਜ਼ਨ ਨਿਊਜ਼ ਚੈਨਲਾਂ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਟਰੰਪ ਦੇ ਸਤੰਬਰ 'ਚ ਪਾਕਿਸਤਾਨ ਜਾਣ ਦੀ ਉਮੀਦ ਹੈ | ਨਿਊਜ਼ ਚੈਨਲਾਂ ਨੇ ਤਾਂ ਇਥੋਂ ਤੱਕ ਦਾਅਵਾ ਵੀ ਕੀਤਾ ਸੀ ਕਿ ਟਰੰਪ ਸਤੰਬਰ 'ਚ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਭਾਰਤ ਦਾ ਦੌਰਾ ਵੀ ਕਰਨਗੇ | ਹਾਲਾਂਕਿ, ਨਿਊਜ਼ ਚੈਨਲਾਂ ਨੇ ਬਾਅਦ 'ਚ ਆਪਣੀਆਂ ਰਿਪੋਰਟਾਂ ਵਾਪਸ ਲੈ ਲਈਆਂ ਤੇ ਇਕ ਚੈਨਲ ਵਲੋਂ ਮੁਆਫੀ ਮੰਗੇ ਜਾਣ ਦੀ ਖ਼ਬਰ ਵੀ ਹੈ | ਤੱਥ ਇਹ ਹਨ ਕਿ ਜਾਰਜ ਡਬਲਯੂ ਬੁਸ਼ 2006 'ਚ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਆਖਰੀ ਅਮਰੀਕੀ ਰਾਸ਼ਟਰਪਤੀ ਸਨ ਪਰ ਅਮਰੀਕਾ-ਪਾਕਿਸਤਾਨ ਸੰਬੰਧਾਂ 'ਚ ਇਕ ਨਵਾਂ ਤੇ ਸੁਖਾਵਾਂ ਮੋੜ ਉਦੋਂ ਆਇਆ ਸੀ ਜਦੋਂ ਟਰੰਪ ਨੇ ਪਿਛਲੇ ਮਹੀਨੇ ਵ੍ਹਾਈਟ ਹਾਊਸ 'ਚ ਪਾਕਿਸਤਾਨ ਦੇ ਫੌਜ ਮੁਖੀ ਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਵਾਸ਼ਿੰਗਟਨ ਖਾਣੇ 'ਤੇ ਬੁਲਾ ਕੇ ਖਾਸ ਮੁਲਾਕਾਤ ਦੀ ਮੇਜ਼ਬਾਨੀ ਕੀਤੀ ਸੀ |