20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਹਾਰਾਜਾ ਚਾਰਲਸ ਨੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਦਿੱਤੀ ਦਾਅਵਤ

ਅਜੀਤ ਡੈਸਕ 16-07-2025

ਲੰਡਨ, 15 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਅੱਜ ਭਾਰਤੀ ਮਹਿਲਾ ਤੇ ਪੁਰਸ਼ ਕਿ੍ਕਟ ਟੀਮ ਦੇ ਖਿਡਾਰੀਆਂ ਨੂੰ ਆਪਣੇ ਕਲੇਰੈਂਸ ਪੈਲਸ 'ਚ ਦਾਅਵਤ ਦਿੱਤੀ | ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਲੰਡਨ ਵਿਕਰਮ ਡੋਰਾਏਸਵਾਮੀ ਵੀ ਭਾਰਤੀ ਖਿਡਾਰੀਆਂ ਨਾਲ ਦਾਅਵਤ 'ਚ ਸ਼ਾਮਿਲ ਹੋਏ | ਕਿ੍ਕਟ ਦੀ ਖੇਡ 'ਚ ਮਹਾਰਾਜਾ ਕਿੰਨੀ ਦਿਲਚਸਪੀ ਰੱਖਦੇ ਹਨ ਇਸ ਬਾਰੇ ਉਹਨਾਂ ਵੱਲੋਂ ਮੁਹੰਮਦ ਸਿਰਾਜ ਦੇ ਆਊਟ ਹੋਣ ਬਾਰੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਤੋਂ ਪੁਛਿਆ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਸੀ? ਮਹਾਰਾਜਾ ਚਾਰਲਸ ਨੇ ਕਿ੍ਕਟ ਖਿਡਾਰੀਆਂ ਨਾਲ ਕਿ੍ਕਟ ਬਾਰੇ ਚਰਚਾ ਕੀਤੀ ਤੇ ਉਹਨਾਂ ਨਾਲ ਕਾਫ਼ੀ ਸਮਾਂ ਬਿਤਾਇਆ | ਭਾਰਤੀ ਕਪਤਾਨ ਗਿੱਲ ਇਸ ਮੁਲਾਕਾਤ ਨੂੰ 'ਸ਼ਾਨਦਾਰ' ਕਿਹਾ | ਉਹਨਾਂ ਕਿਹਾ ਕਿ ਮਹਾਰਾਜਾ ਚਾਰਲਸ ਬਹੁਤ ਦਿਆਲੂ ਤੇ ਉਦਾਰ ਹਨ | ਸਾਡੀਆਂ ਉਹਨਾਂ ਨਾਲ ਸੱਚਮੁੱਚ ਚੰਗੀਆਂ ਗੱਲਬਾਤਾਂ ਹੋਈਆਂ | ਯੂ.ਕੇ. 'ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਡੋਰਾਏਸਵਾਮੀ ਤੇ ਡਿਪਟੀ ਹਾਈ ਕਮਿਸ਼ਨਰ ਸੁਜੀਤ ਘੋਸ਼ ਦੇ ਨਾਲ-ਨਾਲ ਕਾਂਗਰਸ ਰਾਜ ਸਭਾ ਮੈਂਬਰ ਅਤੇ ਬੀ.ਸੀ.ਸੀ.ਆਈ. ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਤੇ ਸਕੱਤਰ ਦੇਵਜੀਤ ਸੈਕੀਆ ਵੀ ਮੌਜੂਦ ਸਨ | ਬੀਤੇ ਕੱਲ ਸੋਮਵਾਰ ਨੂੰ ਭਾਰਤ ਸਿਰਫ਼ 22 ਦੌੜਾਂ ਨਾਲ ਟੈਸਟ ਮੈਚ ਹਾਰ ਗਿਆ, ਜਿਸ 'ਚ ਆਖਰੀ ਬੱਲੇਬਾਜ਼ ਮੁਹੰਮਦ ਸਿਰਾਜ ਇੰਗਲੈਂਡ ਦੇ ਆਫ ਸਪਿਨਰ ਸ਼ੋਏਬ ਬਸ਼ੀਰ ਦੀ ਗੇਂਦ 'ਤੇ ਬੋਲਡ ਹੋ ਗਿਆ | ਮਹਾਰਾਜਾ ਚਾਰਲਸ ਨੇ ਕਿਹਾ ਕਿ ਜਿਸ ਤਰ੍ਹਾਂ ਆਖਰੀ ਬੱਲੇਬਾਜ਼ ਆਊਟ ਹੋਇਆ ਉਹ ਕਾਫ਼ੀ ਮੰਦਭਾਗਾ ਸੀ, ਗੇਂਦ ਸਟੰਪਾਂ 'ਤੇ ਘੁੰਮ ਰਹੀ ਸੀ ਅਤੇ ਉਹਨਾਂ ਇਸ ਬਾਰੇ ਬਕਾਇਦਾ ਜ਼ਿਕਰ ਕਰਦਿਆਂ ਗਿੱਲ ਨੂੰ ਪੁੱਛਿਆ ਕਿ ਉਹ ਉਸ ਤੋਂ ਬਾਅਦ ਕਿਵੇਂ ਮਹਿਸੂਸ ਕਰਦੇ ਸਨ? ਗਿੱਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ਭਾਰਤੀ ਟੀਮ ਬਰਤਾਨੀਆ 'ਚ ਖੇਡਦੀ ਉਹਨਾਂ ਨੂੰ ਪ੍ਰਵਾਸੀਆਂ ਤੋਂ ਵੱਡਾ ਸਮਰਥਨ ਮਿਲਦਾ ਹੈ | ਅਸੀਂ ਜਿੱਥੇ ਵੀ ਜਾਂਦੇ ਹਾਂ, ਸਾਨੂੰ ਹਮੇਸ਼ਾ ਚੰਗਾ ਹੁੰਗਾਰਾ ਮਿਲਦਾ ਹੈ | ਹਾਲਾਂਕਿ ਪਹਿਲੇ 2 ਦਿਨਾਂ 'ਚ ਲਾਰਡਜ਼ 'ਚ ਇੰਗਲੈਂਡ ਦੇ ਸਮਰਥਕ ਸਨ ਪਰ ਮੈਨੂੰ ਲੱਗਦਾ ਹੈ ਕਿ ਪਿਛਲੇ 3 ਦਿਨਾਂ 'ਚ ਸਾਨੂੰ ਬਹੁਤ ਵਧੀਆ ਸਮਰਥਨ ਮਿਲਿਆ ਹੈ | ਗਿੱਲ ਦਾ ਮੰਨਣਾ ਹੈ ਕਿ ਪਹਿਲੇ ਤਿੰਨ ਟੈਸਟਾਂ 'ਚ ਕਿ੍ਕਟ ਦੀ ਪ੍ਰਤੀ ਦਿਲਚਸਪੀ ਦਾ ਪੱਧਰ ਵਧਿਆ ਹੈ | ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਮਹਾਰਾਜਾ ਨਾਲ ਮਿਲਣ 'ਤੇ ਆਪਣੀ ਟੀਮ ਦੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ | ਉਹਨਾਂ ਕਿਹਾ ਕਿ ਇਹ ਇਕ ਸੱਚਮੁੱਚ ਵਧੀਆ ਅਨੁਭਵ ਸੀ | ਅਸੀਂ ਬਹੁਤ ਵਾਰ ਇੰਗਲੈਂਡ ਆਏ ਹਾਂ ਪਰ ਮਹਾਰਾਜਾ ਚਾਰਲਸ ਨੂੰ ਮਿਲਣ ਦਾ ਇਹ ਪਹਿਲਾ ਮੌਕਾ ਸੀ | ਉਹ ਬਹੁਤ ਮਿਲਾਪੜੇ ਸਨ ਤੇ ਮਹਾਰਜਾ ਨੇ ਸਾਡੇ ਤੋਂ ਪੁੱਛਿਆ ਕਿ ਇੱਥੇ ਸਾਡੀ ਯਾਤਰਾ ਕਿਵੇਂ ਰਹੀ | ਕਿ੍ਕਟ ਸਮਾਗਮ ਦੀ ਮੇਜ਼ਬਾਨੀ ਬਿ੍ਟਿਸ਼ ਏਸ਼ੀਅਨ ਟਰੱਸਟ ਵਲੋਂ ਕੀਤੀ ਗਈ, ਜੋ ਕਿ ਰਾਜਾ ਚਾਰਲਸ ਤੀਜੇ ਵਲੋਂ ਦੱਖਣੀ ਏਸ਼ੀਆ 'ਚ ਗਰੀਬੀ, ਅਸਮਾਨਤਾ ਅਤੇ ਬੇਇਨਸਾਫ਼ੀ ਨਾਲ ਨਜਿੱਠਣ ਲਈ ਸਥਾਪਿਤ ਇਕ ਸਮਾਜ ਸੇਵੀ ਸੰਸਥਾ ਹੈ |

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਟਰੰਪ ਨੂੰ ਸਿੱਖਿਆ ਵਿਭਾਗ ਦੇ 1400 ਕਰਮਚਾਰੀਆਂ ਨੂੰ ਹਟਾਉਣ ਦੀ ਇਜਾਜ਼ਤ <br/> ਅਗਲੀ ਖ਼ਬਰ ਦਿੱਲੀ ਹਾਈ ਕੋਰਟ ਨੇ 56 ਵੈਬਸਾਈਟਾਂ 'ਤੇ ਫ਼ਿਲਮਾਂ 'ਸਟਰੀਮ' ਕਰਨ 'ਤੇ ਲਗਾਈ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।