23 ਦਸੰਬਰ, 1990 ਨੂੰ ਮੁੰਬਈ ਵਿਚ ਪੈਦਾ ਹੋਈ ਹਿੰਦੀ ਫ਼ਿਲਮਾਂ ਅਤੇ ਟੀ.ਵੀ., ਰਿਆਲਿਟੀ ਸ਼ੋਅ ਦੀ ਅਦਾਕਾਰਾ ਸੋਨਾਲੀ ਰਾਊਤ ਨੇ ਮੁੰਬਈ ਦੇ ਮੀਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਹੈ। ਸੋਨਾਲੀ ਦੀ ਵੱਡੀ ਭੈਣ ਉੱਜਵਲਾ ਰਾਊਤ ਭਾਰਤ ਦੀ ਸਫਲ ਸੁਪਰ ਮਾਡਲ ਹੈ ਅਤੇ ਪਿਤਾ ਮੁੰਬਈ ਵਿਚ ਸਹਾਇਕ ਪੁਲਿਸ ਕਮਿਸ਼ਨਰ ਹਨ। ਖ਼ੁਦ ਸੋਨਾਲੀ ਵੀ ਐਕਟਿੰਗ ਵਿਚ ਆਉਣ ਤੋਂ ਪਹਿਲਾਂ ਮੰਨੀ-ਪ੍ਰਮੰਨੀ ਮਾਡਲ ਰਹਿ ਚੁੱਕੀ ਹੈ।
ਸਾਲ 2010 ਵਿਚ ਮਹਿਜ਼ 20 ਸਾਲ ਦੀ ਉਮਰ ਵਿਚ ਸੋਨਾਲੀ ਨੇ 'ਕਿੰਗਫਿਸ਼ਰ ਕੈਲੰਡਰ' ਲਈ ਮਾਡਲਿੰਗ ਸ਼ੁਰੂ ਕੀਤੀ ਸੀ। ਉਹ 'ਮੈਕ ਕਾਸਮੈਟਿਕਸ' ਦੀ ਬ੍ਰਾਂਡ ਅੰਬੈਸਡਰ ਵੀ ਰਹਿ ਚੁੱਕੀ ਹੈ। ਸਾਲ 2011 ਵਿਚ ਰਣਵੀਰ ਸਿੰਘ ਨਾਲ 'ਮੈਕਸਿਮ ਮੈਗਜ਼ੀਨ' ਲਈ ਇਕ ਫੋਟੋਸ਼ੂਟ ਕਰਨ ਨਾਲ ਸੋਨਾਲੀ ਅਚਾਨਕ ਕਾਫ਼ੀ ਚਰਚਾ ਵਿਚ ਆ ਗਈ ਸੀ। ਸੋਨਾਲੀ ਰਾਊਤ ਨੇ ਫ਼ਿਲਮ 'ਦ ਐਕਸਪੋਜ਼' ਵਿਚ ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਨਾਲ ਫ਼ਿਲਮ ਸਟਾਰ ਜਾਰਾ ਪੀਟਰ ਫਰਨਾਂਡਿਸ ਦੀ ਮੁੱਖ ਭੂਮਿਕਾ ਨਿਭਾਈ ਸੀ। 2016 ਦੀ ਫ਼ਿਲਮ 'ਗ੍ਰੇਟ ਗ੍ਰੈਂਡ ਮਸਤੀ' ਵਿਚ ਉਹ ਸ਼ਾਇਨੀ ਦੀ ਸਪੈਸ਼ਲ ਅਪੀਅਰੈਂਸ ਭੂਮਿਕਾ ਵਿਚ ਸੀ। ਫ਼ਿਲਮ ਵਿਚ ਉਸ 'ਤੇ ਫ਼ਿਲਮਾਇਆ ਗਿਆ ਗੀਤ 'ਲਿਪਸਿਟਕ ਲਗਾ ਕੇ' ਕਾਫ਼ੀ ਹਰਮਨਪਿਆਰਾ ਹੋਇਆ ਸੀ।
ਇਸ ਤੋਂ ਇਲਾਵਾ ਉਹ 'ਲਵ ਲਾਈਫ ਐਂਡ ਸਕਰੂਅਪ' ਅਤੇ 'ਡੈਂਜਰਸ' ਵਰਗੀ ਵੈੱਬ ਸੀਰੀਜ਼ ਵਿਚ ਵੀ ਨਜ਼ਰ ਆ ਚੁੱਕੀ ਹੈ।
ਸੋਨਾਲੀ ਨੇ ਖ਼ੁਦ ਨੂੰ ਇਕ ਰਚਨਾਤਮਿਕ, ਆਜ਼ਾਦ ਅਤੇ ਮੌਲਿਕ ਸੋਚ ਵਾਲੀ ਅੰਤਰਮੁਖੀ ਅਦਾਕਾਰਾ ਦੇ ਤੌਰ 'ਤੇ ਸਾਬਿਤ ਕੀਤਾ ਹੈ। ਉਸ ਨੇ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਆਪਣੀ ਐਕਟਿੰਗ ਅਤੇ ਡਾਂਸ ਦਾ ਜਲਵਾ ਦਿਖਾਇਆ ਹੈ। ਸੋਨਾਲੀ ਨੇ ਰਿਆਲਿਟੀ ਸ਼ੋਅ 'ਬਿੱਗ ਬੌਸ 8' ਵਿਚ ਪ੍ਰਤੀਯੋਗੀ ਦੇ ਰੂਪ ਵਿਚ ਹਿੱਸਾ ਲਿਆ ਸੀ। ਬਿੱਗ ਬੌਸ ਦੇ ਘਰ ਵਿਚ ਉਹ ਪੂਰੇ 105 ਦਿਨਾਂ ਤੱਕ ਰਹਿਣ ਤੋਂ ਬਾਅਦ ਬਾਹਰ ਹੋਈ। ਇਸ ਸ਼ੋਅ ਵਿਚ ਦਰਸ਼ਕਾਂ ਨੇ ਉਸ ਦੇ ਅੰਦਾਜ਼ ਨੂੰ ਬਹੁਤ ਪਸੰਦ ਕੀਤਾ। ਨਿਰੰਤਰ ਚਰਚਾ ਵਿਚ ਰਹਿਣਾ ਸੋਨਾਲੀ ਨੂੰ ਬਾਖ਼ੂਬ ਆਉਂਦਾ ਹੈ। ਇਸ ਲਈ ਉਸ ਨੇ ਸੋਸ਼ਲ ਮੀਡੀਆ ਨੂੰ ਮਾਧਿਅਮ ਦੇ ਤੌਰ 'ਤੇ ਚੁਣਿਆ ਹੈ। ਇੰਸਟਾਗ੍ਰਾਮ 'ਤੇ ਉਸ ਨੂੰ 3.3 ਮਿਲੀਅਨ ਲੋਕ ਫਾਲੋ ਕਰਦੇ ਹਨ।
ਸੋਸ਼ਲ ਮੀਡੀਆ 'ਤੇ ਸੋਨਾਲੀ ਦੀਆਂ ਆਕਰਸ਼ਕ ਤਸਵੀਰਾਂ ਅਕਸਰ ਚਰਚਾ ਵਿਚ ਰਹਿੰਦੀਆਂ ਹਨ। ਸੋਨਾਲੀ ਦਾ ਉਨ੍ਹਾਂ ਅਦਾਕਾਰਾਵਾਂ ਵਿਚ ਸ਼ੁਮਾਰ ਹੈ ਜੋ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪ੍ਰਸੰਸਕਾਂ ਨਾਲ ਸਾਂਝੀਆਂ ਕਰਨ ਤੋਂ ਜ਼ਰਾ ਜਿੰਨੀਆਂ ਵੀ ਹਿਚਕਿਚਾਉਂਦੇ ਨਹੀਂ ਹਨ।
ਲਗਾਤਾਰ ਚਰਚਾ 'ਚ ਰਹਿੰਦੀ ਹੈ ਸੋਨਾਲੀ ਰਾਊਤ
ਅਜੀਤ ਡੈਸਕ
16-07-2025