26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਗੁਰੂ ਦੱਤ ਦਾ ਜਨਮ ਸ਼ਤਾਬਦੀ ਸਾਲ-ਪੋਤੀਆਂ ਨੇ ਸੰਭਾਲੀ ਹੈ ਉਨ੍ਹਾਂ ਦੀ ਮਹਾਨ ਵਿਰਾਸਤ

ਅਜੀਤ ਡੈਸਕ 16-07-2025

ਲਿਵਿੰਗ ਰੂਮ ਦੀ ਕੰਧ 'ਚੇ ਫ਼ਿਲਮ 'ਪਿਆਸਾ' (1957) ਦਾ ਪੋਸਟਰ ਲੱਗਾ ਹੋਇਆ ਹੈ। ਦੂਜੀ ਕੰਧ 'ਤੇ 'ਬਲੈਕ ਐਂਡ ਵਾਈਟ ਫੈਮਲੀ ਫੋਟੋ' ਟੰਗੀ ਹੋਈ ਹੈ, ਜਿਸ ਵਿਚ ਲੀਜੈਂਡਰੀ ਫਿਲਮਕਾਰ ਗੁਰੂ ਦੱਤ, ਉਨ੍ਹਾਂ ਦੀ ਗਾਇਕਾ ਪਤਨੀ ਗੀਤਾ (ਰਾਇ) ਦੱਤ ਅਤੇ ਉਨ੍ਹਾਂ ਦੇ ਬੱਚੇ ਹਨ। ਮੁੰਬਈ ਦੇ ਇਸ ਘਰ ਵਿਚ ਗੁਰੂ ਦੱਤ ਦੀ ਮੌਜੂਦਗੀ ਦਾ ਅਹਿਸਾਸ ਹਰ ਜਗ੍ਹਾ ਹੈ। ਇਹ ਗੁਰੂ ਦੱਤ ਦੀ ਨੂੰਹ ਇੱਫ਼ਤ ਦਾ ਘਰ ਹੈ, ਜਿਸ ਵਿਚ ਉਹ ਆਪਣੀਆਂ ਦੋਵੇਂ ਧੀਆਂ ਕਰੁਣਾ ਅਤੇ ਗੌਰੀ ਨਾਲ ਰਹਿੰਦੀ ਹੈ। ਇੱਫਤ ਨੇ ਗੁਰੂ ਦੱਤ ਦੇ ਪੁੱਤਰ ਅਰੁਣ ਦੱਤ ਨਾਲ ਵਿਆਹ ਕੀਤਾ ਸੀ, ਜੋ ਹੁਣ ਇਸ ਦੁਨੀਆ ਵਿਚ ਨਹੀਂ ਹੈ। ਪਰ ਤਿੰਨੋਂ ਮਾਵਾਂ ਧੀਆਂ ਨੇ ਆਪਣੇ ਪਰਿਵਾਰ ਦੀ ਮਹਾਨ ਸਿਨੇਮਾਈ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ਅਤੇ ਗੁਰੂ ਦੱਤ ਦੀ ਜਨਮ ਸ਼ਤਾਬਦੀ-ਸਾਲ ਦਾ ਜਸ਼ਨ ਮਨਾਉਣ ਦੀ ਯੋਜਨਾ ਬਣਾ ਰਹੀਆਂ। ਗੌਰੀ ਦੱਸਦੀ ਹੈ, 'ਹਾਲਾਂਕਿ ਸਾਡੇ ਦਾਦਾ ਗੁਰੂ ਦੱਤ ਦੀ ਹਮੇਸ਼ਾ ਹੀ ਸਾਡੇ ਜੀਵਨ ਵਿਚ ਪ੍ਰਭਾਵੀ ਮੌਜੂਦਗੀ ਰਹੀ ਹੈ, ਪਰ ਇਸ ਸਾਲ ਅਸੀਂ ਉਸ ਨੂੰ ਕੁਝ ਵਧੇਰੇ ਮਹਿਸੂਸ ਕਰ ਰਹੇ ਹਾਂ, ਕਿਉਂਕਿ 9 ਜੁਲਾਈ, 2025 ਨੂੰ ਜੇਕਰ ਉਹ ਹੁੰਦੇ ਤਾਂ ਉਹ ਸੌ ਸਾਲ ਦੇ ਹੋ ਗਏ ਹੁੰਦੇ।
ਪੁਣੇ 'ਚ ਰਹਿੰਦੇ ਹੋਏ ਪੋਤੀਆਂ ਨੂੰ ਆਪਣੇ ਦਾਦਾ ਗੁਰੂ ਦੱਤ ਦਾ ਮਹੱਤਵ ਕਾਲਜ ਦੇ ਦਿਨਾਂ ਵਿਚ ਹੀ ਸਮਝ ਵਿਚ ਆਇਆ ਸੀ। ਕਰੁਣਾ ਨੇ ਫਰਗਿਊਸਨ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਗੌਰੀ ਨੇ ਨੈਰੋਜਜੀ ਵਾਡੀਆ ਕਾਲਜ ਤੋਂ। ਗੌਰੀ ਦੱਸਦੀ ਹੈ, 'ਜਦੋਂ ਅਸੀਂ ਬੱਚੀਆਂ ਸਾਂ, ਤਾਂ ਸਾਨੂੰ ਆਪਣੇ ਦਾਦਾ ਜੀ ਦੇ ਕੰਮ ਤੋਂ ਜਾਣੂ ਸਾਡੇ ਪਿਤਾ ਨੇ ਕਰਵਾਇਆ ਸੀ। ਪੁਣੇ ਵਿਚ ਸ਼ਾਮ ਨੂੰ ਅਕਸਰ ਬਿਜਲੀ ਚਲੀ ਜਾਂਦੀ ਸੀ ਅਤੇ ਬਿਜਲੀ ਆਉਣ ਦਾ ਇੰਤਜ਼ਾਰ ਕਰਦੇ ਹੋਏ ਡੈਡੀ ਅਪਣੇ ਮਾਤਾ-ਪਿਤਾ ਬਾਰੇ ਗੱਲਾਂ ਕਰਦੇ ਸਨ।' ਇੱਫਤ ਅਨੁਸਾਰ ਕਰੁਣਾ ਆਪਣੀ ਦਾਦੀ ਗੀਤਾ ਦੱਤ ਦੀ ਤਰ੍ਹਾਂ ਵਧੇਰੇ ਸੋਸ਼ਲ ਹੈ, ਜਦ ਕਿ ਗੌਰੀ ਆਪਣੇ ਦਾਦਾ ਅਤੇ ਪਿਤਾ ਦੀ ਤਰ੍ਹਾਂ ਆਪਣੇ ਆਪ 'ਚ ਗੁਆਚੀ ਰਹਿਣ ਵਾਲੀ ਹੈ। ਪੁਣੇ ਵਿਚ ਜਿਸ ਲੌਂਡਰੀ ਤੋਂ ਗੁਰੂ ਦੱਤ ਆਪਣੇ ਕੱਪੜੇ ਧੁਆਉਂਦੇ ਸਨ, ਉਸੇ 'ਤੇ ਦੇਵਾਨੰਦ ਦੇ ਕੱਪੜੇ ਵੀ ਆਉਂਦੇ ਸਨ। ਸੰਯੋਗ ਨਾਲ ਦੋਵਾਂ ਦੀਆਂ ਇਕ ਦਿਨ ਆਪਸ ਵਿਚ ਕਮੀਜ਼ਾਂ ਬਦਲ ਗਈਆਂ ਅਤੇ ਦੋਨਾਂ ਦੀ ਮੁਲਾਕਾਤ ਹੋਣੀ, ਜੋ ਦੋਸਤੀ 'ਚ ਬਦਲ ਗਈ। ਉਦੋਂ ਤੱਕ ਗੁਰੂ ਦੱਤ ਡਾਂਸ ਨਿਰਦੇਸ਼ਨ ਤੋਂ ਇਲਾਵਾ ਸਹਾਇਕ ਨਿਰਦੇਸ਼ਕ ਦਾ ਵੀ ਕੰਮ ਕਰਨ ਲੱਗੇ ਸਨ ਅਤੇ ਫਿਲਮਾਂ ਵਿਚ ਛੋਟੀਆਂ-ਛੋਟੀਆਂ ਭੂਮਿਕਾਵਾਂ ਵੀ ਨਿਭਾਉਣ ਲੱਗ ਪਏ ਸਨ।
ਗੁਰੂ ਦੱਤ ਅਤੇ ਦੇਵਾਨੰਦ ਨੇ ਇਕ ਦੂਜੇ ਨਾਲ ਵਾਅਦਾ ਕੀਤਾ, ਜੋ ਵੀ ਪਹਿਲਾਂ ਨਿਰਮਾਤਾ ਬਣੇਗਾ, ਉਹ ਦੂਸਰੇ ਨੂੰ ਆਪਣੀ ਫ਼ਿਲਮ ਵਿਚ ਕੰਮ ਦੇਵੇਗਾ। ਪਹਿਲਾਂ ਦੇਵਾਨੰਦ ਨਿਰਮਾਤਾ ਬਣੇ ਅਤੇ ਉਨ੍ਹਾਂ ਨੇ ਫ਼ਿਲਮ 'ਬਾਜ਼ੀ' ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਗੁਰੂ ਦੱਤ ਨੂੰ ਦੇ ਕੇ ਅਪਣਾ ਵਾਅਦਾ ਨਿਭਾਇਆ ਅਤੇ ਜਦੋਂ ਗੁਰੂ ਦੱਤ ਨੇ 'ਸੀ.ਆਈ.ਡੀ.' ਫਿਲਮ ਬਣਾਈ ਤਾਂ ਦੇਵਾਨੰਦ ਨੂੰ ਹੀਰੋ ਲਿਆ ਗਿਆ। ਪ੍ਰਭਾਤ ਫ਼ਿਲਮ ਕੰਪਨੀ ਵਿਚ ਹੀ ਗੁਰੂ ਦੱਤ ਦੀ ਮੁਲਾਕਾਤ ਰਹਿਮਾਨ ਨਾਲ ਹੋਈ ਅਤੇ ਇਹ ਦੋਸਤੀ ਵੀ ਉਮਰ ਭਰ ਚੱਲੀ। 'ਬਾਜ਼ੀ' (1951) ਵਿਚ ਗੀਤਾ ਨੇ 'ਤਦਬੀਰ ਸੇ ਬਿਗੜੀ ਹੁਈ ਤਕਦੀਰ ਬਨਾ ਲੇ' ਗੀਤ ਗਾਇਆ ਸੀ ਅਤੇ ਉਨ੍ਹਾਂ ਦੀ ਮਖਮਲੀ ਆਵਾਜ਼ ਨੇ ਗੁਰੂ ਦੱਤ ਨੂੰ ਹੈਰਾਨ ਕਰ ਦਿੱਤਾ ਸੀ। ਉਹ ਆਪਣਾ ਦਿਲ ਹੀ ਹਾਰ ਗਏ ਸਨ। ਤਿੰਨ ਸਾਲ ਤੱਕ ਮੁਹੱਬਤ ਚੱਲੀ ਅਤੇ ਫਿਰ 26 ਮਈ, 1953 ਨੂੰ ਗੀਤਾ ਰਾਇ ਗੁਰੂ ਦੱਤ ਦੀ ਗੀਤਾ ਦੱਤ ਬਣ ਗਈ। ਉਨ੍ਹਾਂ ਦੇ ਤਿੰਨ ਬੱਚੇ ਹੋਏ-ਤਰੁਣ, ਅਰੁਣ ਅਤੇ ਨੀਨਾ। ਕਿਉਂਕਿ ਪੋਤੀਆਂ ਦੀ ਆਪਣੇ ਦਾਦਾ ਦੀਆਂ ਫਿਲਮਾਂ ਨਾਲ ਜਾਣ-ਪਛਾਣ ਕਿਸ਼ੋਰ ਅਵਸਥਾ ਵਿਚ ਹੋਈ ਸੀ, ਇਸ ਲਈ ਉਹ ਆਪਣੇ ਕੰਮ ਨੂੰ ਬਿਹਤਰ ਢੰਗ ਨਾਲ ਸਮਝ ਸਕੀਆਂ ਅਤੇ ਜਲਦੀ ਹੀ ਉਸ 'ਤੇ ਆਪਣੀ ਰਾਇ ਵੀ ਕਾਇਮ ਕਰ ਸਕੀਆਂ। ਕਰੁਣਾ ਨੂੰ 'ਪਿਆਸਾ' ਨੇ ਵਧੇਰੇ ਪ੍ਰਭਾਵਿਤ ਕੀਤਾ, ਪਰ ਉਨ੍ਹਾਂ ਨੂੰ ਲਗਦਾ ਹੈ ਕਿ 'ਮਿਸਟਰ ਐਂਡ ਮਿਸੇਜ਼ 55' (1955) ਨੂੰ ਓਨੀ ਪ੍ਰਸੰਸਾ ਨਹੀਂ ਮਿਲੀ ਹੈ ਜਿੰਨੀ ਕਿ ਮਿਲਣੀ ਚਾਹੀਦੀ ਸੀ, ਜਦ ਕਿ ਮਨੋਰੰਜਨ ਨਾਲ ਭਰੀ ਇਹ ਫਿਲਮ ਅੱਜ ਵੀ ਪ੍ਰਸੰਗਕ ਹੈ'। ਗੌਰੀ ਦੀ ਪਸੰਦੀਦਾ ਫ਼ਿਲਮ 'ਕਾਗਜ਼ ਕੇ ਫੂਲ' (1959) ਹੈ। ਜਦੋਂ ਦੋਵੇਂ ਭੈਣਾਂ ਫਿਲਮ ਪ੍ਰੋਫੈਸ਼ਨਲ ਦੇ ਤੌਰ 'ਤੇ ਕੰਮ ਕਰਨ ਲੱਗੀਆਂ ਤਾਂ ਕੁਝ ਸਾਲ ਪਹਿਲਾਂ ਉਨ੍ਹਾਂ ਦਾ ਪਰਿਵਾਰ ਪੁਣੇ ਤੋਂ ਮੁੰਬਈ ਸ਼ਿਫਟ ਹੋ ਗਿਆ। ਕਰੁਣਾ ਸਹਾਇਕ ਨਿਰਦੇਸ਼ਕ ਹੈ ਅਤੇ ਗੌਰੀ ਪ੍ਰਿਥਵੀ ਥੀਅੇਟਰ ਨਾਲ ਜੁੜੀ ਹੋਈ ਹੈ।
ਦੋਵੇਂ ਭੈਣਾਂ ਆਪਣੀਆਂ ਫਿਲਮਾਂ ਬਣਾ ਕੇ ਗੁਰੂ ਦੱਤ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੀਆਂ ਹਨ ਅਤੇ ਉਸੇ ਦਿਸ਼ਾ ਵਿਚ ਕੰਮ ਕਰ ਰਹੀਆਂ ਹਨ। ਗੁਰੂ ਦੱਤ ਦੀ ਜਨਮ ਸ਼ਤਾਬਦੀ ਲਈ ਪਰਿਵਾਰ ਨੇ ਕੋਈ ਵਿਸ਼ੇਸ਼ ਯੋਜਨਾ ਤਾਂ ਨਹੀਂ ਬਣਾਈ ਪਰ ਇੱਫਤ ਦੱਸਦੀ ਹੈ, 'ਪਰਿਵਾਰ ਦੇ ਇਹੋ ਜਿਹੇ ਮੌਕਿਆਂ 'ਤੇ ਅਸੀਂ ਪ੍ਰਾਈਵੇਟਲੀ ਜਸ਼ਨ ਮਨਾਉਂਦੇ ਹਾਂ। ਪਰ ਅਸੀਂ ਪਰਿਵਾਰ ਦੀ ਪਰੰਪਰਾ ਦਾ ਪਾਲਣ ਕਰਦੇ ਹੋਏ ਆਪਣੇ ਸਵਰਗੀ ਮੈਂਬਰਾਂ ਦੇ ਪਸੰਦ ਵਾਲੇ ਭੋਜਨ ਤਿਆਰ ਕਰਕੇ ਪੰਛੀਆਂ ਨੂੰ ਖਵਾਉਂਦੇ ਹਾਂ। ਇਹ ਪਰੰਪਰਾ ਅਰੁਣ ਨੇ ਸ਼ੁਰੂ ਕੀਤੀ ਸੀ। ਇਸ ਲਈ 9 ਜੁਲਾਈ ਨੂੰ ਅਸੀਂ ਪਾਪਾ (ਗੁਰੂ ਦੱਤ) ਦੀ ਪਸੰਦ ਵਾਲੀ ਮੰਗਲੋਰੀ ਡਿਸ਼ ਜਿਸ ਵਿਚ ਦਾਲ ਚਾਵਲ ਅਤੇ ਸੌਂਗ (ਆਲੂ ਪਿਆਜ਼ ਦੀ ਮਸਾਲੇਦਾਰ ਡਿਸ਼) ਤਿਆਰ ਕੀਤੀ।' ਜਦ ਕਿ ਫਿਲਮ ਨਿਰਮਾਣ ਪ੍ਰਕਿਰਿਆ ਹੁਣ ਐਨਾਲਾਗ ਤੋਂ ਡਿਜੀਟਲ ਹੋ ਗਈ ਹੈ, ਪਰ ਗੁਰੂ ਦੱਤ ਹੁਣ ਵੀ ਮੀਲ ਦਾ ਪੱਥਰ ਹਨ ਕਿ ਉਹ ਜੋ ਕਹਾਣੀਆਂ ਸੁਣਾਉਣਾ ਚਾਹੁੰਦੇ ਸਨ, ਉਸ 'ਤੇ ਉਨ੍ਹਾਂ ਨੇ ਕਾਲਜਈ ਸਿਨੇਮਾ ਬਣਾਇਆ ਅਤੇ ਉਹ ਵੀ ਬਾਜ਼ਾਰ ਦੀਆਂ ਸੀਮਾਵਾਂ ਵਿਚ ਕੰਮ ਕਰਦੇ ਹੋਏ। ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਵਿਚ ਸਾਡੇ ਕੋਲ ਉਨ੍ਹਾਂ ਦੀ ਵਾਪਸੀ ਇਕ ਅਧਿਆਪਕ ਅਤੇ ਸੱਚ ਦੇ ਝੰਡਾਬਰਦਾਰ ਦੇ ਰੂਪ ਵਿਚ ਹੋਣੀ ਚਾਹੀਦੀ ਹੈ। ਕਰੁਣਾ ਅਤੇ ਗੌਰੀ ਦੀ ਇਹੀ ਕੋਸ਼ਿਸ਼ ਹੈ। *

ਪਿਛਲੀ ਖ਼ਬਰ ਫ਼ਿਲਮ ਨਿਰਮਾਣ ਵੱਲ ਆਈ ਸ਼ਿਲਪਾ ਸ਼ਿਰੋਢਕਰ ਅਗਲੀ ਖ਼ਬਰ ਕਿਵੇਂ ਹਰਮਨ-ਪਿਆਰੀ ਹੋਈ-ਅੰਕਿਤਾ ਦਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।