12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਿਹਾਰ ਦੀ ਨਵੀਂ ਸਰਕਾਰ ਤੋਂ ਆਸਾਂ

ਅਜੀਤ ਡੈਸਕ 21-11-2025

ਬਿਹਾਰ ਵਿਚ ਸੁਲਝੇ ਹੋਏ ਸਿਆਸਤਦਾਨ ਨਿਤਿਸ਼ ਕੁਮਾਰ ਨੇ ਦਸਵੀਂ ਵਾਰ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਲਈ ਹੈ। ਹੁਣੇ ਹੋਈਆਂ ਚੋਣਾਂ ਦੌਰਾਨ ਬਿਹਾਰ ਦੇ ਲੋਕਾਂ ਨੇ ਇਕ ਵਾਰ ਫਿਰ ਕੌਮੀ ਜਮਹੂਰੀ ਗੱਠਜੋੜ ਨੂੰ ਅਜਿਹਾ ਭਰਵਾਂ ਹੁੰਗਾਰਾ ਦਿੱਤਾ ਹੈ, ਜੋ ਹੈਰਾਨ ਕਰਨ ਵਾਲਾ ਹੈ। ਅਜਿਹੇ ਨਤੀਜਿਆਂ ਦੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਪਰ ਇਸ ਜਿੱਤ ਨੇ ਇਹ ਜ਼ਰੂਰ ਅਹਿਸਾਸ ਕਰਵਾ ਦਿੱਤਾ ਹੈ ਕਿ ਬਿਹਾਰ ਦੇ ਲੋਕ ਨਿਤਿਸ਼ ਕੁਮਾਰ ਦੀ ਅਗਵਾਈ ਤੋਂ ਵੱਡੀ ਹੱਦ ਤੱਕ ਸੰਤੁਸ਼ਟ ਹਨ। ਪਿਛਲੇ 20 ਸਾਲ ਤੋਂ ਉਹ ਸੂਬੇ ਦੀ ਸਿਆਸਤ 'ਤੇ ਛਾਏ ਹੋਏ ਹਨ।
ਸਾਲ 2005 ਵਿਚ ਜਦੋਂ ਨਿਤਿਸ਼ ਕੁਮਾਰ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਵੀ ਇਹ ਵੱਡੀ ਆਸ ਬੱਝੀ ਸੀ ਕਿ ਉਹ ਸੂਬੇ ਨੂੰ ਬਿਹਤਰ ਬਣਾਉਣ ਲਈ ਆਪਣਾ ਵੱਡਾ ਯੋਗਦਾਨ ਪਾਉਣਗੇ। ਉਥੋਂ ਦੇ ਲੋਕਾਂ ਨੇ ਸਾਲ 1990 ਤੋਂ ਲੈ ਕੇ ਸਾਲ 2005 ਤੱਕ ਲਾਲੂ ਪ੍ਰਸਾਦ ਯਾਦਵ ਤੇ ਉਸ ਦੀ ਪਤਨੀ ਦੇ ਰਾਜ ਨੂੰ ਦੇਖਿਆ ਸੀ। ਉਸ ਸਮੇਂ ਇਹ ਵੱਡੀ ਆਲੋਚਨਾ ਹੁੰਦੀ ਰਹੀ ਸੀ ਕਿ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ 'ਚ ਸੂਬਾ ਬੁਰੀ ਤਰ੍ਹਾਂ ਪਛੜ ਗਿਆ ਹੈ, ਵਿਰੋਧੀ ਧਿਰਾਂ ਇਸ ਨੂੰ ਜੰਗਲ ਰਾਜ ਕਹਿੰਦੀਆਂ ਸਨ। ਉਦੋਂ ਅਮਨ-ਕਾਨੂੰਨ ਦੀ ਸਥਿਤੀ ਵੀ ਬੇਹੱਦ ਵਿਗੜੀ ਹੋਈ ਸੀ। ਉਸ ਸਮੇਂ ਬਿਹਾਰੀ ਲੋਕ ਵੱਡੀ ਗਿਣਤੀ 'ਚ ਦੇਸ਼ ਦੇ ਦੂਜੇ ਰਾਜਾਂ 'ਚ ਰੁਜ਼ਗਾਰ ਲਈ ਜਾਂਦੇ ਸਨ। ਸੂਬੇ 'ਚ ਮੁਢਲੀਆਂ ਸਹੂਲਤਾਂ ਦੀ ਬੇਹੱਦ ਘਾਟ ਰੜਕਦੀ ਰਹੀ ਸੀ। ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਨੇ ਸੂਬੇ 'ਚ ਆਪਣਾ ਜਾਲ ਪੂਰੀ ਤਰ੍ਹਾਂ ਫੈਲਾ ਲਿਆ ਸੀ। ਇਸੇ ਕਰਕੇ ਮੁੱਖ ਮੰਤਰੀ ਹੁੰਦਿਆਂ ਲਾਲੂ ਪ੍ਰਸਾਦ ਤੇ ਉਸ ਦੇ ਸਾਥੀਆਂ ਨੂੰ ਅਨੇਕਾਂ ਘੁਟਾਲਿਆਂ 'ਚ ਸ਼ਮੂਲੀਅਤ ਕਾਰਨ ਲੰਬੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ, ਪਰ ਲਾਲੂ ਪ੍ਰਸਾਦ ਦੀ ਕੁਰਸੀ 'ਤੇ ਬਣੇ ਰਹਿਣ ਦੀ ਹਿਰਸ ਨਹੀਂ ਸੀ ਗਈ। ਜੇਲ੍ਹ 'ਚ ਹੁੰਦਿਆਂ ਵੀ ਉਨ੍ਹਾਂ ਆਪਣੀ ਪਤਨੀ ਰਾਬੜੀ ਦੇਵੀ, ਜੋ ਸਿਆਸਤ ਤੋਂ ਅਨਜਾਣ ਸੀ, ਨੂੰ ਮੁੱਖ ਮੰਤਰੀ ਦੀ ਉੱਚ-ਕੁਰਸੀ 'ਤੇ ਬਿਠਾ ਦਿੱਤਾ ਸੀ। ਕੇਂਦਰੀ ਮੰਤਰੀ ਹੁੰਦਿਆਂ ਵੀ ਲਾਲੂ ਪ੍ਰਸਾਦ ਯਾਦਵ ਤੇ ਉਸ ਦੇ ਪਰਿਵਾਰ 'ਤੇ ਅਨੇਕਾਂ ਦੋਸ਼ ਲਗਦੇ ਰਹੇ ਸਨ। ਅਜਿਹੇ ਕਾਰਨਾਂ ਕਰਕੇ ਹੀ ਉਹ ਅਤੇ ਉਸ ਦੇ ਬਹੁਤੇ ਪਰਿਵਾਰਕ ਮੈਂਬਰ ਅਜੇ ਤੱਕ ਸਜ਼ਾਵਾਂ ਭੁਗਤ ਰਹੇ ਹਨ ਜਾਂ ਜ਼ਮਾਨਤਾਂ 'ਤੇ ਬਾਹਰ ਆਏ ਹੋਏ ਹਨ। ਉਸ ਤੋਂ ਬਾਅਦ ਨਿਤਿਸ਼ ਕੁਮਾਰ ਨੇ ਚੋਣਾਂ ਲੜਨ ਸਮੇਂ ਸੂਬੇ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਸੰਬੰਧੀ ਕੁਝ ਵਾਅਦੇ ਕੀਤੇ ਸਨ, ਜਿਨ੍ਹਾਂ 'ਚ ਬਿਹਤਰ ਸੜਕਾਂ ਅਤੇ ਅਮਨ-ਕਾਨੂੰਨ ਦੀ ਹਾਲਤ 'ਚ ਵੱਡਾ ਸੁਧਾਰ ਲਿਆਉਣਾ ਵੀ ਸ਼ਮਿਲ ਸੀ।
ਮੁੱਖ ਮੰਤਰੀ ਬਣ ਕੇ ਉਨ੍ਹਾਂ ਨੇ 5 ਸਾਲਾਂ 'ਚ ਸੰਤੁਸ਼ਟੀਜਨਕ ਢੰਗ ਨਾਲ ਇਹ ਵਾਅਦੇ ਪੂਰੇ ਕਰ ਦਿੱਤੇ ਸਨ। ਇਸੇ ਲਈ ਉਹ ਸਾਲ 2010 'ਚ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹੋ ਗਏ ਸਨ। ਉਸ ਸਮੇਂ ਉਨ੍ਹਾਂ ਨੇ ਸੂਬੇ 'ਚ ਬਿਜਲੀ ਵਿਵਸਥਾ ਨੂੰ ਬਿਹਤਰ ਕਰਨ ਦਾ ਵਾਅਦਾ ਵੀ ਕੀਤਾ ਸੀ, ਜੋ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਵੱਡੀ ਹੱਦ ਤੱਕ ਪੂਰਾ ਕਰ ਲਿਆ ਸੀ। ਦੋ ਦਹਾਕਿਆਂ ਦੇ ਅਰਸੇ 'ਚ ਸਮੇਂ-ਸਮੇਂ ਉਨ੍ਹਾਂ ਨੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿਚ ਹਰ ਘਰ 'ਚ ਵਰਤੋਂ ਲਈ ਪਾਣੀ ਪਹੁੰਚਾਉਣਾ ਅਤੇ ਵਿਦਿਆਰਥੀਆਂ ਨੂੰ ਵਿਆਜ ਰਹਿਤ ਕਰਜ਼ੇ ਦੇਣਾ ਆਦਿ ਮੁੱਖ ਤੌਰ 'ਤੇ ਸ਼ਾਮਿਲ ਸਨ। ਆਪਣੇ ਇਨ੍ਹਾਂ ਵਾਅਦਿਆਂ 'ਤੇ ਵੀ ਉਹ ਕਾਫ਼ੀ ਹੱਦ ਤੱਕ ਪੂਰੇ ਉਤਰੇ ਸਨ, ਪਰ ਇਸ ਦੌਰਾਨ ਉਨ੍ਹਾਂ 'ਤੇ ਮੌਕਾਪ੍ਰਸਤ ਸਿਆਸਤ ਖੇਡਣ ਦੇ ਦੋਸ਼ ਵੀ ਲਗਦੇ ਰਹੇ ਸਨ, ਜਿਸ ਨਾਲ ਉਨ੍ਹਾਂ ਦਾ ਅਕਸ ਧੁੰਦਲਾ ਜ਼ਰੂਰ ਹੋਇਆ ਸੀ, ਪਰ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੇ ਦੋਸ਼ਾਂ ਤੋਂ ਉਹ ਹਮੇਸ਼ਾ ਬਚੇ ਰਹੇ। ਹੁਣੇ ਹੋਈਆਂ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਦੀ ਹੋਈ ਵੱਡੀ ਜਿੱਤ ਨੇ ਵੀ ਇਹ ਦਰਸਾ ਦਿੱਤਾ ਹੈ ਕਿ ਲੋਕ ਮਹਾਂਗਠਬੰਧਨ ਜਿਸ ਵਿਚ ਲਾਲੂ ਪ੍ਰਸਾਦ ਯਾਦਵ ਦਾ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੇ ਨਾਲ-ਨਾਲ ਕੁਝ ਖੱਬੇ-ਪੱਖੀ ਪਾਰਟੀਆਂ ਸ਼ਾਮਿਲ ਸਨ, ਵਲੋਂ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੂੰ ਲੰਬੀ ਹਿਚਕਚਾਹਟ ਤੇ ਲੰਬੀ ਦੇਰੀ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਐਲਾਨਿਆ ਸੀ। ਇਸ ਗੱਠਬੰਧਨ ਨੇ ਚੋਣਾਂ 'ਚ ਜਿੱਤਣ ਲਈ ਕੋਸ਼ਿਸ਼ ਤਾਂ ਪੂਰੀ ਕੀਤੀ, ਪਰ ਇਨ੍ਹਾਂ ਪਾਰਟੀਆਂ 'ਚ ਚੋਣਾਂ ਦੌਰਾਨ ਇਕਸੁਰਤਾ ਦੀ ਘਾਟ ਰੜਕਦੀ ਰਹੀ ਤੇ ਸੀਟਾਂ ਦੀ ਵੰਡ ਦੇ ਮਾਮਲੇ ਵਿਚ ਵੀ ਇਹ ਮਹਾਂਗੱਠਬੰਧਨ ਸਮੇਂ ਸਿਰ ਬਿਹਤਰ ਤਾਲਮੇਲ ਨਹੀਂ ਸੀ ਕਰ ਸਕਿਆ।
ਦੂਜੇ ਪਾਸੇ ਕੌਮੀ ਜਮਹੂਰੀ ਗੱਠਜੋੜ ਵਿਚ ਭਾਜਪਾ, ਨਿਤਿਸ਼ ਕੁਮਾਰ ਦਾ ਜਨਤਾ ਦਲ (ਯੂ) ਅਤੇ ਚਿਰਾਗ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਮੁੱਖ ਰੂਪ 'ਚ ਸ਼ਾਮਿਲ ਸਨ, ਜਿਨ੍ਹਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਵਖਰੇਵਾਂ ਨਹੀਂ ਦੇਖਿਆ ਗਿਆ। ਵਿਧਾਨ ਸਭਾ ਦੀਆਂ 243 ਸੀਟਾਂ ਲਈ ਹੋਈਆਂ ਚੋਣਾਂ ਵਿਚ ਭਾਜਪਾ ਨੇ 101 ਤੇ ਜਨਤਾ ਦਲ (ਯੂ) ਨੇ ਵੀ ਏਨੀਆਂ ਹੀ ਸੀਟਾਂ 'ਤੇ ਚੋਣਾਂ ਲੜੀਆਂ ਸਨ, ਜਿਨ੍ਹਾਂ 'ਚੋਂ ਭਾਜਪਾ ਵੱਡੀ ਪਾਰਟੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਤੇ ਜਨਤਾ ਦਲ (ਯੂ) ਦੂਜੇ ਨੰਬਰ 'ਤੇ ਰਿਹਾ। ਭਾਜਪਾ ਨੇ ਪ੍ਰੋੜ੍ਹਤਾ ਦਿਖਾਉਂਦਿਆਂ ਮੁੱਖ ਮੰਤਰੀ ਦੇ ਅਹੁਦੇ ਲਈ ਨਿਤਿਸ਼ ਕੁਮਾਰ ਨੂੰ ਹੀ ਚੁਣਿਆ, ਜਿਸ ਨਾਲ ਉਸ ਦਾ ਕੱਦ ਹੋਰ ਵੀ ਵਧਿਆ ਦਿਖਾਈ ਦਿੰਦਾ ਹੈ। ਹੁਣ ਜਿਸ ਤਰ੍ਹਾਂ ਦੀ ਸਰਕਾਰ ਦੁਬਾਰਾ ਬਣੀ ਹੈ, ਉਸ ਤੋਂ ਇਹ ਉਮੀਦ ਰੱਖੀ ਜਾਣੀ ਕੁਦਰਤੀ ਹੈ, ਕਿ ਉਹ ਜਿਥੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੋਵੇਗੀ, ਉਥੇ ਦੇਸ਼ ਦੇ ਅਹਿਮ ਸੂਬੇ ਬਿਹਾਰ ਨੂੰ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਤੋਰਨ 'ਚ ਵੀ ਤੇਜ਼ੀ ਨਾਲ ਕੰਮ ਕਰੇਗੀ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਜ਼ੋਨਲ ਕੌਂਸਲਾਂ ਕੋਲ ਫ਼ੈਸਲੇ ਲਾਗੂ ਕਰਵਾਉਣ ਦੇ ਅਧਿਕਾਰ ਨਹੀਂ ਅਗਲੀ ਖ਼ਬਰ ਕਿਰਦਾਰ ਪ੍ਰਭਾਵਸ਼ਾਲੀ ਹੋਣ ਦੇ ਨਾਲ-ਨਾਲ ਸਾਫ਼-ਸੁਥਰਾ ਵੀ ਹੋਣਾ ਚਾਹੀਦਾ ਹੈ। -ਚੈਸਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।