26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਫ਼ਿਲਮ ਨਿਰਮਾਣ ਵੱਲ ਆਈ ਸ਼ਿਲਪਾ ਸ਼ਿਰੋਢਕਰ

ਅਜੀਤ ਡੈਸਕ 16-07-2025

20 ਨਵੰਬਰ, 1973 ਨੂੰ ਮੁੰਬਈ ਵਿਚ ਇਕ ਮਰਾਠੀ ਪਰਿਵਾਰ ਵਿਚ ਪੈਦਾ ਹੋਈ ਅਦਾਕਾਰਾ ਸ਼ਿਲਪਾ ਸ਼ਿਰਢੋਨਕਰ ਸਾਬਕਾ ਮਿਸ ਇੰਡੀਆ ਅਤੇ ਤੇਲਗੂ ਸਟਾਰ ਮਹੇਸ਼ ਬਾਬੂ ਦੀ ਪਤਨੀ ਨਮਰਤਾ ਸ਼ਿਰਢੋਕਰ ਦੀ ਵੱਡੀ ਭੈਣ ਹੈ। ਨਮਰਤਾ ਖ਼ੁਦ ਵੀ ਹਿੰਦੀ ਅਤੇ ਦੱਖਣ ਭਾਰਤ ਦੀਆਂ ਫ਼ਿਲਮਾਂ ਦੀ ਅਦਾਕਾਰਾ ਰਹਿ ਚੁੱਕੀ ਹੈ।
ਸ਼ਿਲਪਾ ਦੀ ਦਾਦੀ, ਮਿਨਾਕਸ਼ੀ ਸ਼ਿਰੋਢਕਰ, 1930 ਦੇ ਦਹਾਕੇ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਸੀ ਜਿਸ ਨੇ ਇਕ ਸਮੇਂ ਫ਼ਿਲਮ 'ਬ੍ਰਹਮਚਾਰੀ' ਵਿਚ ਤੈਰਾਕੀ ਸੂਟ ਪਾ ਕੇ ਤਹਿਲਕਾ ਮਚਾ ਦਿੱਤਾ ਸੀ।
ਸ਼ਿਲਪਾ ਸ਼ਿਰੋਢਕਰ ਨੇ 1989 ਵਿਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਰਮੇਸ਼ ਸਿੱਪੀ ਦੀ ਫ਼ਿਲਮ 'ਭ੍ਰਿਸ਼ਟਾਚਾਰ' ਤੋਂ ਕੀਤੀ ਸੀ। ਇਸ ਫ਼ਿਲਮ ਵਿਚ ਉਸ ਨੇ ਇਕ ਅੰਨ੍ਹੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ਵਿਚ ਉਸ 'ਤੇ ਫ਼ਿਲਮਾਏ ਗਏ ਜਬਰ-ਜਨਾਹ ਵਾਲੇ ਦ੍ਰਿਸ਼ ਨੇ ਉਸ ਨੂੰ ਚਰਚਾ ਵਿਚ ਲਿਆਂਦਾ। ਇਸ ਤਰ੍ਹਾਂ ਪਹਿਲੀ ਫ਼ਿਲਮ ਤੋਂ ਹੀ ਉਸ ਨੂੰ ਪਛਾਣ ਮਿਲ ਗਈ।
ਸ਼ਿਲਪਾ ਨੂੰ ਫ਼ਿਲਮ 'ਭ੍ਰਿਸ਼ਟਾਚਾਰ' (1989) ਮਿਥੁਨ ਚੱਕਰਵਰਤੀ ਦੇ ਕਾਰਨ ਮਿਲੀ ਸੀ। ਉਸ ਤੋਂ ਪਹਿਲਾਂ ਉਸ ਨੂੰ ਕਰੀਅਰ ਸ਼ੁਰੂ ਕਰਨ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੀਆਂ ਦੋ ਫ਼ਿਲਮਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਚੁੱਕੀਆਂ ਸਨ।
ਸ਼ਿਲਪਾ ਸ਼ਿਰੋਢਕਰ ਨੂੰ ਅਸਲੀ ਪਛਾਣ 1990 ਦੀ ਫ਼ਿਲਮ 'ਕਿਸ਼ਨ ਕਨੱਈਆ' ਤੋਂ ਮਿਲੀ ਜਿਸ ਵਿਚ ਉਹ ਅਨਿਲ ਕਪੂਰ ਨਾਲ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸ ਨੇ 'ਤ੍ਰਿਨੇਤਰ', 'ਹਮ', 'ਯੋਧਾ', 'ਖੁਦਾ ਗਵਾਹ', 'ਅਪਰਾਧੀ', 'ਪਹਿਚਾਨ' ਅਤੇ 'ਆਂਖੇਂ' ਵਰਗੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ।
ਫ਼ਿਲਮ 'ਗੋਪੀ ਕਿਸ਼ਨ' ਵਿਚ ਸੁਨੀਲ ਸ਼ੈਟੀ ਨਾਲ ਉਸ ਦੀ ਕਮਿਸਟਰੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ। ਇਕ ਵਾਰ ਫਿਰ ਉਹ ਮਾਧੁਰੀ ਦੀਕਸ਼ਿਤ ਨਾਲ 'ਗਜ ਗਾਮਿਨੀ' ਵਿਚ ਨਜ਼ਰ ਆਈ ਸੀ।
1989 ਤੋਂ 2000 ਤੱਕ ਲਗਭਗ 50 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰਦੇ ਹੋਏ ਸ਼ਿਲਪਾ ਸ਼ਿਰੋਢਕਰ 1990 ਦੇ ਦਹਾਕੇ ਦੀਆਂ ਚੋਟੀਆਂ ਦੀਆਂ ਅਭਿਨੇਤਰੀਆਂ ਵਿਚ ਸ਼ੁਮਾਰ ਰਹੀ। ਇਸ ਦੌਰਾਨ ਸ਼ਿਲਪਾ ਨੇ ਅਮਿਤਾਭ ਬੱਚਨ, ਰਜਨੀਕਾਂਤ, ਅਨਿਲ ਕਪੂਰ, ਮਿਥੁਨ ਚੱਕਰਵਰਤੀ, ਧਰਮਿੰਦਰ ਅਤੇ ਗੋਵਿੰਦਾ ਵਰਗੇ ਦਿੱਗਜ ਅਭਿਨੇਤਾਵਾਂ ਦੇ ਨਾਲ ਸਕਰੀਨ ਸਾਂਝੀ ਕੀਤੀ। ਉਸ ਨੇ ਮਿਥੁਨ ਚੱਕਰਵਰਤੀ ਦੇ ਨਾਲ ਸਭ ਤੋਂ ਜ਼ਿਆਦਾ 9 ਫ਼ਿਲਮਾਂ ਕੀਤੀਆਂ।
ਸਾਲ 2000 ਵਿਚ ਸ਼ਿਲਪਾ ਨੇ ਬੈਂਕਰ ਅਪਰੇਸ਼ ਰਣਜੀਤ ਦੇ ਨਾਲ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨਾਲ ਵਿਦੇਸ਼ ਵਿਚ ਚਲੀ ਗਈ। ਸ਼ਿਲਪਾ ਅਤੇ ਅਪਰੇਸ਼ ਦੀ ਇਕ ਬੇਟੀ ਅਨੁਸ਼ਕਾ ਹੈ।
ਵਿਆਹ ਤੋਂ 13 ਸਾਲ ਬਾਅਦ 2013 ਵਿਚ ਸ਼ਿਲਪਾ ਨੇ ਜ਼ੀ ਟੀ.ਵੀ. ਸੀਰੀਅਲ 'ਏਕ ਮੁੱਠੀ ਆਸਮਾਨ' ਜ਼ਰੀਏ ਐਕਟਿੰਗ ਵਿਚ ਵਾਪਸੀ ਕੀਤੀ। ਇਸ ਸੀਰੀਅਲ ਦਾ ਪ੍ਰਦਰਸ਼ਨ ਲਗਭਗ 2 ਸਾਲ ਤੱਕ ਹੋਇਆ।
ਇਸ ਤੋਂ ਬਾਅਦ ਉਹ 'ਸਿਲਸਿਲਾ ਪਿਆਰ ਕਾ', 'ਸਾਵਿਤਰੀ ਦੇਵੀ ਕਾਲਜ ਐਂਡ ਹਾਸਪੀਟਲ' ਵਰਗੇ ਕੁਝ ਸੀਰੀਅਲਾਂ ਵਿਚ ਵੀ ਨਜ਼ਰ ਆਈ। ਪਰ ਕੋਈ ਵੱਡਾ ਪ੍ਰਭਾਵ ਨਾ ਛੱਡ ਸਕੀ।
ਸਾਲ 2024-25 ਵਿਚ ਸ਼ਿਲਪਾ ਨੇ ਸਲਮਾਨ ਖਾਨ ਵਲੋਂ ਹੋਸਟ ਕੀਤੇ ਗਏ ਕਲਰਜ਼ ਟੀ.ਵੀ. ਦੇ ਰਿਆਲਿਟੀ ਸ਼ੋਅ 'ਬਿੱਗ ਬੌਸ 18' ਵਿਚ ਹਿੱਸਾ ਲੈ ਕੇ ਜ਼ਬਰਦਸਤ ਸੁਰਖੀਆਂ ਬਟੋਰੀਆਂ। ਇਹ ਉਸ ਦੇ ਕਰੀਅਰ ਦਾ ਇਕ ਮਹੱਤਵਪੂਰਨ ਪੜਾਅ ਸੀ, ਕਿਉਂਕਿ ਇਸ ਸ਼ੋਅ ਨੇ ਉਸ ਨੂੰ ਫਿਰ ਤੋਂ ਦਰਸ਼ਕਾਂ ਵਿਚਾਲੇ ਲਿਆ ਖੜ੍ਹਾ ਕੀਤਾ ਸੀ।
ਸ਼ਿਲਪਾ ਨੇ ਬਿੱਗ ਬੌਸ ਦੇ ਘਰ ਵਿਚ 102 ਦਿਨ ਬਿਤਾਏ ਸਨ ਅਤੇ ਫਿਨਾਲੇ ਤੱਕ ਪਹੁੰਚੀ, ਹਾਲਾਂਕਿ ਉਹ ਟਰਾਫ਼ੀ ਜਿੱਤਣ ਤੋਂ ਰਹਿ ਗਈ। ਸ਼ੋਅ ਵਿਚ ਸ਼ਿਲਪਾ ਦੀ ਖੇਡ ਨੂੰ ਬਹੁਤ ਪਸੰਦ ਕੀਤਾ ਗਿਆ।
'ਏਕ ਮੁੱਠੀ ਆਸਮਾਨ' ਤੋਂ ਲੈ ਕੇ 'ਬਿੱਗ ਬੌਸ 18' ਤੱਕ ਸ਼ਿਲਪਾ ਸ਼ਿਰੋਢਕਰ ਦੀ ਯਾਤਰਾ ਉਤਰਾਅ-ਚੜ੍ਹਾਅ ਨਾਲ ਭਰੀ ਰਹੀ, ਪਰ ਉਸ ਦੇ ਆਤਮ-ਵਿਸ਼ਵਾਸ ਅਤੇ ਪ੍ਰਤਿਭਾ ਨੇ ਉਸ ਨੂੰ ਫਿਰ ਤੋਂ ਸੁਰਖੀਆਂ ਵਿਚ ਲਿਆ ਦਿੱਤਾ।
ਦਰਸ਼ਕ ਹੁਣ ਉਸ ਦੇ ਅਗਲੇ ਕਦਮ ਦਾ ਇੰਤਜ਼ਾਰ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ਿਲਪਾ ਸ਼ਿਰੋਢਕਰ ਦੀ ਬਤੌਰ ਨਿਰਮਾਤਾ ਫ਼ਿਲਮ 'ਸੌ ਸ਼ਸ਼ੀ ਦੇਵਧਰ' ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਹ ਪੈਨ ਇੰਡੀਆ ਫ਼ਿਲਮ 'ਜਟਾਧਾਰਾ' ਵੀ ਕਰ ਰਹੀ ਹੈ। ਇਸ ਵਿਚ ਉਸ ਦਾ ਕਿਰਦਾਰ ਖ਼ਾਸਾ ਦਮਦਾਰ ਦੱਸਿਆ ਜਾ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਉਹ ਆਪਣੀ ਮੌਜੂਦਗੀ ਨੂੰ ਕਿੰਨਾ ਹੋਰ ਮਜ਼ਬੂਤ ਕਰ ਪਾਉਂਦੀ ਹੈ।
***

ਪਿਛਲੀ ਖ਼ਬਰ ਸਾਈਬਰ ਠੱਗੀ ਮਾਰਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਸਮੇਤ 4 ਜਣੇ ਗਿ੍ਫ਼ਤਾਰ <br/> ਅਗਲੀ ਖ਼ਬਰ ਗੁਰੂ ਦੱਤ ਦਾ ਜਨਮ ਸ਼ਤਾਬਦੀ ਸਾਲ-ਪੋਤੀਆਂ ਨੇ ਸੰਭਾਲੀ ਹੈ ਉਨ੍ਹਾਂ ਦੀ ਮਹਾਨ ਵਿਰਾਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।