ਪੰਜਾਬੀ ਬੋਲੀ ਨੇ ਆਪਣਾ ਉੱਚ ਸਥਾਨ ਇਸ ਕਰਕੇ ਗਵਾਇਆ ਹੈ, ਕਿਉਂਕਿ ਇਹ ਇਕ ਅਧਿਆਤਮਿਕ ਅਤੇ ਗੂੜ੍ਹ ਗਿਆਨ ਦੀ ਭਾਸ਼ਾ ਤੋਂ ਛੋਟੇ ਮਿਆਰ, ਮਨੋਰੰਜਨ ਅਤੇ ਹਾਸੇ-ਮਜ਼ਾਕ ਦੀ ਬੋਲੀ ਬਣ ਕੇ ਰਹਿ ਗਈ ਹੈ। ਇਸ ਦਾ ਮੁੱਖ ਕਾਰਨ ਇਹੀ ਹੈ ਕਿ ਅਸੀਂ ਬੋਲੀ ਦੇ ਨਾਇਕਾਂ ਵਜੋਂ ਸਿਰਫ਼ ਕੁਝ ਕਲਾਕਾਰਾਂ ਅਤੇ ਅਦਾਕਾਰਾਂ ਨੂੰ ਮੂਹਰੇ ਰੱਖਿਆ ਹੈ। ਅਜੋਕੇ ਯੁੱਗ ਵਿਚ ਆਪਾਂ ਉਨ੍ਹਾਂ ਨਾਇਕਾਂ ਨੂੰ ਮੋਹਰੀ ਨਹੀਂ ਬਣਾ ਸਕੇ, ਜਿਨ੍ਹਾਂ ਅਧਿਆਤਮਿਕ ਤੇ ਬੌਧਿਕ ਤੌਰ 'ਤੇ ਇਸ ਬੋਲੀ ਰਾਹੀਂ ਵੱਡੀਆਂ ਮੱਲਾਂ ਮਾਰੀਆਂ ਹਨ।
ਇਸ ਬੋਲੀ ਨੂੰ ਮੁੱਖ ਵਿਸ਼ਾ ਬਣਾ ਕੇ ਕਈ ਲੋਕ ਆਈ.ਏ.ਐਸ. ਵਰਗੀਆਂ ਕਠਿਨ ਪ੍ਰੀਖਿਆਵਾਂ ਪਾਸ ਕਰ ਕੇ ਵੱਡੇ ਅਫ਼ਸਰ ਲੱਗੇ ਹਨ, ਜਿਨ੍ਹਾਂ 'ਚ ਆਈ.ਏ.ਐਸ. ਵਰਿੰਦਰ ਸ਼ਰਮਾ ਤੇ ਆਈ.ਏ.ਐਸ. ਕੁਲਵੰਤ ਸਿੰਘ ਹਨ, ਪਰ ਆਮ ਲੋਕ ਇਹ ਸਭ ਗੱਲਾਂ ਤੋਂ ਜਾਣੂ ਨਹੀਂ ਹਨ, ਜਿਸ ਕਾਰਨ ਇਹ ਲੋਕ ਪੰਜਾਬੀ ਨੂੰ ਸਿਰਫ਼ ਹਾਸੇ-ਮਜ਼ਾਕ ਦੀ ਬੋਲੀ ਸਮਝਦੇ ਹਨ। ਲੋਕਾਂ ਵਿਚ ਬੋਲੀ ਪ੍ਰਤੀ ਮਾਣ ਖ਼ਤਮ ਹੋ ਚੁੱਕਾ ਹੈ ਅਤੇ ਇਸ ਬੋਲੀ ਦੀ ਵਰਤੋਂ ਕਰਨ ਵਾਲਿਆਂ ਨੂੰ ਅਜੇ ਵੀ ਦੇਸੀ ਅਤੇ ਅਨਪੜ੍ਹ ਹੀ ਸਮਝਾਇਆ ਜਾਂਦਾ ਹੈ। ਅਸੀਂ ਲੋਕਾਂ ਨੂੰ ਇਸ ਬਾਰੇ ਸਮਝਾਉਣ ਵਿਚ ਅਸਫ਼ਲ ਰਹੇ ਹਾਂ ਕਿ ਇਸ ਬੋਲੀ ਦਾ ਮਿਆਰ ਕਿੰਨਾ ਉੱਚਾ ਹੈ। ਇਹ ਤਾਂ ਗੁਰੂਆਂ ਦੀ ਬੋਲੀ ਹੈ, ਜਿਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਹੋਈ ਹੈ, ਪਰ ਅੱਜ-ਕੱਲ੍ਹ ਲੋਕ ਗੁਰਦੁਆਰਿਆਂ ਵਿਚ ਤਾਂ ਜਾਂਦੇ ਹਨ, ਪਰ ਗੁਰਬਾਣੀ ਤੋਂ ਕੋਹਾਂ ਦੂਰ ਹਨ। ਵਿਗਿਆਨ ਤੇ ਸਮਾਜਿਕ ਗਿਆਨ ਦੇ ਵਿਸ਼ਿਆਂ 'ਤੇ ਵੀ ਚੰਗੇ ਮਿਆਰ ਦੀਆਂ ਕਿਤਾਬਾਂ ਪੰਜਾਬੀ ਵਿਚ ਤਿਆਰ ਨਹੀਂ ਹੋ ਸਕੀਆਂ। ਬਹੁਤੀ ਵਾਰ ਇਨ੍ਹਾਂ ਵਿਸ਼ਿਆਂ ਦੀਆਂ ਕਿਤਾਬਾਂ ਉਨ੍ਹਾਂ ਦੇ ਅਸਲ ਅੰਗਰੇਜ਼ੀ ਰੂਪ ਦਾ ਪੰਜਾਬੀ ਤਰਜ਼ਮਾਂ ਹੀ ਹੁੰਦੀਆਂ ਹਨ, ਜਿਸ ਕਾਰਨ ਵੀ ਸਾਡਾ ਵਿਦਿਆਰਥੀ ਵਰਗ ਆਪਣੀ ਮਾਤ ਭਾਸ਼ਾ ਤੋਂ ਦੂਰ ਹੈ। ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਪੰਜਾਬ ਅੰਦਰ ਗ੍ਰੈਜੂਏਸ਼ਨ ਪੱਧਰ ਤੱਕ ਇਕ ਵਿਸ਼ੇ ਵਜੋਂ ਹਰ ਕੋਰਸ ਵਿਚ ਲਾਜ਼ਮੀ ਤੌਰ 'ਤੇ ਪੜ੍ਹਾਈ ਜਾਵੇ ਤਾਂ ਜੋ ਹਰ ਖਿੱਤੇ ਨਾਲ ਸੰਬੰਧਿਤ ਲੋਕ ਇਸ ਨਾਲ ਜੁੜੇ ਰਹਿਣ। ਪੰਜਾਬ ਅੰਦਰ ਬਹੁਤ ਚੰਗਾ ਸਾਹਿਤ ਰਚਿਆ ਗਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਆਮ ਲੋਕਾਂ, ਖ਼ਾਸ ਕਰਕੇ ਵਿਦਿਆਰਥੀਆਂ ਤੱਕ ਆਸਾਨੀ ਨਾਲ ਨਹੀਂ ਪਹੁੰਚਦਾ।
ਇਸ ਦੇ ਪ੍ਰਚਾਰ ਤੇ ਪਸਾਰ ਲਈ ਜ਼ਰੂਰੀ ਹੈ ਕਿ ਇਸ ਸੰਬੰਧੀ 'ਮੇਰੀ ਮਾਂ ਬੋਲੀ ਮੇਰਾ ਮਾਣ' ਵਰਗੇ ਪ੍ਰੋਗਰਾਮ ਉਲੀਕੇ ਜਾਣ ਅਤੇ ਅਜਿਹੇ ਪ੍ਰੋਗਰਾਮ ਪੰਜਾਬ ਦੇ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਕਰਵਾਏ ਜਾਣ। ਸਕੂਲਾਂ/ਕਾਲਜਾਂ 'ਚ ਹਫ਼ਤੇ ਦਾ ਇਕ ਦਿਨ ਮਾਂ ਬੋਲੀ ਦੇ ਦਿਨ ਵਜੋਂ ਨਿਰਧਾਰਤ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਅਹਿਮੀਅਤ ਬਾਰੇ ਪਤਾ ਲੱਗੇ ਤੇ ਉਹ ਇਸ ਨਾਲ ਜੁੜੇ ਰਹਿਣ। ਭਾਵੇਂ ਪੰਜਾਬ ਸਰਕਾਰ ਨੇ ਕੰਮਕਾਰ ਦੀ ਭਾਸ਼ਾ ਦੇ ਤੌਰ 'ਤੇ ਪੰਜਾਬੀ ਭਾਸ਼ਾ ਨੂੰ ਬਾਖੂਬੀ ਮੂਹਰੇ ਰੱਖਿਆ ਹੈ, ਪਰ ਇਸ ਦੇ ਪ੍ਰਚਾਰ-ਪਸਾਰ ਲਈ ਗ਼ੈਰ-ਸਰਕਾਰੀ ਅਤੇ ਵਪਾਰਕ ਥਾਵਾਂ 'ਤੇ ਵੀ ਇਸ ਦੀ ਵਰਤੋਂ ਨੂੰ ਵਧਾਉਣਾ ਜ਼ਰੂਰੀ ਹੈ। ਆਮ ਲੋਕਾਂ ਵਿਚ ਇਹ ਪ੍ਰਭਾਵ ਬਣਿਆ ਹੋਇਆ ਕਿ ਅੰਗਰੇਜ਼ੀ ਅਤੇ ਕੁਝ ਹੱਦ ਤੱਕ ਹਿੰਦੀ ਭਾਸ਼ਾ ਬੋਲਣਾ ਉਨ੍ਹਾਂ ਦੇ ਦਰਜੇ ਨੂੰ ਉੱਚਾ ਚੁੱਕਦਾ ਹੈ, ਹਾਲਾਂਕਿ ਇਹ ਪ੍ਰਭਾਵ ਬਿਲਕੁਲ ਗਲਤ ਹੈ ਅਤੇ ਇਸ ਦੀਆਂ ਕਈ ਉਦਾਹਰਨਾਂ ਹਨ। ਦੁਨੀਆ ਦੇ ਵੱਡੇ ਸ਼ਹਿਰ ਜਿਵੇਂ ਕਿ ਲੰਡਨ, ਟੋਰਾਂਟੋ, ਸਿਡਨੀ ਜਿੱਥੇ ਪੰਜਾਬੀ ਭਾਈਚਾਰੇ ਦਾ ਵੱਡਾ ਹਿੱਸਾ ਵਸਦਾ ਹੈ, ਵਿਖੇ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਤੇ ਫ਼ਰੈਂਚ ਭਾਸ਼ਾ ਦੇ ਬਰਾਬਰ ਮਾਣ-ਸਤਿਕਾਰ ਮਿਲਦਾ ਹੈ। ਇਨ੍ਹਾਂ ਸ਼ਹਿਰਾਂ 'ਚ ਸਾਈਨ ਬੋਰਡਾਂ ਤੋਂ ਲੈ ਕੇ ਹੋਰ ਸਰਕਾਰੀ ਤੇ ਗ਼ੈਰ-ਸਰਕਾਰੀ ਕੰਮਾਂ 'ਚ ਪੰਜਾਬੀ ਭਾਸ਼ਾ ਦੀ ਖੁੱਲ੍ਹੀ ਵਰਤੋਂ ਕੀਤੀ ਜਾ ਰਹੀ ਹੈ।
ਲੋਕਾਂ ਦਾ ਪੰਜਾਬੀ ਭਾਸ਼ਾ ਵਲੋਂ ਝੁਕਾਅ ਘਟਣ ਦਾ ਵੱਡਾ ਕਾਰਨ ਗੁਰਬਾਣੀ ਤੋਂ ਦੂਰ ਹੋਣਾ ਵੀ ਹੈ। ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਤੇ ਮਸ਼ੀਨੀ ਯੁੱਗ 'ਚ ਮਨੁੱਖ ਖ਼ੁਦ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ ਅਤੇ ਉਸ ਦੇ ਜੀਵਨ ਵਿਚ ਗੁਰਬਾਣੀ ਤੇ ਹੋਰ ਧਾਰਮਿਕ ਪ੍ਰੰਪਰਾਵਾਂ, ਸਾਖੀਆਂ ਤੇ ਸਾਹਿਤ ਬਿਲਕੁਲ ਅਲੋਪ ਹੁੰਦਾ ਜਾ ਰਿਹਾ ਹੈ। ਜਿੰਨਾ ਅਸੀਂ ਇਨ੍ਹਾਂ ਨਾਲ ਜੁੜਾਂਗੇ, ਓਨਾ ਹੀ ਅਸੀਂ ਪੰਜਾਬੀ ਨੂੰ ਮਾਣ-ਸਤਿਕਾਰ ਨਾਲ ਲਿਖਣਾ, ਪੜ੍ਹਨਾ ਤੇ ਬੋਲਣਾ ਸ਼ੁਰੂ ਕਰਾਂਗੇ। ਪੰਜਾਬੀ ਦੇ ਰੁਤਬੇ ਨੂੰ ਅੱਗੇ ਲਿਜਾਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਅਖ਼ਬਾਰਾਂ ਤੇ ਰਸਾਲਿਆਂ ਦੀ ਵੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਪ੍ਰਕਾਸ਼ਨਾਂ ਨੂੰ ਚਲਾਉਣ ਵਾਲੇ ਅਦਾਰੇ ਪੰਜਾਬੀ ਸਾਹਿਤ ਦੇ ਨਾਲ-ਨਾਲ ਹੋਰ ਵਿਸ਼ਿਆਂ ਨੂੰ ਪੰਜਾਬੀ ਰਾਹੀਂ ਆਪਣੇ ਪਾਠਕਾਂ ਤੱਕ ਲੈ ਕੇ ਜਾਣ। ਅੱਜ ਦਾ ਯੁੱਗ ਡਾਟਾ ਕ੍ਰਾਂਤੀ ਅਤੇ ਵਿਗਿਆਨ ਦਾ ਯੁੱਗ ਹੈ।
ਤਕਰੀਬਨ ਦੁਨੀਆ ਦੀ ਹਰ ਵੱਡੀ ਕੰਪਨੀ ਰੋਜ਼ਮਰ੍ਹਾ ਦੇ ਕੰਮਕਾਜਾਂ 'ਚੋਂ ਪੈਦਾ ਹੋਏ ਡਾਟੇ ਰਾਹੀਂ ਚੱਲ ਰਹੀ ਹੈ ਅਤੇ ਨਵੇਂ ਉਤਪਾਦ ਤੇ ਸੇਵਾਵਾਂ ਬਣਾ ਰਹੀ ਹੈ। ਅਜਿਹੇ ਵਿਚ ਜਿੰਨਾਂ ਜ਼ਿਆਦਾ ਡਾਟਾ ਅਸੀਂ ਪੰਜਾਬੀ ਵਿਚ ਪੈਦਾ ਕਰ ਲਵਾਂਗੇ, ਓਨਾ ਜ਼ਿਆਦਾ ਇਨ੍ਹਾਂ ਅਦਾਰਿਆਂ ਵਲੋਂ ਪੰਜਾਬੀ ਨੂੰ ਅਹਿਮ ਸਮਝਿਆ ਜਾਵੇਗਾ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਸਾਡਾ ਭਵਿੱਖ ਹਨ ਅਤੇ ਇਹ ਸਾਡੇ ਦੁਆਰਾ ਪੈਦਾ ਕੀਤੇ ਗਏ ਤੇ ਲਗਾਤਾਰ ਪੈਦਾ ਕੀਤੇ ਜਾ ਰਹੇ ਡਾਟੇ 'ਤੇ ਨਿਰਭਰ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਬੋਲੀ ਦੀ ਵਰਤੋਂ ਦਿਨ ਪ੍ਰਤੀਦਿਨ ਵਧੇ ਅਤੇ ਇਸ ਰਾਹੀਂ ਵੱਧ ਤੋਂ ਵੱਧ ਡਾਟਾ ਪੈਦਾ ਹੋਵੇ। ਅਖੀਰ ਇਹ ਸਭ ਤੋਂ ਵੱਧ ਜ਼ਰੂਰੀ ਹੈ ਕਿ ਸਾਡੇ 'ਚੋਂ ਹਰ ਕੋਈ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਪੂਰੇ ਮਾਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਕਰੇ ਤੇ ਸਿਰਫ਼ ਬਹੁਤ ਜ਼ਰੂਰੀ ਹੋਣ 'ਤੇ ਹੀ ਅੰਗਰੇਜ਼ੀ ਜਾਂ ਹਿੰਦੀ ਵੱਲ ਵਧੇ। ਕਾਫ਼ੀ ਸਾਰੇ ਵੱਡੇ ਬ੍ਰਾਂਡਿਡ ਸ਼ੋਅਰੂਮਾਂ ਅਤੇ ਹਸਪਤਾਲਾਂ ਨੇ ਆਪਣੇ ਸਾਈਨ ਬੋਰਡ ਅਤੇ ਹੋਰ ਸੇਵਾਵਾਂ ਸੰਬੰਧੀ ਜਾਣਕਾਰੀ ਵਿਚ ਪੰਜਾਬੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।
-ਸਟਾਫ਼ ਰਿਪੋਰਟਰ 'ਅਜੀਤ',
ਇੰਚਾਰਜ ਉਪ ਦਫ਼ਤਰ,
ਫ਼ਰੀਦਕੋਟ ਤੇ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ: 98145-53988