ਤਾਜ਼ਾ ਖ਼ਬਰਾਂ ਅਨੁਸਾਰ ਬੀ-ਟਾਊਨ ਤੇ ਦੱਖਣ ਦੀ ਮਸ਼ਹੂਰ ਅਭਿਨੇਤਰੀ ਪੂਜਾ ਹੇਗੜੇ ਤੇ ਦਲਪਤੀ ਵਿਜਯ ਦੀ ਫ਼ਿਲਮ 'ਨਾਇਕਨ' ਦੀ ਸ਼ੂਟਿੰਗ ਸਮਾਪਤ ਹੋ ਗਈ ਹੈ ਤੇ ਇਸ ਦੀ ਸਿਰਫ਼ ਡਬਿੰਗ ਹੀ ਬਾਕੀ ਹੈ। ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਦੀ ਇਕ ਤਸਵੀਰ ਤੇ ਕਹਾਣੀ ਪਾਈ ਹੈ। ਸ਼ਾਹਿਦ ਕਪੂਰ ਨਾਲ ਵੀ ਪੂਜਾ ਇਕ ਫ਼ਿਲਮ ਕਰ ਰਹੀ ਹੈ। ਇਸ ਸ਼ਾਹਿਦ ਕਪੂਰ ਵਾਲੀ ਫ਼ਿਲਮ 'ਚ ਇਕ ਬਹੁਤ ਹੀ 'ਇਤਰਾਜ਼ਯੋਗ ਦ੍ਰਿਸ਼' ਹੈ, ਜਿਸ 'ਤੇ ਸੈਂਸਰ ਬੋਰਡ ਨੇ ਕੈਂਚੀ ਚਲਾ ਦਿੱਤੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਪੂਜਾ ਹੇਗੜੇ ਗਲੈਮਰ ਦੇ ਨਾਂਅ 'ਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਪੂਜਾ ਨੇ ਕਿਹਾ ਕਿ ਅੱਜਕਲ੍ਹ ਕਿਸੇ 'ਤੇ ਵੀ ਤਵਾ ਲਾ ਦੇਣਾ ਆਸਾਨ ਹੋ ਗਿਆ ਹੈ। ਨਾਂਹ-ਪੱਖੀ ਪ੍ਰਚਾਰ ਤਾਂ ਕਈ ਹੀਰੋਇਨਾਂ ਆਪ ਕਰਵਾਉਂਦੀਆਂ ਹਨ। ਪੂਜਾ ਨੇ ਇੰਕਸ਼ਾਫ ਕੀਤਾ ਕਿ ਕਿਸੇ 'ਤੇ 'ਤਵਾ' ਗ਼ਲਤ ਤਰੀਕੇ ਨਾਲ ਲਾਉਣ ਲਈ ਕੁਝ ਲੋਕ ਲੱਖਾਂ ਰੁਪਏ ਖਰਚ ਕਰਦੇ ਹਨ। ਪੂਜਾ ਨੇ ਕਿਹਾ ਕਿ ਕਿਸੇ ਨੂੰ ਨਿਸ਼ਾਨਾ ਬਣਾਉਣ ਲਈ ਪੈਸੇ ਖਰਚੇ ਜਾਂਦੇ ਹਨ ਤੇ ਉਸ ਨਾਲ ਇਕ ਏਜੰਸੀ ਨੂੰ ਭੇਦ ਖੋਲ੍ਹਦੇ ਕਿਹਾ ਕਿ ਪੂਜਾ ਹੇਗੜੇ ਨੂੰ ਪ੍ਰੇਸ਼ਾਨ ਕਰਨ ਲਈ 'ਕਿਸੇ ਨੇ' ਲੱਖਾਂ ਰੁਪਏ ਉਨ੍ਹਾਂ ਨੂੰ ਦਿੱਤੇ ਸਨ। ਇਧਰ ਪਤਾ ਲੱਗਾ ਹੈ ਕਿ ਉਸ ਨੂੰ ਸਵਰਗੀ ਫ਼ਿਲਮੀ ਹੀਰੋ ਵਿਨੋਦ ਮਹਿਰਾ ਦੇ ਬੇਟੇ ਰੋਹਨ ਮਹਿਰਾ ਨਾਲ ਪਿਆਰ ਹੋ ਗਿਆ ਹੈ ਤੇ ਘੰਟਿਆਂਬੱਧੀ ਉਹ ਰੋਹਨ ਦੀ ਗੱਡੀ 'ਚ ਨਜ਼ਰ ਆਉਂਦੀ ਹੈ। ਕੰਨੜ ਸਟਾਰ ਯਸ਼ ਨਾਲ ਵੀ ਪੂਜਾ ਨੇ ਫ਼ਿਲਮ ਕੀਤੀ ਹੈ ਤੇ ਉਹ ਚਾਹੁੰਦੀ ਹੈ ਕਿ ਯਸ਼ ਨਾਲ ਉਹ ਘੱਟੋ-ਘੱਟ 'ਕੇ.ਜੀ.ਐਫ.' ਜਿਹੀ ਕੋਈ ਫ਼ਿਲਮ ਕਰੇ। ਪੂਜਾ ਨੂੰ ਪਤਾ ਹੈ ਕਿ ਉਸ ਦੀਆਂ ਫਲਾਪ ਫ਼ਿਲਮਾਂ ਬਹੁਤ ਹਨ ਤੇ ਇਹ ਧੱਬਾ ਲਾਹੁਣ ਲਈ ਉਸ ਨੂੰ ਦੱਖਣ ਦਾ ਸਹਾਰਾ ਹੀ ਬਚਾ ਸਕਦਾ ਹੈ। ਪੂਜਾ ਦੀ ਵੈਸੇ ਵੀ ਦੱਖਣ ਦੀਆਂ ਭਾਸ਼ਾਵਾਂ 'ਤੇ ਜ਼ਿਆਦਾ ਪਕੜ ਹੈ। ਪੂਜਾ ਅੱਜ ਤੱਕ ਜਿਸ ਦੀ ਸਭ ਤੋਂ ਜ਼ਿਆਦਾ ਇੱਜ਼ਤ ਕਰਦੀ ਹੈ, ਉਹ ਹੈ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਪਤਨੀ ਜਿਸ ਨੇ ਪੂਜਾ ਦੀ ਚਾਰ-ਪੰਜ ਵਾਰ ਆਪਣੇ ਪਤੀ ਕੋਲ ਸਿਫਾਰਿਸ਼ ਕੀਤੀ ਸੀ। ਰਿਤਿਕ ਰੌਸ਼ਨ ਨਾਲ ਹਿੰਦੀ ਫ਼ਿਲਮ ਲਈ ਕਦੇ ਉਸ ਨੇ ਮਣੀ ਰਤਨਮ ਜਿਹੇ ਨਿਰਦੇਸ਼ਕ ਦੀ ਫ਼ਿਲਮ ਨੂੰ ਨਾਂਹ ਕਰ ਦਿੱਤੀ ਸੀ। ਪੂਜਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਦੀ ਵੱਡੀ ਪ੍ਰਸੰਸਕ ਹੈ। ਪੂਜਾ ਹੇਗੜੇ ਭਰਤ ਨਾਟਿਅਮ ਦੀ ਮਾਹਿਰ ਹੈ ਤੇ ਉਸ ਨੇ ਪੰਜਾਬੀ ਨਾਚ ਸਿੱਖਣ ਦੀ ਇੱਛਾ ਵੀ ਜਤਾਈ ਹੈ। ਰੋਹਿਤ ਸ਼ੈਟੀ ਵੀ ਪੂਜਾ ਦੀ ਤਾਰੀਫ਼ ਕਰਦੇ ਰਹੇ ਹਨ ਪਰ ਪੂਜਾ ਨੇ ਬਾਲੀਵੁੱਡ ਦੀ ਥਾਂ ਦੱਖਣ ਨੂੰ ਜ਼ਿਆਦਾ ਤਵੱਜੋਂ ਦਿੱਤੀ ਹੈ। ਬਾਕੀ ਰੋਹਨ ਮਹਿਰਾ ਪ੍ਰਤੀ ਕਾਫ਼ੀ ਗੰਭੀਰ ਰਹਿੰਦੀ ਪੂਜਾ ਕਿਤੇ ਸ਼ਾਦੀ ਨਾ ਕਰਵਾ ਲਏ, ਇਹ ਚਰਚਾ ਵੀ ਫ਼ਿਲਮ ਨਗਰੀ 'ਚ ਹੈ।
-ਸੁਖਜੀਤ ਕੌਰ