13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਚੋਣਾਂ ਦਾ ਪਹਿਲਾ ਪੜਾਅ

ਅਜੀਤ ਡੈਸਕ 07-11-2025

ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਬੇਹੱਦ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ, ਕਿਉਂਕਿ ਇਥੇ, ਜਿਥੇ ਦੋ ਵੱਡੀਆਂ ਕੌਮੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਚੋਣਾਂ ਲੜ ਰਹੀਆਂ ਹਨ, ਉੱਥੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਪਾਰਟੀ ਰਾਸ਼ਟਰੀ ਜਨਤਾ ਦਲ, ਜਿਸ ਨੂੰ ਇਸ ਸਮੇਂ ਲਾਲੂ ਪ੍ਰਸਾਦ ਯਾਦਵ ਦਾ ਲੜਕਾ ਤੇਜਸਵੀ ਯਾਦਵ ਚਲਾ ਰਿਹਾ ਹੈ ਅਤੇ ਵਿਰੋਧੀ ਧਿਰ ਦੇ ਮਹਾਂਗੱਠਜੋੜ ਵਲੋਂ ਉਸ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ, ਵੀ ਮੈਦਾਨ ਵਿਚ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਜਨਤਾ ਦਲ (ਯੂ) ਦਾ ਮੌਜੂਦਾ ਮੁੱਖ ਮੰਤਰੀ ਨਿਤਿਸ਼ ਕੁਮਾਰ ਇਕ ਵਾਰ ਫਿਰ ਚੋਣ ਮੈਦਾਨ ਵਿਚ ਨਿੱਤਰਿਆ ਹੋਇਆ ਹੈ। ਉਹ ਪਿਛਲੇ 10 ਸਾਲ ਤੋਂ ਸੂਬੇ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਰਾਜਮਾਨ ਹੈ। ਉਸ ਦਾ ਅਕਸ ਹਾਲੇ ਤੱਕ ਭ੍ਰਿਸ਼ਟਾਚਾਰ ਵਾਲੇ ਪੱਖ ਤੋਂ ਵਿਵਾਦਗ੍ਰਸਤ ਨਹੀਂ ਹੈ। ਪਰ ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਲਈ ਵੱਖ-ਵੱਖ ਪਾਰਟੀਆਂ ਨਾਲ ਸਮਝੌਤੇ ਕਰਨ ਤੇ ਤੋੜਨ ਕਾਰਨ ਇਸ ਵਾਰ ਉਸ ਦਾ ਅਕਸ ਜ਼ਰੂਰ ਧੁੰਦਲਾ ਹੋਇਆ ਦਿਖਾਈ ਦੇ ਰਿਹਾ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਨਿਤਿਸ਼ ਕੁਮਾਰ ਦੇ ਜਨਤਾ ਦਲ (ਯੂ) ਨੂੰ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ ਨੇ ਚੰਗਾ ਖੋਰਾ ਲਗਾਇਆ ਸੀ, ਕਿਉਂਕਿ ਉਸ ਸਮੇਂ ਸੀਟਾਂ ਦੀ ਵੰਡ ਨੂੰ ਲੈ ਕੇ ਕੌਮੀ ਜਮਹੂਰੀ ਗੱਠਜੋੜ ਨਾਲ ਸਮਝੌਤਾ ਨਹੀਂ ਸੀ ਹੋ ਸਕਿਆ, ਜਿਸ ਕਾਰਨ ਚਿਰਾਗ ਪਾਸਵਾਨ ਨੇ ਨਿਤਿਸ਼ ਦੀ ਪਾਰਟੀ ਵਿਰੁੱਧ ਆਪਣੇ ਬਹੁਤੇ ਉਮੀਦਵਾਰ ਖੜ੍ਹੇ ਕਰ ਦਿੱਤੇ ਸਨ। ਇਸ ਕਾਰਨ 2020 ਵਿਚ ਪਹਿਲੇ ਪੜਾਅ ਵਿਚ 121 ਸੀਟਾਂ 'ਤੇ ਹੋਈਆਂ ਚੋਣਾਂ 'ਚ ਨਿਤਿਸ਼ ਕੁਮਾਰ ਦੀ ਪਾਰਟੀ ਦੀਆਂ ਸੀਟਾਂ ਘਟ ਕੇ 23 ਰਹਿ ਗਈਆਂ ਸਨ ਜਦ ਕਿ ਭਾਜਪਾ ਨੂੰ 32 ਸੀਟਾਂ ਅਤੇ ਰਾਸ਼ਟਰੀ ਜਨਤਾ ਦਲ ਨੂੰ 42 ਸੀਟਾਂ 'ਤੇ ਜਿੱਤ ਹਾਸਿਲ ਹੋਈ ਸੀ। ਸਮੁੱਚੇ ਤੌਰ 'ਤੇ 2020 ਵਿਚ ਕੁੱਲ 243 ਸੀਟਾਂ ਵਿਚੋਂ ਜਨਤਾ ਦਲ (ਯੂ) ਨੇ 45, ਭਾਜਪਾ ਨੇ 80, ਹਿੰਦੋਸਤਾਨੀ ਅਵਾਮ ਮੋਰਚਾ (ਐਸ.) ਨੇ 4, ਦੂਜੇ ਪਾਸੇ ਮਹਾਂਗੱਠਜੋੜ ਦੀਆਂ ਪਾਰਟੀਆਂ ਵਿਚੋਂ ਰਾਸ਼ਟਰੀ ਜਨਤਾ ਦਲ ਨੇ 77, ਕਾਂਗਰਸ ਨੇ 19, ਸੀ.ਪੀ. ਆਈ. (ਐਮ. ਐਲ.) ਨੇ 11, ਸੀ.ਪੀ.ਆਈ. (ਐੱਮ.) ਨੇ 26, ਸੀ.ਪੀ.ਆਈ. ਨੇ 2, ਓਵੈਸੀ ਦੀ ਪਾਰਟੀ ਨੇ 5 ਸੀਟਾਂ ਜਿੱਤੀਆਂ ਸਨ। ਬਾਕੀ ਸੀਟਾਂ ਕੁਝ ਛੋਟੀਆਂ ਪਾਰਟੀਆਂ ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ। ਇਸ ਵਾਰ ਵੱਡੀ ਕਵਾਇਦ ਤੋਂ ਬਾਅਦ ਚਿਰਾਗ ਪਾਸਵਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨਾਲ ਰਲ ਕੇ ਚੋਣ ਲੜ ਰਿਹਾ ਹੈ। ਵਿਧਾਨ ਸਭਾ ਦੀਆਂ ਕੁੱਲ 243 ਸੀਟਾਂ ਵਿਚੋਂ ਭਾਜਪਾ 101 ਸੀਟਾਂ 'ਤੇ ਅਤੇ ਜਨਤਾ ਦਲ (ਯੂ) ਵੀ 101 ਸੀਟਾਂ 'ਤੇ ਚੋਣ ਲੜ ਰਿਹਾ ਹੈ। ਇਸ ਲਈ ਇਸ ਵਾਰ ਚਿਰਾਗ ਪਾਸਵਾਨ ਨੂੰ ਉਸ ਦੀ ਮੰਗ ਅਨੁਸਾਰ 29 ਸੀਟਾਂ ਦਿੱਤੀਆਂ ਗਈਆਂ ਹਨ। ਇਸ ਗੱਠਜੋੜ ਨਾਲ ਜੀਤਨ ਰਾਮ ਮਾਂਝੀ ਦਾ ਹਿੰਦੋਸਤਾਨੀ ਅਵਾਮ ਮੋਰਚਾ ਤੇ ਉਪੇਂਦਰ ਪਿਸ਼ਵਾਹਾ ਦਾ ਰਾਸ਼ਟਰੀ ਲੋਕ ਮੋਰਚਾ ਵੀ ਇਸ ਗੱਠਜੋੜ ਵਿਚ ਸ਼ਾਮਿਲ ਹੈ।
ਦੂਜੇ ਪਾਸੇ ਮਹਾਂਗੱਠਜੋੜ ਵਿਚ ਕਾਂਗਰਸ ਦੂਜੀ ਪਾਰਟੀ ਦੇ ਤੌਰ 'ਤੇ ਚੋਣਾਂ ਲੜ ਰਹੀ ਹੈ। ਵਧੇਰੇ ਸੀਟਾਂ 'ਤੇ ਲਾਲੂ ਪ੍ਰਸਾਦ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ। ਇਸ ਗੱਠਜੋੜ ਵਿਚ ਕਈ ਤਰ੍ਹਾਂ ਦੀਆਂ ਪਾਰਟੀਆਂ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਿਸਟ-ਲੈਨਿਨਿਸਟ), ਲਿਬਰੇਸ਼ਨ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਅਤੇ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ ਆਦਿ ਸ਼ਾਮਿਲ ਹਨ। ਇਸ ਵਾਰ ਇਹ ਚੋਣ ਇਸ ਕਰਕੇ ਵੀ ਵਧੇਰੇ ਦਿਲਚਸਪ ਹੋ ਗਈ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਵਿਸ਼ਲੇਸ਼ਕ ਦੇ ਤੌਰ 'ਤੇ ਸਰਗਰਮ ਰਹੇ ਪ੍ਰਸ਼ਾਂਤ ਕਿਸ਼ੋਰ ਵੀ ਚੋਣਾਂ ਲੜ ਰਹੇ ਹਨ। ਉਨ੍ਹਾਂ ਨੇ ਪਹਿਲਾਂ ਵੱਖ-ਵੱਖ ਸਮੇਂ 'ਤੇ, ਦੇਸ਼ ਦੀਆਂ ਵੱਖ-ਵੱਖ ਪਾਰਟੀਆਂ ਲਈ ਚੋਣ ਰਣਨੀਤੀ ਬਣਾਈ ਸੀ, ਜੋ ਵੱਡੀ ਹੱਦ ਤੱਕ ਸਫ਼ਲ ਵੀ ਰਹੀ ਸੀ। ਇਸ ਵਾਰ ਪ੍ਰਸ਼ਾਂਤ ਕਿਸ਼ੋਰ ਨੇ ਸਾਲ ਕੁ ਭਰ ਪਹਿਲਾਂ ਆਪਣੀ ਬਣਾਈ ਜਨ ਸੁਰਾਜ ਪਾਰਟੀ ਨੂੰ ਮੈਦਾਨ ਵਿਚ ਉਤਾਰਿਆ ਹੈ, ਜਿਸ ਨੇ ਬਿਹਾਰ ਦੀਆਂ ਸਾਰੀਆਂ 243 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਹਾਲੇ ਤੱਕ ਵੀ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਜਾਪਦਾ ਹੈ ਕਿ ਸੂਬੇ ਦੀ ਸਿਆਸਤ ਵਿਚ ਇਹ ਨਵੀਂ ਧਿਰ ਕਿਸ ਗੱਠਜੋੜ ਨੂੰ ਨੁਕਸਾਨ ਤੇ ਕਿਸ ਨੂੰ ਲਾਭ ਪਹੁੰਚਾ ਸਕਦੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਖ਼ਤਮ ਹੋ ਗਿਆ ਹੈ। ਇਸ ਵਿਚ 121 ਸੀਟਾਂ 'ਤੇ ਚੋਣਾਂ ਕਰਵਾਈਆਂ ਗਈਆਂ ਹਨ। ਪਹਿਲੇ ਪੜਾਅ ਵਿਚ 64 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ ਹਨ। ਦੂਸਰੇ ਪੜਾਅ ਵਿਚ 11 ਨਵੰਬਰ ਨੂੰ 122 ਸੀਟਾਂ 'ਤੇ ਚੋਣਾਂ ਕਰਾਈਆਂ ਜਾਣਗੀਆਂ। ਇਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਸੀ। ਉਸ ਤੋਂ ਕਈ ਮਹੀਨੇ ਪਹਿਲਾਂ ਕਾਂਗਰਸ ਦੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਭਾਜਪਾ ਨੂੰ ਵੋਟਾਂ ਚੋਰੀ ਕਰਨ ਲਈ ਦੋਸ਼ੀ ਠਹਿਰਾਇਆ ਸੀ ਤੇ ਦੇਸ਼ ਭਰ ਵਿਚ ਉਸ ਵਿਰੁੱਧ ਇਸ ਮਸਲੇ 'ਤੇ ਪ੍ਰਚਾਰ ਵੀ ਕੀਤਾ ਸੀ। ਇਕ ਵਾਰ ਫਿਰ ਰਾਹੁਲ ਗਾਂਧੀ ਨੇ ਹਰਿਆਣਾ ਦੇ ਹਵਾਲੇ ਨਾਲ ਮੁੜ ਇਹ ਮੁੱਦਾ ਉਠਾਇਆ ਹੈ। ਚਾਹੇ ਚੋਣ ਕਮਿਸ਼ਨ ਨੇ ਉਸ ਨੂੰ ਵਾਰ-ਵਾਰ ਕਿਹਾ ਹੈ ਕਿ ਉਹ ਲਿਖਤੀ ਰੂਪ ਵਿਚ ਇਸ ਸੰਬੰਧੀ ਉਸ ਕੋਲ ਸ਼ਿਕਾਇਤ ਦਰਜ ਕਰਾ ਸਕਦਾ ਹੈ ਜਾਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹੈ। ਅਜਿਹਾ ਕਰਨ ਦੀ ਬਜਾਏ ਰਾਹੁਲ ਗਾਂਧੀ ਨੇ ਸਿਆਸੀ ਤੌਰ 'ਤੇ ਇਸ ਗੱਲ ਨੂੰ ਮੁੱਦਾ ਬਣਾਇਆ ਹੈ ਅਤੇ ਦੇਸ਼ ਭਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਇਸ ਸੰਬੰਧੀ ਪ੍ਰਚਾਰ ਵੀ ਕੀਤਾ ਹੈ, ਜੋ ਹੁਣ ਤੱਕ ਵੀ ਜਾਰੀ ਹੈ। ਪਰ ਚੋਣਾਂ ਵਿਚ ਇਸ ਮੁਹਿੰਮ ਦਾ ਕੀ ਅਸਰ ਹੁੰਦਾ ਹੈ, ਦੇਖਣ ਵਾਲੀ ਗੱਲ ਹੋਵੇਗੀ।
ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੇ ਕੇਂਦਰ ਤੇ ਰਾਜ ਵਿਚ ਆਪਣੀਆਂ-ਆਪਣੀਆਂ ਸਰਕਾਰਾਂ ਦੇ ਹੁੰਦਿਆਂ ਲੋਕਾਂ ਨੂੰ ਲੁਭਾਉਣ ਲਈ ਵੱਧ ਤੋਂ ਵੱਧ ਗੱਫੇ ਵੰਡਣ ਦਾ ਯਤਨ ਕੀਤਾ ਹੈ। ਦੂਜੇ ਪਾਸੇ ਤੇਜਸਵੀ ਯਾਦਵ, ਜੋ ਮਹਾਂਗੱਠਜੋੜ ਦਾ ਆਗੂ ਬਣ ਕੇ ਉੱਭਰਿਆ ਹੈ, ਨੇ ਵੀ ਲੋਕਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਹਨ। ਇਨ੍ਹਾਂ ਚੋਣਾਂ ਵਿਚ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਦੇ ਮੁੱਦੇ ਪੂਰੀ ਤਰ੍ਹਾਂ ਉੱਭਰ ਕੇ ਇਕ ਵਾਰ ਫਿਰ ਸਾਹਮਣੇ ਆਏ ਹਨ, ਪਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਉੱਤੇ ਧਰਮ ਦੇ ਨਾਂਅ 'ਤੇ ਸਿਆਸਤ ਕੀਤੇ ਜਾਣ ਦੇ ਦੋਸ਼ ਲਗਾਤਾਰ ਲਗਦੇ ਰਹੇ ਹਨ। ਇਸ ਦੇ ਨਾਲ-ਨਾਲ ਲਾਲੂ ਪ੍ਰਸਾਦ ਯਾਦਵ ਦੇ 10 ਸਾਲ ਦੇ ਜੰਗਲ ਰਾਜ ਕਹੇ ਜਾਂਦੇ ਪ੍ਰਸ਼ਾਸਨ ਨੂੰ ਵੀ ਬਿਹਾਰ ਦੇ ਲੋਕ ਅਜੇ ਤੱਕ ਨਹੀਂ ਭੁੱਲੇ। ਬਿਨਾਂ ਸ਼ੱਕ ਨਿਤਿਸ਼ ਕੁਮਾਰ ਨੇ ਲੋਕ ਹਿਤੈਸ਼ੀ ਯੋਜਨਾਵਾਂ ਦੇ ਨਾਲ-ਨਾਲ ਸੂਬੇ ਦੇ ਮੁਢਲੇ ਢਾਂਚੇ ਦੇ ਵਿਕਾਸ ਲਈ ਵੱਡੇ ਕੰਮ ਕੀਤੇ ਹਨ, ਪਰ ਬੇਰੁਜ਼ਗਾਰੀ ਦਾ ਮਸਲਾ ਹਾਲੇ ਵੀ ਮੂੰਹ ਅੱਡੀ ਖੜ੍ਹਾ ਹੈ, ਜਿਸ ਨੇ ਨੌਜਵਾਨਾਂ ਦੇ ਇਕ ਵੱਡੇ ਵਰਗ ਵਿਚ ਨਿਰਾਸ਼ਾ ਪੈਦਾ ਕੀਤੀ ਹੈ। ਇਨ੍ਹਾਂ ਚੋਣਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਤੇ ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਦੇ ਤਾਕਤ ਵਿਚ ਆਉਣ 'ਤੇ ਉਹ ਬਿਹਾਰ ਦੀ ਕਾਇਆਕਲਪ ਕਰਨਗੀਆਂ, ਜਿਸ ਦੀ ਉਮੀਦ ਦਹਾਕਿਆਂਬੱਧੀ ਬਿਹਾਰ ਵਾਸੀਆਂ ਨੂੰ ਲੱਗੀ ਰਹੀ ਹੈ। ਅੱਜ ਵੀ ਉਹ ਆਪਣੀਆਂ ਵੋਟਾਂ ਰਾਹੀਂ ਸਿਆਸਤਦਾਨਾਂ ਤੋਂ ਅਜਿਹੀ ਹੀ ਮੰਗ ਕਰਦੇ ਨਜ਼ਰ ਆ ਰਹੇ ਹਨ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਅਜੋਕੀ ਸਥਿਤੀ ਵਿਚ ਪੰਜਾਬ ਕੀ ਕਰੇ? ਅਗਲੀ ਖ਼ਬਰ ਮਾਲਕ ਬਣਨ ਲਈ ਸਿਆਸਤਦਾਨ ਸੇਵਕ ਵਜੋਂ ਪੇਸ਼ ਆਉਂਦੇ ਹਨ। -ਚਾਰਲਸ ਡੀ.ਗਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।