'ਦੰਗਲ' ਵਿਚ ਅਪਾਰਸ਼ਕਤੀ ਨੇ ਓਮਕਾਰ ਸਿੰਘ ਫੋਗਾਟ ਦਾ ਕਿਰਦਾਰ ਨਿਭਾਉਂਦੇ ਹੋਏ ਆਪਣੀ ਜ਼ਬਰਦਸਤ ਐਕਟਿੰਗ ਨਾਲ ਲੋਕਾਂ ਦਾ ਧਿਆਨ ਖਿੱਚਿਆ ਸੀ। ਫ਼ਿਲਮ ਵਿਚ ਉਸ ਦੇ ਕੰਮ ਅਤੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਲਈ ਉਸ ਨੂੰ ਬੈਸਟ ਮੇਲ ਡੈਬਿਊ ਦੀ ਫ਼ਿਲਮਫੇਅਰ ਨਾਮਜ਼ਦਗੀ ਵੀ ਮਿਲੀ ਸੀ।
ਫ਼ਿਲਮ 'ਦੰਗਲ' ਟਿਕਟ ਖਿੜਕੀ 'ਤੇ ਬਲਾਕਬੱਸਟਰ ਸਾਬਿਤ ਹੋਈ। ਇਸ ਦੇ ਨਾਲ ਹੀ ਅਪਾਰਸ਼ਕਤੀ ਦੇ ਕਰੀਅਰ ਨੇ ਉਡਾਨ ਭਰਨੀ ਸ਼ੁਰੂ ਕੀਤੀ ਅਤੇ ਉਹ ਉਸੇ ਸਾਲ ਪ੍ਰਦਰਸ਼ਿਤ 'ਸਾਤ ਉਚੱਕੇ' (2016) ਵਿਚ ਨਜ਼ਰ ਆਇਆ। ਇਸ ਤੋਂ ਬਾਅਦ ਅਪਾਰਸ਼ਕਤੀ ਖੁਰਾਣਾ ਨੂੰ ਫ਼ਿਲਮਾਂ ਵਿਚ ਭੂਮਿਕਾਵਾਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਸਾਲ 2017 ਵਿਚ ਉਹ ਵਰੁਣ ਧਵਨ ਨਾਲ ਫ਼ਿਲਮ 'ਬਿਦਰੀਨਾਥ ਕੀ ਦੁਲਹਨੀਆ' ਵਿਚ ਨਜ਼ਰ ਆਇਆ। ਫਿਰ ਤਾਂ 'ਹੈਪੀ ਫਿਰ ਭਾਗ ਜਾਏਗੀ', 'ਰਾਜਮਾ ਚਾਵਲ', 'ਇਸਤਰੀ', 'ਲੁਕਾ ਛੁਪੀ', 'ਪਤੀ ਪਤਨੀ ਔਰ ਵੋ', 'ਬਾਲਾ', 'ਜਬਰੀਆ ਜੋੜੀ', 'ਕਨਪੁਰੀਏ' ਅਤੇ 'ਸਟ੍ਰੀਟ ਡਾਂਸਰ-3 ਡੀ' ਵਰਗੀਆਂ ਫ਼ਿਲਮਾਂ ਦੇ ਨਾਲ ਉਸ ਦਾ ਇਕ ਅਟੁੱਟ ਸਿਲਸਿਲਾ ਸ਼ੁਰੂ ਹੋ ਗਿਆ। ਇਨ੍ਹਾਂ ਫ਼ਿਲਮਾਂ ਵਿਚ ਅਪਾਰਸ਼ਕਤੀ ਖੁਰਾਣਾ ਦੀ ਕੁਦਰਤੀ ਐਕਟਿੰਗ ਨੇ ਹਰ ਕਿਸੇ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। 'ਹਮ ਦੋ ਹਮਾਰੇ ਦੋ' ਵਿਚ ਉਹ ਹੀਰੋ ਦੇ ਦੋਸਤ ਦੀ ਭੂਮਿਕਾ ਵਿਚ ਨਜ਼ਰ ਆਇਆ। ਵਰੁਣ ਧਵਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ 'ਭੇੜੀਆ' ਵਿਚ ਉਸ ਦਾ ਸ਼ਾਨਦਾਰ ਕੈਮਿਓ ਸੀ। ਇਸ ਤੋਂ ਇਲਾਵਾ ਉਹ ਇਕ ਲਘੂ ਫ਼ਿਲਮ 'ਨਵਾਬ' ਵਿਚ ਵੀ ਨਜ਼ਰ ਆਇਆ ਸੀ।
ਅਮਰ ਕੌਸ਼ਿਕ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਇਸਤਰੀ' ਵਿਚ ਉਸ ਨੇ ਰਾਜਕੁਮਾਰ ਰਾਓ ਦੇ ਦੋਸਤ ਦਾ ਕਿਰਦਾਰ ਨਿਭਾਇਆ ਸੀ। ਇਹ ਫ਼ਿਲਮ ਸੁਪਰ ਹਿਟ ਸਾਬਿਤ ਹੋਈ ਸੀ। ਇਸ ਤੋਂ ਬਾਅਦ ਉਹ ਇਕ ਵਾਰ ਫਿਰ ਫ਼ਿਲਮ ਦੇ ਵਿਸਥਾਰ 'ਇਸਤਰੀ-2' ਵਿਚ ਰਾਜ ਕੁਮਾਰ ਰਾਓ ਅਤੇ ਸ਼ਰਧਾ ਕਪੂਰ ਨਾਲ ਨਜ਼ਰ ਆਇਆ।
ਅਪਾਰਸ਼ਕਤੀ ਖੁਰਾਣਾ ਆਪਣੇ ਭਰਾ ਆਯੁਸ਼ਮਾਨ ਦੀ ਤਰ੍ਹਾਂ ਇਕ ਦਮ ਵੱਖਰੇ ਜਾਨਰ ਦੀ ਫ਼ਿਲਮਾਂ ਵਿਚ ਕੰਮ ਕਰ ਰਿਹਾ ਹੈ ਅਤੇ ਉਸ ਦੇ ਕੰਮ ਨੂੰ ਦਰਸ਼ਕਾਂ ਬਹੁਤ ਪਸੰਦ ਵੀ ਕਰ ਰਹੇ ਹਨ।
ਇਸ ਸਨਅਤ ਵਿਚ ਆਪਣਾ ਖ਼ਾਸ ਮੁਕਾਮ ਬਣਾ ਚੁੱਕੇ ਅਪਾਰਸ਼ਕਤੀ ਖੁਰਾਣਾ ਨੇ ਸਾਲ 2014 ਵਿਚ 15 ਸਾਲ ਪੁਰਾਣੀ ਆਪਣੀ ਮਿੱਤਰ ਕੁੜੀ ਆਕ੍ਰਿਤੀ ਆਹੂਜਾ ਨਾਲ ਵਿਆਹ ਕੀਤਾ ਸੀ।
ਅਪਾਰਸ਼ਕਤੀ ਖੁਰਾਣਾ ਨੇ ਹੁਣ ਤੱਕ ਫ਼ਿਲਮਾਂ ਵਿਚ ਜ਼ਿਆਦਾ ਕਾਮੇਡੀ ਜਾਂ ਹੀਰੋ ਦੇ ਦੋਸਤ ਵਾਲੀਆਂ ਭੂਮਿਕਾਵਾਂ ਨਿਭਾਈਆਂ ਹਨ। ਆਯੁਸ਼ਮਾਨ ਖੁਰਾਣਾ ਦੀ ਤਰ੍ਹਾਂ ਅਪਾਰਸ਼ਕਤੀ 'ਚ ਵੀ ਵੱਖ-ਵੱਖ ਤਰ੍ਹਾਂ ਦੇ ਰੂਪ ਦੇਖਣ ਨੂੰ ਮਿਲਦੇ ਹਨ।
ਅਪਾਰਸ਼ਕਤੀ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ 'ਬਦਤਮੀਜ਼ ਗਿੱਲ' ਉਸ ਦੇ ਕਰੀਅਰ ਦੇ ਹਿਸਾਬ ਨਾਲ ਕਾਫ਼ੀ ਮਹੱਤਵਪੂਰਨ ਹੈ। ਇਸ ਫ਼ਿਲਮ ਵਿਚ ਉਹ ਮੁੱਖ ਭੂਮਿਕਾ ਵਿਚ ਹੈ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋ ਰਹੀ ਹੈ। *
ਫ਼ਿਲਮ 'ਬਦਤਮੀਜ਼ ਗਿੱਲ' ਦੀ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ ਅਪਾਰਸ਼ਕਤੀ ਖੁਰਾਣਾ
ਅਜੀਤ ਡੈਸਕ
16-07-2025