02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਏਸ਼ੀਅਨ ਚੈਪੀਅਨਜ਼ ਟਰਾਫੀ 2026- ਭਾਰਤ ਦੀ ਮਲੇਸ਼ੀਆ ’ ਤੇ 4-2 ਨਾਲ ਸ਼ਾਨਦਾਰ ਜਿੱਤ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨੇ ਜਿੱਤ ਨੂੰ ਬਣਾਇਆ ਯਾਦਗਾਰ ਆਪਣੇ ਘਰ ’ਚ ਖੇਡਣਾ ਬਹੁਤ ਉਤਸ਼ਾਹਜਨਕ-ਹਰਮਨਪ੍ਰੀਤ

ਜਲੰਧਰ, 1 ਨਵੰਬਰ (ਸਾਬੀ)-ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਪਣੇ ਘਰ ਨੇੜੇ, ਪਰਿਵਾਰ ਦੇ ਸਾਹਮਣੇ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ ਵਿਚ ਖੇਡਣਾ ਪੂਰੀ ਟੀਮ ਲਈ ਸ਼ਾਨਦਾਰ ਤੇ ਭਾਵੁਕ ਤਜਰਬਾ ਹੈ। ਸੂਬੇ ਵਿਚ ਪਹਿਲੀ ਵਾਰ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਬੇਹਦ ਮਾਣ ਵਾਲੀ ਗੱਲ ਹੈ।

ਅਜੀਤ ਡੈਸਕ 02-11-2026

ਜਲੰਧਰ, 1 ਨਵੰਬਰ (ਡਾ. ਜਤਿੰਦਰ ਸਾਬੀ)-ਇੱਥੋਂ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਤਹਿਤ ਭਾਰਤ ਅਤੇ ਮਲੇਸ਼ੀਆ ਦੀਆਂ ਟੀਮਾਂ ਦਰਮਿਆਨ ਖੇਡੇ ਗਏ ਰੋਮਾਂਚਕ ਮੁਕਾਬਲੇ ਵਿਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤਿੰਨ ਗੋਲ (ਹੈਟ੍ਰਿਕ) ਕੀਤੇ, ਜਿਸ ਸਦਕਾ ਉਨ੍ਹਾਂ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ। ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਖਿਡਾਰੀਆਂ ਨੇ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਮਲੇਸ਼ੀਆ ਦੀ ਟੀਮ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਮੈਚ ਦੇ ਤੀਜੇ ਮਿੰਟ ਵਿਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਦੌਰਾਨ ਹਾਰਦਿਕ ਸਿੰਘ ਵਲੋਂ ਦਿੱਤੇ ਸ਼ਾਨਦਾਰ ਪਾਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਵਿਚ ਬਦਲ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਪੰਜਵੇਂ ਮਿੰਟ ਵਿਚ ਮਨਦੀਪ ਸਿੰਘ ਨੇ ਵੀ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋ ਸਕੇ। ਇਸ ਤੋਂ ਬਾਅਦ ਮਲੇਸ਼ੀਆ ਦੀ ਟੀਮ ਨੇ ਵੀ ਜਵਾਬੀ ਹਮਲੇ ਕਰਦਿਆਂ ਭਾਰਤੀ ਗੋਲ ਪੋਸਟ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਕੁਆਰਟਰ ਦੌਰਾਨ ਮਲੇਸ਼ੀਆ ਨੂੰ 18ਵੇਂ ਅਤੇ 19ਵੇਂ ਮਿੰਟ ਵਿਚ ਲਗਾਤਾਰ2 ਪੈਨਲਟੀ ਕਾਰਨਰ ਮਿਲੇ, ਪਰ ਉਹ ਇਨ੍ਹਾਂ ਨੂੰ ਗੋਲ ਵਿਚ ਤਬਦੀਲ ਨਹੀਂ ਕਰ ਸਕੇ। ਇਸੇ ਤਰ੍ਹਾਂ ਭਾਰਤ ਨੂੰ ਵੀ 20ਵੇਂ ਅਤੇ 21ਵੇਂ ਮਿੰਟ ਵਿਚ 2 ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਖਿਡਾਰੀ ਵੀ ਗੋਲ ਕਰਨ ਵਿਚ ਨਾਕਾਮ ਰਹੇ। ਮਲੇਸ਼ੀਆ ਦੀ ਟੀਮ ਨੂੰ 22ਵੇਂ, 23ਵੇਂ ਅਤੇ 24ਵੇਂ ਮਿੰਟ ਵਿੱਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਡਿਫੈਂਸ ਨੇ ਇਨ੍ਹਾਂ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਆਖਰਕਾਰ 25ਵੇਂ ਮਿੰਟ ਵਿਚ ਮਲੇਸ਼ੀਆ ਦੇ ਖਿਡਾਰੀ ਅਨੂਰ ਅਕੀਮਉਲਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਵਲੋਂ ਇਕ-ਦੂਜੇ ’ਤੇ ਜਵਾਬੀ ਹਮਲਿਆਂ ਦਾ ਸਿਲਸਿਲਾ ਜਾਰੀ ਰਿਹਾ। ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਭਾਰਤੀ ਟੀਮ ਦਾ ਜ਼ੋਰਦਾਰ ਹੌਸਲਾ ਵਧਾਇਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ। ਤੀਜੇ ਕੁਆਰਟਰ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਮੁੜ ਹਮਲਾਵਰ ਖੇਡ ਦਿਖਾਈ। 33ਵੇਂ ਮਿੰਟ ਵਿਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ’ਤੇ ਹਾਰਦਿਕ ਸਿੰਘ ਦੇ ਸ਼ਾਨਦਾਰ ਪਾਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਵਿਚ ਬਦਲ ਕੇ ਭਾਰਤ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ। 40ਵੇਂ ਮਿੰਟ ਵਿਚ ਅਰਜਨ ਨੂੰ ਗੋਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ, ਪਰ ਉਨ੍ਹਾਂ ਦਾ ਸ਼ਾਟ ਗੋਲ ਪੋਸਟ ਦੇ ਬਿਲਕੁਲ ਨੇੜਿਓਂ ਬਾਹਰ ਚਲਾ ਗਿਆ। ਇਸ ਤੋਂ ਬਾਅਦ 43ਵੇਂ ਮਿੰਟ ਵਿਚ ਹਾਰਦਿਕ ਸਿੰਘ ਵਲੋਂ ਦਿੱਤੇ ਸ਼ਾਨਦਾਰ ਪਾਸ ’ਤੇ ਸੁਖਜੀਤ ਸਿੰਘ ਨੇ ਕਲਾਸਿਕ ਰਿਵਰਸ ਫਲਿੱਕ ਰਾਹੀਂ ਗੋਲ ਦਾਗ ਕੇ ਭਾਰਤ ਦੀ ਬੜ੍ਹਤ 3-1 ਕਰ ਦਿੱਤੀ। ਇਸ ਸ਼ਾਨਦਾਰ ਗੋਲ ਨਾਲ ਪੂਰਾ ਸਟੇਡੀਅਮ ਤਾੜੀਆਂ ਤੇ ਜਸ਼ਨਾਂ ਨਾਲ ਗੂੰਜ ਉੱਠਿਆ। 44ਵੇਂ ਮਿੰਟ ਵਿਚ ਵਿਵੇਕ ਤੇ ਸੁਖਜੀਤ ਸਿੰਘ ਨੇ ਮੁੜ ਸ਼ਾਨਦਾਰ ਤਾਲਮੇਲ ਦਿਖਾਇਆ, ਪਰ ਮਲੇਸ਼ੀਆ ਦੇ ਖਿਡਾਰੀਆਂ ਨੇ ਬਚਾਅ ਕਰਦਿਆਂ ਗੇਂਦ ਆਪਣੇ ਕਬਜ਼ੇ ਵਿਚ ਲੈ ਲਈ। ਤੀਜੇ ਕੁਆਰਟਰ ਦੀ ਸਮਾਪਤੀ ਤੱਕ ਭਾਰਤ 3-1 ਨਾਲ ਅੱਗੇ ਰਿਹਾ। ਚੌਥੇ ਅਤੇ ਆਖਰੀ ਕੁਆਰਟਰ ਵਿਚ ਵੀ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਕਾਇਮ ਰੱਖਿਆ। ਮੈਚ ਦੇ 57ਵੇਂ ਮਿੰਟ ਵਿਚ ਮਲੇਸ਼ੀਆ ਦੀ ਟੀਮ ਦੀ ਗਲਤੀ ਕਾਰਨ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਜਿਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਢੰਗ ਨਾਲ ਗੋਲ ਵਿਚ ਬਦਲ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਤੇ ਭਾਰਤ ਨੂੰ 4-1 ਦੀ ਮਜ਼ਬੂਤ ਬੜ੍ਹਤ ਦਿਵਾਈ। 58ਵੇਂ ਮਿੰਟ ਵਿਚ ਮਲੇਸ਼ੀਆ ਦੇ ਖਿਡਾਰੀ ਅਜਾਰ ਅਮੀਰੁਲ ਨੂੰ ਪੀਲਾ ਕਾਰਡ ਮਿਲਣ ਕਾਰਨ ਭਾਰਤ ਨੂੰ ਪੈਨਲਟੀ ਕਾਰਨਰ ਹਾਸਲ ਹੋਇਆ, ਪਰ ਭਾਰਤੀ ਟੀਮ ਇਸ ਮੌਕੇ ਦਾ ਲਾਭ ਨਹੀਂ ਉਠਾ ਸਕੀ। ਦੂਜੇ ਪਾਸੇ ਮਲੇਸ਼ੀਆ ਦੀ ਟੀਮ ਨੇ ਆਖਰੀ ਪਲਾਂ ਤੱਕ ਹਾਰ ਨਾ ਮੰਨਦਿਆਂ ਹਮਲੇ ਜਾਰੀ ਰੱਖੇ ਅਤੇ 60ਵੇਂ ਮਿੰਟ ਵਿੱਚ ਰੋਜੇਮੀ ਆਮੀਨ ਨੇ ਮੈਦਾਨੀ ਗੋਲ ਕਰਕੇ ਸਕੋਰ 4-2 ਕਰ ਦਿੱਤਾ। ਮੈਚ ਦੇ ਆਖਰੀ ਪਲਾਂ ਵਿਚ ਭਾਰਤੀ ਟੀਮ ਨੇ ਪੈਨਲਟੀ ਕਾਰਨਰ ਦੀ ਮੰਗ ਕੀਤੀ, ਪਰ ਅੰਪਾਇਰ ਨੇ ਰੈਫਰਲ ਤੋਂ ਬਾਅਦ ਇਸ ਨੂੰ ਰੱਦ ਕਰਦਿਆਂ ਫਰੀ ਹਿੱਟ ਦੇ ਦਿੱਤੀ। ਇਸ ਤਰ੍ਹਾਂ ਮੈਚ ਦੀ ਆਖਰੀ ਸੀਟੀ ਵੱਜਣ ਨਾਲ ਭਾਰਤੀ ਟੀਮ ਨੇ ਮਲੇਸ਼ੀਆ ਨੂੰ 4-2 ਨਾਲ ਹਰਾ ਕੇ ਸ਼ਾਨਦਾਰ ਜਿੱਤ ਆਪਣੇ ਨਾਂਅ ਕੀਤੀ। ਜਲੰਧਰ ਦੀ ਧਰਤੀ ’ਤੇ ਭਾਰਤੀ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ ਨਾਲ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਜਿੱਤ ਦਾ ਜਸ਼ਨ ਮਨਾਇਆ। ਇਸ ਤੋਂ ਪਹਿਲਾਂ ਕੋਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 5-0 ਨਾਲ ਕਰਾਰੀ ਮਾਤ ਦਿੱਤੀ। ਜਦਕਿ ਜਪਾਨ ਨੇ ਚੀਨ ਨੂੰ 2-2 ਗੋਲਾਂ ਦੀ ਬਰਾਬਰੀ ’ਤੇ ਰੋਕ ਕੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ।
ਹਰਮਨਪ੍ਰੀਤ ਸਿੰਘ ਨੇ ਤੋੜਿਆ ਬਲਬੀਰ ਸਿੰਘ ਸੀਨੀਅਰ ਦਾ ਰਿਕਾਰਡ
ਹਰਮਨਪ੍ਰੀਤ ਨੇ ਇਸ ਮੁਕਾਬਲੇ ਤੋਂ ਪਹਿਲਾਂ 245 ਕੌਮਾਂਤਰੀ ਗੋਲ ਕੀਤੇ ਸਨ। ਮਲੇਸ਼ੀਆ ਖ਼ਿਲਾਫ਼ ਤਿੰਨ ਗੋਲ ਕਰਕੇ ਉਨ੍ਹਾਂ ਦਾ ਅੰਕੜਾ 248 ਤੱਕ ਪਹੁੰਚ ਗਿਆ। ਇਸ ਤਰ੍ਹਾਂ ਉਪਲਬਧ ਅੰਕੜਿਆਂ ਅਨੁਸਾਰ ਉਨ੍ਹਾਂ ਨੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ 246 ਗੋਲਾਂ ਦਾ ਰਿਕਾਰਡ ਪਾਰ ਕਰ ਲਿਆ ਹੈ।  

ਪੰਜਾਬ ਸਰਕਾਰ ਨੇ ਨਿੱਘੀ ਮਹਿਮਾਨ ਨਿਵਾਜ਼ੀ ਦੇ ਵਿਸ਼ਵ ਪੱਧਰੀ ਪ੍ਰਬੰਧ ਯਕੀਨੀ ਬਣਾਏ
ਜਲੰਧਰ, 1 ਨਵੰਬਰ (ਸਾਬੀ)-‘ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ’ ਦੇ ਸ਼ਾਨਦਾਰ ਖੇਡ ਸਮਾਗਮ ਦਾ ਸਿਹਰਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਕੀਤੇ ਗਏ ਬਿਹਤਰੀਨ ਪ੍ਰਬੰਧਾਂ ਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਜਾਂਦਾ ਹੈ। ਹਰੇ-ਭਰੇ ਆਲੇ-ਦੁਆਲੇ, ਰੌਣਕ ਭਰੇ ਮਾਹੌਲ ਤੇ ਆਧੁਨਿਕ ਸਹੂਲਤਾਂ ਨੇ ਇਸ ਖੇਤਰ ਦੇ ਸਭ ਤੋਂ ਵੱਡੇ ਖੇਡ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾ ਦਿੱਤਾ ਹੈ। ਪ੍ਰਸ਼ੰਸਕ ਇਸ ਉਤਸਵ ਭਰੇ ਮਾਹੌਲ ਦਾ ਆਨੰਦ ਲੈਣ ਲਈ ਸਟੇਡੀਅਮ ਵਿਚ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ।

ਪਿਛਲੀ ਖ਼ਬਰ 5ਵੇਂ ਟੀ-20 ’ਚ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀਰੀਜ਼ 3-2 ਨਾਲ ਭਾਰਤ ਦੇ ਨਾਂਅ ਰਹੀ ਅਗਲੀ ਖ਼ਬਰ ਹਰਮਨਪ੍ਰੀਤ ਸਿੰਘ ਦੀ ਹੈਟ੍ਰਿਕ ਨੇ ਜਿੱਤ ਨੂੰ ਬਣਾਇਆ ਯਾਦਗਾਰ ਪੰਜਾਬ ਸਰਕਾਰ ਨੇ ਨਿੱਘੀ ਮਹਿਮਾਨ ਨਿਵਾਜ਼ੀ ਦੇ ਵਿਸ਼ਵ ਪੱਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।