16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸੱਤਾ 'ਚ ਬਣੇ ਰਹਿਣ ਲਈ ਕਈ ਬਦਲ ਅਪਣਾ ਸਕਦੇ ਹਨ ਟਰੰਪ!

ਅਜੀਤ ਡੈਸਕ 17-07-2025

ਅਮਰੀਕਾ 'ਚ ਆਮ ਕਿਹਾ ਜਾਂਦਾ ਹੈ ਕਿ ਜ਼ਿਆਦਾਤਰ ਰਾਸ਼ਟਰਪਤੀ ਆਪਣੇ ਦੂਜੇ ਕਾਰਜਕਾਲ ਵਿਚ 'ਠੋਕਰ ਖਾਂਦੇ ਹਨ' ਅਤੇ ਅੰਤ ਵਿਚ ਲੰਗੜੀ ਬੱਤਖ ਵਰਗੇ ਰਾਸ਼ਟਰਪਤੀ ਬਣ ਜਾਂਦੇ ਹਨ ਪਰ ਟਰੰਪ ਅਜਿਹੀ ਕਿਸਮਤ ਤੋਂ ਬਚਣ ਲਈ ਇਕ ਵਿਲੱਖਣ ਸਥਿਤੀ ਵਿਚ ਹਨ। ਪ੍ਰਮੁੱਖ ਅਮਰੀਕੀ ਰੋਜ਼ਾਨਾ ਅਖ਼ਬਾਰ 'ਵਾਸ਼ਿੰਗਟਨ ਪੋਸਟ' ਦੇ ਸੰਪਾਦਕੀ ਬੋਰਡ ਨੇ ਅਜਿਹੇ ਵੱਖ-ਵੱਖ ਬਦਲ ਪੇਸ਼ ਕੀਤੇ, ਜਿਨ੍ਹਾਂ ਦੀ ਵਰਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਇਹ ਯਕੀਨੀ ਬਣਾਉਣ ਲਈ ਕਰ ਸਕਦੇ ਹਨ ਕਿ ਉਹ ਆਪਣੇ ਕਾਰਜਕਾਲ ਦੇ ਅਖ਼ੀਰ ਵਿਚ ਇਕ ਲੰਗੜੀ ਬੱਤਖ ਨਾ ਬਣ ਜਾਣ। ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਰਿਪਬਲਿਕਨ ਪਾਰਟੀ ਦੇ ਆਧਾਰ ਅਤੇ ਧੱਕੇਸ਼ਾਹੀ ਵਾਲੇ ਮੰਚ 'ਤੇ ਉਨ੍ਹਾਂ ਦੀ ਸ਼ੋਅਮੈਨ ਵਰਗੀ ਕਮਾਂਡ ਅਤੇ ਉਨ੍ਹਾਂ ਦਾ ਨਿਰੰਤਰ ਪ੍ਰਭਾਵ, ਉਨ੍ਹਾਂ ਨੂੰ ਦੇਸ਼ ਦੀ ਦਿਸ਼ਾ 'ਤੇ ਅਸਾਧਾਰਨ ਪ੍ਰਭਾਵ ਪਾਉਣ ਦੀ ਆਗਿਆ ਦੇ ਸਕਦਾ ਹੈ, ਭਾਵੇਂ ਡੈਮੋਕਰੇਟ ਤੋਂ ਬਾਅਦ ਆਖਰੀ ਦੋ ਸਾਲਾਂ ਦੇ ਕਾਰਜਕਾਲ ਵਿਚ ਸਦਨ ਦਾ ਕੰਟਰੋਲ ਕਿਉਂ ਨਾ ਬਦਲ ਦੇਣ। ਆਜ਼ਾਦੀ ਦਿਵਸ 'ਤੇ ਆਪਣੇ 'ਇਕ ਵੱਡੇ ਸੁੰਦਰ ਬਿੱਲ' 'ਤੇ ਦਸਤਖਤ ਕਰਨ ਤੇ ਈਰਾਨ ਨਾਲ ਪੂਰੀ ਜੰਗ ਤੋਂ ਬਚਣ ਤੋਂ ਬਾਅਦ, ਸੁਪਰੀਮ ਕੋਰਟ ਵਿਚ ਜਿੱਤਾਂ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਦੇ ਟੈਰਿਫਾਂ ਦੀ ਕੀਮਤ ਅਜੇ ਤੱਕ ਘਟ ਨਹੀਂ ਰਹੀ। ਸੰਪਾਦਕੀ ਬੋਰਡ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੀ ਸਭ ਤੋਂ ਲੰਬੀ ਤੇ 'ਹਾਟ ਸੀਰੀਜ਼' 'ਤੇ ਹਨ। ਇਸ ਗੱਲ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਟਰੰਪ ਅਸਾਧਾਰਨ ਤੌਰ 'ਤੇ ਸ਼ਕਤੀਸ਼ਾਲੀ ਦੂਜੇ ਕਾਰਜਕਾਲ ਦੇ ਰਾਸ਼ਟਰਪਤੀ ਹਨ ਅਤੇ ਉਨ੍ਹਾਂ ਦੇ ਕੋਲ ਕਈ ਵੱਖ-ਵੱਖ ਬਦਲ ਅਜੇ ਵੀ ਬਚੇ ਹੋਏ ਹਨ, ਜੋ ਉਹ ਆਪਣੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੇ ਅੰਤ ਤੱਕ ਅਤੇ ਉਸ ਤੋਂ ਬਾਅਦ ਵੀ ਸੱਤਾ ਬਣਾਈ ਰੱਖਣ ਲਈ ਚੁਣ ਸਕਦੇ ਹਨ।
ਸੰਪਾਦਕੀ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਟਰੰਪ 2028 ਵਿਚ ਅਗਲਾ ਰਾਸ਼ਟਰਪਤੀ ਚੁਣੇ ਜਾਣ ਦੇ ਅਮਲ 'ਤੇ ਵੀ ਹਾਵੀ ਹੋ ਸਕਦੇ ਹਨ। ਉਹ ਜੀ.ਓ.ਪੀ. ਪ੍ਰਾਇਮਰੀ ਵਿਚ ਇਕ ਕਿੰਗਮੇਕਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਵਾਰਿਸ ਨਿਯੁਕਤ ਕਰਨ ਦੀ ਕੋਈ ਕਾਹਲੀ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ, ਕੀ ਜੇ.ਡੀ. ਵੈਂਸ ਉਨ੍ਹਾਂ ਦਾ ਉੱਤਰਾਧਿਕਾਰੀ ਹੈ ਤਾਂ ਉਨ੍ਹਾਂ ਨੇ ਉਪ-ਰਾਸ਼ਟਰਪਤੀ ਦੇ ਨਾਲ-ਨਾਲ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਪ੍ਰਸੰਸਾ ਕਰ ਕੇ ਇਸ ਦਾ ਜਵਾਬ ਟਾਲ ਦਿੱਤਾ। ਪੋਸਟ ਦੇ ਅਨੁਸਾਰ, ਇਕ ਹੋਰ ਬਦਲ ਜਿਸਦੀ ਟਰੰਪ ਖੋਜ ਕਰ ਸਕਦੇ ਹਨ ਪਰ ਸੰਭਾਵਿਤ ਤੌਰ 'ਤੇ ਸ਼ਾਇਦ ਨਾ ਕਰਨ, ਉਹ ਹੈ ਤੀਜੇ ਕਾਰਜਕਾਲ ਲਈ ਚੋਣ ਲੜਨਾ। ਇਸ ਦਾ ਉਸਦੇ ਸਾਬਕਾ ਮੁੱਖ ਰਣਨੀਤੀਕਾਰ, ਸਟੀਵ ਬੈਨਨ, ਉਨ੍ਹਾਂ ਦੇ ਦੂਜੀ ਵਾਰ ਵਾਈਟ ਹਾਊਸ ਸੰਭਾਲਣ ਤੋਂ ਬਾਅਦ ਉਤਸ਼ਾਹ ਨਾਲ ਪ੍ਰਚਾਰ ਕਰ ਰਹੇ ਹਨ। ਇਹ ਮੰਨਣ ਵਾਲੀ ਗੱਲ ਹੈ, ਕਿ ਟਰੰਪ ਦਾ ਦੂਜਾ ਕਾਰਜਕਾਲ ਅਦਾਲਤ ਵਿਚ ਆਪਣੇ ਸਭ ਤੋਂ ਵੱਡੇ ਟੈਸਟਾਂ ਨੂੰ ਪੂਰਾ ਕਰ ਰਿਹਾ ਹੈ। ਸੰਵਿਧਾਨ ਦੀ 22ਵੀਂ ਸੋਧ ਕਹਿੰਦੀ ਹੈ ਕਿ ਇਕ ਰਾਸ਼ਟਰਪਤੀ ਦੋ ਵਾਰ ਤੋਂ ਵੱਧ ਨਹੀਂ ਚੁਣਿਆ ਜਾ ਸਕਦਾ ਪਰ ਟਰੰਪ ਕੋਲ ਇਸ ਲਈ ਇਕ ਹੋਰ ਬਦਲ ਵੀ ਹੋ ਸਕਦਾ ਹੈ ਕਿ ਉਹ ਅਗਲੀ ਚੋਣ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਲੜਨ ਅਤੇ ਫਿਰ ਆਪਣੇ ਰਾਸ਼ਟਰਪਤੀ ਚੁਣੇ ਗਏ ਸਾਥੀ ਤੋਂ ਅਸਤੀਫਾ ਦੁਆ ਦੇਣ। ਅਜਿਹਾ ਕਰਕੇ ਉਹ ਨਵਾਂ ਇਤਿਹਾਸ ਸਿਰਜ ਸਕਦੇ ਹਨ। ਪਰ ਇਸ ਦੇ ਰਾਹ ਵਿਚ 12ਵੀਂ ਸੋਧ ਰੁਕਾਵਟ ਹੈ, ਜੋ ਕਹਿੰਦੀ ਹੈ ਕਿ ਰਾਸ਼ਟਰਪਤੀ ਬਣਨ ਲਈ ਅਯੋਗ ਕੋਈ ਵੀ ਵਿਅਕਤੀ ਉਪ-ਰਾਸ਼ਟਰਪਤੀ ਵੀ ਨਹੀਂ ਬਣ ਸਕਦਾ। ਇਸ ਸਥਿਤੀ ਵਿਚ ਬਹੁਤ ਸਾਰੇ ਸਿਆਸਤਦਾਨ ਅੰਦਾਜ਼ਾ ਲਗਾਉਂਦੇ ਹਨ ਕਿ ਟਰੰਪ ਦੇ ਵਾਈਟ ਹਾਊਸ ਤੋਂ ਜਾਣ ਤੋਂ ਬਾਅਦ ਮਾਰਕੋ ਰੂਬੀਓ ਜਾਂ ਜੇ.ਡੀ. ਵੈਂਸ ਸੱਤਾ ਦਾ ਖਲਾਅ ਨੂੰ ਭਰ ਦੇਣਗੇ? ਵਾਸ਼ਿੰਗਟਨ ਪੋਸਟ ਨੇ ਸੰਪਾਦਕੀ 'ਚ ਕਿਹਾ ਹੈ ਕਿ ਭਾਵੇਂ ਟਰੰਪ ਕਈ ਬਦਲਾਂ 'ਤੇ ਵਿਚਾਰ ਕਰ ਰਹੇ ਹੋਣ ਪਰ ਅਜਿਹਾ ਕੋਈ ਵੀ ਸੰਭਾਵੀ ਦ੍ਰਿਸ਼ ਨਹੀਂ ਹੈ, ਜਿਸ ਵਿਚ ਟਰੰਪ 20 ਜਨਵਰੀ, 2029 ਤੋਂ ਬਾਅਦ ਰਾਸ਼ਟਰਪਤੀ ਰਹਿ ਸਕਣ? ਪੋਸਟ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਦੀ ਅਨਿਯਮਿਤ ਟੈਰਿਫ ਨੀਤੀ ਉਨ੍ਹਾਂ ਦੇ ਚਿਹਰੇ ਨੂੰ ਵਿਗਾੜ ਸਕਦੀ ਹੈ, ਕਿਉਂਕਿ ਉਹ ਹੋਰ ਸੰਭਾਵੀ ਆਰਥਿਕ ਰੁਕਾਵਟਾਂ ਦੇ ਨੇੜੇ ਹੁੰਦੇ ਜਾ ਰਹੇ।
ਸਮਾਜ ਸੇਵਾ ਤੇ ਦਾਨ ਲਈ ਸ. ਬਹਾਦਰ ਸਿੰਘ ਅਮਰੀਕਾ ਦਾ ਸਨਮਾਨ
ਅਮਰੀਕਾ ਦੀ ਓਰੀਗਨ ਸਟੇਟ ਦੇ ਸ਼ਹਿਰ ਸੇਲਮ ਵਿਚ ਵਸਦੇ ਸ. ਬਹਾਦਰ ਸਿੰਘ ਦਾ ਨਾਂਅ ਸਮਾਜਿਕ, ਧਾਰਮਿਕ ਤੇ ਸਿਹਤ ਦੇ ਖੇਤਰ ਵਿਚ ਬੜੇ ਮਾਣ-ਸਤਿਕਾਰ ਨਾਲ ਲਿਆ ਜਾਂਦਾ ਹੈ। ਅਮਰੀਕਾ ਆ ਕੇ ਮਿਹਨਤ ਕੀਤੀ ਤੇ ਸਾਲ 2003 ਵਿਚ ਸੇਲਮ 'ਚ ਉਸ ਨੇ ਇਕ ਚਰਚ ਖ਼ਰੀਦ ਕੇ ਦਸਮੇਸ਼ ਦਰਬਾਰ ਸਿੱਖ ਟੈਂਪਲ ਦੀ ਉਸਾਰੀ ਕੀਤੀ ਤੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦਿਆਂ ਸੇਲਮ ਸ਼ਹਿਰ ਵਿਚ ਪੰਜਾਬੀ ਜਾਂ ਸਿੱਖ ਕਮਿਊਨਟੀ ਲਈ ਹੀ ਨਹੀਂ ਸਗੋਂ ਸਮੂਹ ਸਥਾਨਕ ਲੋਕਾਂ ਲਈ ਗੁਰੂ ਘਰ ਵਿਚ ਇਕ ਕਲੀਨਿਕ ਸਥਾਪਤ ਕਰ ਕੇ ਅਜਿਹਾ ਸਰਬ-ਸਾਂਝਾ ਮੰਚ ਸਿਹਤ ਪੱਖੋਂ ਤਿਆਰ ਕਰ ਦਿੱਤਾ, ਜਿਥੇ ਸੇਵਾ ਦੇ ਨਾਲ-ਨਾਲ ਸਿੱਖੀ ਦਾ ਤੇ ਦਸਤਾਰ ਦਾ ਪ੍ਰਚਾਰ ਵੀ ਹੋਇਆ ਤੇ ਸਿੱਖ ਭਾਈਚਾਰਾ ਇਥੇ ਆਮ ਅਮਰੀਕਨ ਲੋਕਾਂ ਦੇ ਹੋਰ ਨੇੜੇ ਹੋਇਆ। ਬਹਾਦਰ ਸਿੰਘ ਫਗਵਾੜਾ ਕਸਬੇ ਨਾਲ ਸੰਬੰਧਿਤ ਹਨ ਪਰ ਉਨ੍ਹਾਂ ਦਾ ਪਰਿਵਾਰ ਬਹੁਤ ਲੰਬੇ ਅਰਸੇ ਤੋਂ ਉੱਤਰ ਪ੍ਰਦੇਸ਼ ਦੇ ਪੈਂਦੇ ਲਖੀਮਪੁਰ ਜ਼ਿਲ੍ਹੇ ਦੇ ਭੀਰਾ ਖੀਰੀ ਜਾ ਵਸਿਆ ਸੀ, ਜਿੱਥੇ ਉਨ੍ਹਾਂ ਨੇ ਅਜਿਹੇ ਸਿਹਤ ਅਦਾਰੇ ਸਥਾਪਿਤ ਕੀਤੇ ਕਿ ਸਮੱਚੇ ਉੱਤਰ ਪ੍ਰਦੇਸ਼ ਵਿਚ ਇਤਿਹਾਸ ਰਚ ਦਿੱਤਾ। ਇਸ ਵੇਲੇ 'ਵਨ ਵੀਟ ਮੈਡੀਕਲ ਗਰੁੱਪ' ਸ. ਬਹਾਦਰ ਸਿੰਘ ਹੁਰਾਂ ਦੀ ਦੇਣ ਹੈ, ਜਿੱਥੇ ਮੈਡੀਕਲ ਕਾਲਜ, ਨਰਸਿੰਗ ਕਾਲਜ ਤੇ ਅੱਖਾਂ ਦੇ ਹਸਪਤਾਲ ਉਸਾਰੇ ਗਏ ਹਨ ਅਤੇ ਧਾਰਮਿਕ ਸਿੱਖਿਆ 'ਚ ਬੜੂ ਸਾਹਿਬ ਅਕੈਡਮੀ ਨਾਲ ਸਮਾਜਿਕ ਸੇਵਾ ਦੇ ਖੇਤਰ 'ਚ ਵੀ ਉਨ੍ਹਾਂ ਨੇ ਨਵੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਤੱਕ ਦੇ ਸਨਮਾਨ ਮਿਲੇ ਹਨ ਤੇ ਹਾਲ ਹੀ ਵਿਚ ਮੀਡੀਆ ਫੈਡਰੇਸ਼ਨ ਆਫ ਇੰਡੀਆ (ਐਮ.ਐਫ.ਆਈ) ਅਤੇ ਪਬਲਿਕ ਰਿਲੇਸ਼ਨ ਕੌਂਸਲ ਆਫ ਇੰਡੀਆ (ਪੀ.ਆਰ.ਸੀ.ਆਈ) ਵਲੋਂ ਛੇਵੀਂ ਐਂਟਰਪ੍ਰੀਨਿਊਰ ਅਚੀਵਰਜ਼ ਅਵਾਰਡ 2025 ਦਾ ਆਯੋਜਨ ਪੀ.ਐਚ.ਡੀ. ਹਾਊਸ ਚੰਡੀਗੜ੍ਹ ਵਿਖੇ ਕੀਤਾ ਗਿਆ, ਜਿੱਥੇ ਪੰਜਾਬ ਦੇ ਗਵਰਨਰ ਮਾਨਯੋਗ ਗੁਲਾਬ ਚੰਦ ਕਟਾਰੀਆ ਨੇ ਸ. ਬਹਾਦਰ ਸਿੰਘ ਹੋਰਾਂ ਨੂੰ ਸਮਾਜ ਸੇਵਾ ਤੇ ਮਹਾਂਦਾਨੀ ਵਜੋਂ ਵੱਡਾ ਮਾਣ-ਸਨਮਾਨ ਦਿੱਤਾ। ਉਨ੍ਹਾਂ ਨਾਲ ਸੰਸਦ ਮੈਂਬਰ ਸ. ਸਤਨਾਮ ਸਿੰਘ ਸੰਧੂ ਵੀ ਹਾਜ਼ਰ ਸਨ। ਅਮਰੀਕਾ ਵਿਚ ਅਨੇਕਾਂ ਧਾਰਮਿਕ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਤੇ ਲੋੜਵੰਦ ਵਿਦਿਆਰਥੀਆਂ ਦੀ ਬਾਂਹ ਫੜਨ ਵਾਲੇ ਬਹਾਦਰ ਸਿੰਘ ਪੰਜਾਬੀਆਂ ਲਈ ਇਕ ਉਦਾਹਰਨ ਬਣੇ ਹਨ ਤੇ ਉਨ੍ਹਾਂ ਨੇ ਅਮਰੀਕਾ ਵਸਦਿਆਂ ਵੀ ਆਪਣੀ ਕਰਮ ਤੇ ਜਨਮ ਭੋਏ ਨਾਲ ਬਰਾਬਰ ਦੀ ਸਾਂਝ ਰੱਖੀ ਹੈ ਤੇ ਉਹ ਅਕਸਰ ਭਾਰਤ ਵਿਚ ਆਪਣੀਆਂ ਸਿਹਤ ਸੇਵਾਵਾਂ ਪ੍ਰਤੀ ਸੁਹਿਰਦ ਤੇ ਗੰਭੀਰ ਹੋ ਕੇ ਅਨੇਕਾਂ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇ ਕੇ ਵੱਡਾ ਮਾਣ ਖੱਟ ਰਹੇ ਹਨ। ਭੀਰਾ ਖੀਰੀ 'ਚ ਔਸਤਨ ਰੋਜ਼ਾਨਾ 1300 ਤੋਂ ਵੱਧ ਲੋਕ ਇਲਾਜ ਲਈ ਪੁੱਜਦੇ ਹਨ। ਸ਼ਾਇਦ ਅਜਿਹਾ ਪਹਿਲੀ ਵਾਰ ਹੋਵੇ ਕਿ ਮਹਿੰਗੀਆਂ ਦਵਾਈਆਂ ਵੀ ਮੁਫ਼ਤ ਦੇਣ ਦੀ ਵਿਵਸਥਾ ਹੈ। ਪਹਿਲੀ ਵਾਰ ਹੀ ਹੋਵੇਗਾ ਕਿ ਕਿਸੇ ਵੱਡੇ ਸਿਹਤ ਅਦਾਰੇ 'ਚ ਕੈਸ਼ ਕਾਊਂਟਰ ਹੀ ਨਹੀਂ। ਬਹਾਦਰ ਸਿੰਘ ਹੋਰਾਂ ਦੀ ਇਸ ਪ੍ਰਾਪਤੀ ਤੇ ਅਮਰੀਕਾ ਵਸਦੇ ਪੰਜਾਬੀ ਖਾਸ ਤੌਰ 'ਤੇ ਸਿੱਖ ਭਾਈਚਾਰਾ ਮਾਣ ਮਹਿਸੂਸ ਕਰਦਾ ਹੈ।

-ਈ-ਮੇਲ : ashokbhaura@gmail.com

ਪਿਛਲੀ ਖ਼ਬਰ 17-07-2025 ਅਗਲੀ ਖ਼ਬਰ ਪੰਜਾਬੀ ਬੋਲੀ ਸਾਡਾ ਮਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।