ਸੇਬ, ਨਾਸ਼ਪਾਤੀ, ਸੰਤਰਾ, ਅੰਗੂਰ, ਖਰਬੂਜ਼ਾ ਅਤੇ ਚੁਕੰਦਰ ਆਦਿ ਵਿਚ ਜਿੰਨਾ ਲੋਹ ਤੱਤ ਹੁੰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਟਮਾਟਰ ਵਿਚ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਪਿਆਜ਼, ਗਾਜਰ, ਮੂਲੀ, ਸ਼ਲਗਮ, ਗੋਭੀ ਅਤੇ ਕੇਲੇ ਵਿਚ ਜਿੰਨਾ ਲੋਹਾ ਹੁੰਦਾ ਹੈ, ਉਸ ਤੋਂ ਅੱਧੇ ਤੋਂ ਜ਼ਿਆਦਾ ਲੋਹਾ ਟਮਾਟਰ ਵਿਚ ਪਾਇਆ ਜਾਂਦਾ ਹੈ। ਪੋਟਾਸ਼ ਦੇ ਪੱਖ ਤੋਂ ਜ਼ਿਆਦਾਤਰ ਫਲਾਂ ਅਤੇ ਕਿੰਨੀਆਂ ਹੀ ਸਬਜ਼ੀਆਂ ਤੋਂ ਟਮਾਟਰ ਵਧੀਆ ਗਿਣਤੀ ਵਿਚ ਆਉਂਦਾ ਹੈ।
ਟਮਾਟਰ ਵਿਚ ਕੁਝ ਅਨੋਖਾ ਅਤੇ ਵਿਸ਼ੇਸ਼ ਹੁਣ ਹੈ। ਉਹ ਖੂਨ ਨੂੰ ਸਾਫ਼ ਕਰਦਾ ਹੈ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਸੋਕਾ ਰੋਗ ਦੀ ਵੀ ਦਵਾਈ ਹੈ। ਇਸ ਦੀ ਵਰਤੋਂ ਨਾਲ ਬੱਚੇ ਇਸ ਘਾਤਕ ਬਿਮਾਰੀ ਤੋਂ ਬਚੇ ਰਹਿੰਦੇ ਹਨ ਅਤੇ ਸਿਹਤਮੰਦ ਰਹਿੰਦੇ ਹਨ।
ਰੋਗੀਆਂ ਲਈ ਟਮਾਟਰ ਰਸਾਇਣ ਦਾ ਕੰਮ ਕਰਦਾ ਹੈ। ਇਹ ਦਿਲ ਦੀ ਕਮਜ਼ੋਰੀ ਵਿਚ ਵੀ ਬਹੁਤ ਲਾਭਕਾਰੀ ਹੈ। ਟਮਾਟਰ ਭੁੱਖ ਨੂੰ ਵਧਾਉਂਦਾ ਹੈ, ਹਾਜ਼ਮਾ ਸ਼ਕਤੀ ਠੀਕ ਕਰਦਾ ਹੈ ਅਤੇ ਗ਼ੈਰ-ਲਾਹੇਵੰਦ ਦ੍ਰਵ ਕੱਢ ਕੇ ਸਰੀਰ ਨੂੰ ਸ਼ੁੱਧਤਾ ਪ੍ਰਦਾਨ ਕਰਦਾ ਹੈ।
ਸ਼ੂਗਰ ਦੇ ਰੋਗੀਆਂ ਨੂੰ ਜਿਨ੍ਹਾਂ ਨੂੰ ਡਾਕਟਰ ਕਦੀ-ਕਦੀ ਫਲਾਂ ਦੀ ਵਰਤੋਂ 'ਤੇ ਰੋਕ ਲਗਾ ਦਿੰਦੇ ਹਨ, ਉਨ੍ਹਾਂ ਲਈ ਟਮਾਟਰ ਬਹੁਤ ਹੀ ਗੁਣਕਾਰੀ ਸਿੱਧ ਹੋਇਆ ਹੈ। ਤਾਜ਼ੇ ਫਲਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦੇਣ 'ਤੇ ਸ਼ੂਗਰ ਦੇ ਰੋਗੀ ਨੂੰ ਕੁਦਰਤੀ ਰੂਪ ਵਿਚ ਹਾਸਿਲ ਹੋਣ ਵਾਲੇ ਖਣਿਜ ਲੂਣਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਉਸ ਨੂੰ ਮਿਲਣ ਵਾਲੇ ਪੋਸ਼ਕ ਤੱਤਾਂ ਦੀ ਘਾਟ ਕਰਕੇ ਸਰੀਰਕ ਅਤੇ ਮਾਨਸਿਕ ਰੂਪ ਨਾਲ ਪੀੜਤ ਰਹਿਣਾ ਪੈਂਦਾ ਹੈ ਪਰ ਖਣਿਜ ਲੂਣਾਂ ਨਾਲ ਭਰਪੂਰ ਟਮਾਟਰ ਦੀ ਵਰਤੋਂ ਰੋਗੀ ਦੀ ਇਸ ਕਮੀ ਨੂੰ ਪੂਰਾ ਕਰਦੀ ਹੈ ਅਤੇ ਖੱਟਾ ਹੋਣ ਦੀ ਵਜ੍ਹਾ ਕਰਕੇ ਉਹ ਸ਼ੂਗਰ ਦੀ ਮਾਤਰਾ ਵੀ ਘਟਾਉਂਦਾ ਹੈ।
ਬੁਖਾਰ ਦੀ ਹਾਲਤ ਵਿਚ ਟਮਾਟਰ ਦਾ ਰਸ ਬੁਖਾਰ ਦੀ ਗਰਮੀ ਨੂੰ ਤਾਂ ਸ਼ਾਂਤ ਕਰਦਾ ਹੀ ਹੈ ਨਾਲ ਹੀ ਨਾਲ ਰੋਗੀ ਦੀ ਪਿਆਸ ਵੀ ਬੁਝਾਉਂਦਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਮੌਕਿਆਂ 'ਤੇ ਜਦੋਂ ਵਰਤ ਰੱਖਣਾ ਪੈਂਦਾ ਹੈ ਉਦੋਂ ਟਮਾਟਰ ਦਾ ਰਸ ਪਾਣੀ ਵਿਚ ਮਿਲਾ ਕੇ ਲੈਣ ਨਾਲ ਵਰਤ ਦਾ ਲਾਭ ਹੋਰ ਵੀ ਵਧਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਟਮਾਟਰ ਵਿਟਾਮਿਨਾਂ ਨਾਲ ਭਰਪੂਰ ਇਕ ਸਸਤਾ ਅਤੇ ਹਰ ਥਾਂ ਮਿਲਣ ਵਾਲੀ ਸਬਜ਼ੀ ਹੈ। ਇਸ ਵਿਚ ਵਿਟਾਮਿਨ 'ਏ' ਵੀ ਹੁੰਦਾ ਹੈ ਜੋ ਮੁੱਖ ਤੌਰ 'ਤੇ ਚਿਕਨਾਈ ਵਾਲੇ ਪਦਾਰਥਾਂ ਜਿਵੇਂ ਦੁੱਧ, ਘਿਓ ਤੇ ਮੱਕੀ ਆਦਿ ਤੋਂ ਮਿਲਦਾ ਹੈ।
ਬੜਾ ਗੁਣਕਾਰੀ ਹੈ ਟਮਾਟਰ
ਅਜੀਤ ਡੈਸਕ
07-11-2025