28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

'ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ'

ਅਜੀਤ ਡੈਸਕ 20-07-2025

'ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ', ਜਾਣਿ ਕਿ ਮੋਰਾਂ ਦੀ ਰੁਣ-ਝੁਣ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਹੱਦ ਤੱਕ ਮੋਹਿਤ ਕੀਤਾ ਕਿ ਇਸ ਪੰਛੀ ਨੂੰ ਉਨ੍ਹਾਂ ਨੇ ਸਾਵਣ ਦਾ ਸੁਨੇਹਾ ਬਣਾ ਦਿੱਤਾ। ਇਸ ਲਈ ਮੋਰ ਦੀ ਜੀਵਨੀ 'ਤੇ ਕੁਝ ਵੀ ਲਿਖਣ ਲਈ ਸਾਵਣ ਦਾ ਮਹੀਨਾ ਇਲਾਹੀ ਤੌਰ 'ਤੇ ਪ੍ਰਵਾਨਿਤ ਸਮਾਂ ਹੈ। ਮੋਰ ਦੀ ਹੋਂਦ ਨਾਲ ਜੁੜੀਆਂ ਕੁਝ ਘਟਨਾਵਾਂ, ਕੁਝ ਕੀਮਤੀ ਜਾਣਕਾਰੀਆਂ ਤੇ ਯਾਦਾਂ, ਕੁਝ ਵਿਸ਼ੇਸ਼ ਤੇ ਕੁਝ ਅਤਿ ਵਿਸ਼ੇਸ਼ ਤਸਵੀਰਾਂ ਜੋ ਮੈਂ ਆਪਣੀ ਹਿੱਕ ਨਾਲ ਲਾਈ ਫਿਰਦਾ ਹਾਂ। ਮੈਂ ਉਹ ਸਭ ਕੁਝ ਆਪਣੇ ਪਾਠਕਾਂ ਦੇ ਪਿੜ ਵਿਚ ਜਨਤਕ ਕਰਨਾ ਚਾਹੁੰਦਾ ਹਾਂ। ਪਿਛਲੇ ਦਿਨੀਂ ਮੈਨੂੰ ਇਕ ਮੋਰ ਦਾ ਨਾਚ ਦੇਖਣ ਤੇ ਫਿਲਮਾਉਣ ਦਾ ਮੌਕਾ ਮਿਲਿਆ ਜੋ ਆਪਣੇ-ਆਪ ਵਿਚ ਇਕ ਵੱਖਰੀ ਪੇਸ਼ਕਾਰੀ ਸੀ ਤੇ ਮੇਰੇ ਲਈ ਉਹ ਬਹੁਤ ਹੀ ਵਿਸ਼ੇਸ਼ ਸੀ। ਅਤਿਅੰਤ ਸਾਵਧਾਨੀ ਨਾਲ ਧਰਤੀ 'ਤੇ ਢਿੱਡ ਭਾਰ ਲੰਮਾ ਪੈ ਕੇ ਮੈਂ ਉਸ ਨਾਚ ਦੀ ਫੋਟੋਗ੍ਰਾਫੀ ਕੀਤੀ। ਪੂਰੀ ਵੱਡੀ ਪੂਛਲ ਵਾਲਾ ਸੁੰਦਰ ਮੋਰ ਪੂਰੀ ਮਸਤੀ ਵਿਚ ਬੇਖੌਫ਼ ਨੱਚੀ ਜਾਂਦਾ ਸੀ। ਪੂਰੇ ਵੀਹ ਮਿੰਟ ਨਾ ਉਹ ਨੱਚਣੋਂ ਹਟਿਆ ਤੇ ਨਾ ਹੀ ਮੇਰਾ ਕੈਮਰਾ ਰੁਕਿਆ। ਮੋਰ ਘੁੰਮ-ਘੁੰਮ ਕੇ ਨੱਚਦਾ ਸੀ ਤੇ ਨਾਲ ਹੀ ਉਸ ਦੀ ਮੋਰਨੀ ਕਦੀ ਉਸ ਦੇ ਅੱਗੇ ਤੇ ਕਦੀ ਪਿੱਛੇ ਦੌੜੀ ਫਿਰਦੀ ਸੀ। ਮੋਰ ਨੇ ਨੱਚ-ਨੱਚ ਕੇ ਕੁੱਲ ਖੁਦਾਈ ਨੂੰ ਜਿਵੇਂ ਲਾਟੂ ਵਾਂਗ ਘੁਮਾ ਸੁੱਟਿਆ, ਜਿਸ ਵਿਚ ਮੈਨੂੰ ਹੈਰਾਨ ਕਰ ਦੇਣ ਵਾਲਾ ਤੇ ਮੇਰੇ ਲਈ ਅਤਿ ਵਿਸ਼ੇਸ਼ ਪਹਿਲੂ ਬਿਨਾਂਸ਼ੱਕ ਇਹ ਸੀ ਕਿ ਉਸ ਨਾਚ ਨੂੰ ਦੇਖਣ ਵਾਲਿਆਂ ਵਿਚ ਹਿਰਨ ਚੀਤਲ ਵਰਗੇ ਜੰਗਲੀ ਜਾਨਵਰ ਵੀ ਸ਼ਾਮਿਲ ਸਨ ਤੇ ਉਨ੍ਹਾਂ ਦੇ ਦਾਇਰੇ ਵਿਚ ਖੜ੍ਹੇ ਹੋ ਕੇ ਉਸ ਅਦਭੁੱਤ ਪੇਸ਼ਕਾਰੀ ਦਾ ਅਨੰਦ ਮਾਣਿਆ। ਉਨ੍ਹਾਂ ਵਿਚ ਕੁਝ ਹਿਰਨ ਆਪ-ਮੁਹਾਰੇ ਹੀ ਮੇਰੇ ਕੈਮਰੇ ਦੇ ਫਰੇਮ ਵਿਚ ਆ ਗਏ ਪਰ ਬਾਕੀ ਦੇ ਝੁੰਡ ਵੱਲ ਮੈਂ ਆਪਣਾ ਕੈਮਰਾ ਘੁਮਾਅ ਨਹੀਂ ਸੀ ਸਕਦਾ ਕਿਉਂਕਿ ਮੇਰੀ ਮਾੜੀ-ਮੋਟੀ ਹਿਲਜੁਲ ਨਾਲ ਵੀ ਮੋਰ ਡਰ ਸਕਦਾ ਸੀ ਤੇ ਨਾਚ ਵਿਚ ਵਿਘਨ ਪੈ ਜਾਣ ਦਾ ਡਰ ਸੀ। ਮੇਰਾ ਰੱਬ ਜਾਣਦੈ, ਉਹ ਕਿਸੇ ਇਲਾਹੀ ਸਵੰਬਰ ਵਾਲਾ ਦ੍ਰਿਸ਼ ਸੀ। ਦੂਜੀ ਤਸਵੀਰ ਨਰ ਮੋਰਾਂ ਦੀ ਲੜਾਈ ਦੀ ਹੈ ਜੋ ਮੇਰੀ ਫੋਟੋਕਾਰੀ ਦੇ ਇਤਿਹਾਸ ਵਿਚ ਪਟਕੇ ਦੀ ਕੁਸ਼ਤੀ ਵਾਂਗੂੰ ਹੋ ਕੇ ਗੁਜ਼ਰੀ। ਅਸੀਂ ਉਸ ਵਕਤ ਰਾਜਸਥਾਨ ਦੇ ਅਰਧ ਪਹਾੜੀ ਜੰਗਲ ਵਿਚੀਂ ਲੰਘ ਰਹੇ ਸਾਂ, ਚੀਤੇ ਦੀ ਫੋਟੋਗ੍ਰਾਫੀ ਵਾਸਤੇ ਜਾ ਰਹੇ ਸੀ ਤੇ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਸੀ ਕਿ ਅਚਾਨਕ ਸੜਕ ਵਿਚ ਸਾਡੇ ਅੱਗੇ ਇਕ ਖੂਬਸੂਰਤ ਰੁਕਾਵਟ ਆ ਪੁੱਜੀ, ਇਕ ਮੋਰ ਨੇ ਪੈਲ ਪਾਈ ਹੋਈ ਸੀ ਤੇ ਆਪਣੀ ਮੋਰਨੀ ਨਾਲ ਨੱਚ ਰਿਹਾ ਸੀ। ਮੈਂ ਝੱਟਪਟ ਆਪਣਾ ਕੈਮਰਾ ਖੋਲ੍ਹਿਆ ਤੇ ਬਾਹਰ ਖੁੱਲ੍ਹੇ ਵਿਚ ਖੜ੍ਹਾ ਹੋ ਕੇ ਸ਼ੁਰੂ ਹੋ ਗਿਆ। ਏਨੇ ਨੂੰ ਇਕ ਹੋਰ ਨਰ ਮੋਰ ਦੂਰ ਤੋਂ ਦੌੜਾ-ਦੌੜਾ ਆਇਆ ਤੇ ਉਸ ਨੇ ਨੱਚਣ ਵਾਲੇ ਮੋਰ 'ਤੇ ਹਮਲਾ ਕਰ ਦਿੱਤਾ, ਨਾਚ ਦੇ ਪਰਖਚੇ ਉਡਾ ਦਿੱਤੇ ਤੇ ਮੋਰਨੀ ਨੂੰ ਖੋਹਣ ਪੈ ਗਿਆ। ਦੋਵੇਂ ਨਰ ਮੋਰਾਂ ਵਿਚ ਘਮਾਸਾਨ ਦਾ ਯੁੱਧ ਹੋਇਆ ਜੋ ਕਰੀਬ ਦਸ-ਪੰਦਰਾਂ ਮਿੰਟ ਚਲਦਾ ਰਿਹਾ ਤਾਂ ਉਨ੍ਹਾਂ ਦਸ ਮਿੰਟਾਂ ਵਿਚ ਮੋਰਾਂ ਨੇ ਆਪਸ ਵਿਚ ਵੀਹ ਤਾੜਾਂ ਇਕ-ਦੂਜੇ ਨੂੰ ਜਾਨੋਂ ਮਾਰ ਦੇਣ ਵਾਲੇ ਜ਼ੋਰ, ਜੋਸ਼ ਤੇ ਗੁੱਸੇ ਵਿਚ ਮਾਰੀਆਂ ਤੇ ਮੈਂ ਆਪਣੇ ਕੈਮਰੇ ਵਿਚ ਬੰਦ ਕਰ ਲਈਆਂ। ਦੋਵੇਂ ਮੋਰ ਧਰਤੀ ਤੋਂ ਦਸ-ਬਾਰਾਂ ਫੁੱਟ ਉੱਚੀਆਂ ਛਾਲਾਂ ਮਾਰਮਾਰ ਕੇ ਤਾੜਾਂ ਮਾਰਦੇ ਸਨ ਤੇ ਦੇਖਦਿਆਂ-ਦੇਖਦਿਆਂ ਉਨ੍ਹਾਂ ਇਕ ਦੂਜੇ ਦਾ ਬੁਰਾ ਹਾਲ ਕਰ ਮਾਰਿਆ ਤੇ ਆਪਣੇ ਸਾਰੇ ਖੰਭ ਤੋੜ ਭੰਨ ਲਏ। ਮੋਰਾਂ ਦੀ ਏਨੀ ਭਿਆਨਕ ਲੜਾਈ ਦੇਖਣੀ ਤਾਂ ਇਕ ਪਾਸੇ ਮੈਂ ਕਦੀ ਸੋਚੀ ਵੀ ਨਹੀਂ ਸੀ ਕਿਉਂਕਿ ਧਾਰਮਿਕ ਸੱਥਾਂ ਵਿਚ ਮੋਰ ਨੂੰ 'ਨਿਰਮਲ ਪੰਛੀ' ਗਰਦਾਨਿਆ ਗਿਆ ਹੈ, ਜਿਥੇ ਕਿ ਮੋਰ ਦਾ ਆਪਣਾ ਇਕ ਵੱਖਰਾ ਰੁਤਬਾ ਹੈ। ਸੁੰਦਰ ਅਕਸ ਹੈ ਜਿਸ ਵਿਚ ਲੜਾਈ-ਭਿੜਾਈ ਦਾ ਕੋਈ ਥਾਂ ਨਹੀਂ ਹੁੰਦਾ। ਸਾਡੇ ਪੰਜਾਬੀ ਸਾਹਿਤ ਵਿਚ ਤੇ ਧਾਰਮਿਕ ਪੋਥੀਆਂ ਵਿਚ ਕਿਸੇ ਕਰਕੇ ਮੋਰ ਦਾ ਵਰਨਣ ਪੰਛੀਆਂ ਦੀਆਂ ਬਾਕੀ ਪ੍ਰਜਾਤੀਆਂ ਨਾਲੋਂ ਕਿਤੇ ਵੱਧ ਹੈ।
ਦੂਜੇ ਪਾਸੇ ਭੌਤਿਕ ਪੱਖੋਂ ਮੋਰ ਇਕ ਸਧਾਰਨ ਪੰਛੀ ਵੀ ਹੈ, ਸ਼ਾਕਾਹਾਰੀ ਤੇ ਮਾਸਾਹਾਰੀ ਦੋਵੇਂ ਖੁਰਾਕਾਂ ਖਾ ਪੈਂਦਾ ਹੈ। ਕਿਸੇ ਹੱਦ ਤੱਕ ਪਾਲਤੂ ਬਣ ਕੇ ਘਰਾਂ ਵਿਚ ਵੀ ਰਹਿ ਸਕਦਾ ਹੈ ਪਰ ਕਈ ਕਾਰਨਾਂ ਕਰਕੇ ਮੋਰਾਂ ਦੀ ਪ੍ਰਜਾਤੀ ਪੰਜਾਬ ਦੀ ਧਰਤੀ 'ਤੇ ਹੁਣ ਖਤਰੇ ਵਿਚ ਹੈ ਤੇ ਸਮਾਪਤੀ ਵੱਲ ਵਧ ਰਹੀ ਹੈ। ਜਿਸ ਦਾ ਮੁੱਖ ਕਾਰਨ ਫ਼ਸਲਾਂ ਤੇ ਅੰਨ੍ਹੇਵਾਹ ਜ਼ਹਿਰੀਲੀਆਂ ਕੀੜੇ ਮਾਰ ਦਵਾਈਆਂ ਦੇ ਸਪਰੇਅ, ਕਮਾਦ ਦੀ ਫਸਲ ਵਿਚ ਪਾਈ ਜਾਣ ਵਾਲੀ ਦੁਆਈ ਜੋ ਗੈਸ ਪੈਦਾ ਕਰਦੀ ਹੈ ਤੇ ਝੋਨਿਆਂ ਵਿਚ ਖੜ੍ਹਾ ਜ਼ਹਿਰੀਲਾ ਪਾਣੀ ਹੈ। ਹੋਰ ਤਾਂ ਹੋਰ ਉਸ ਦੀ ਆਪਣੀ ਲੰਬੀ ਪੂਛ ਵੀ ਉਸ ਦੀ ਦੁਸ਼ਮਣ ਬਣ ਬੈਠੀ ਹੈ। ਪੂਛਲ ਦੇ ਲੰਬੇ ਤੇ ਸੁੰਦਰ ਖੰਭ ਬਾਜ਼ਾਰਾਂ ਵਿਚ ਵਿਕਦੇ ਹਨ, ਘਰਾਂ ਅਤੇ ਧਾਰਮਿਕ ਗਲਿਆਰਿਆਂ ਵਿਚ ਸਜਾਵਟ ਲਈ ਵਰਤੇ ਜਾਂਦੇ ਹਨ, ਜਿਸ ਕਰਕੇ ਇਸ ਪੰਛੀ ਦਾ ਅਵੈਧ ਸ਼ਿਕਾਰ ਬਹੁਤ ਹੁੰਦਾ ਹੈ। ਲੰਬੀ ਪੂਛ ਇਸ ਦੇ ਦੌੜਨ ਅਤੇ ਉਡਾਣ ਭਰਨ ਵਿਚ ਬਹੁਤ ਰੁਕਾਵਟ ਪੈਦਾ ਕਰਦੀ ਹੈ ਤੇ ਕੁੱਤੇ ਬਿੱਲੇ ਵੀ ਇਸ ਨੂੰ ਦੌੜ ਕੇ ਦਬੋਚ ਲੈਂਦੇ ਹਨ। ਮੋਰ ਬਾਰੇ ਇਕ ਹੋਰ ਧਾਰਨਾ ਇਹ ਵੀ ਹੈ ਕਿ ਮੋਰਨੀ ਆਪਣੇ ਮੋਰ ਦੀ ਨਾਚ ਕਿਰਿਆ ਵਿਚ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਪੀ ਕੇ ਗ੍ਰਹਿਸਥੀ ਵਿਚ ਪ੍ਰਵੇਸ਼ ਕਰਦੀ ਹੈ ਪਰ ਇਸ ਧਾਰਨਾ ਨੂੰ ਝੂਠਾ ਪੈਂਦਿਆਂ ਮੈਂ ਕਈ ਵਾਰ ਆਪਣੀਆਂ ਅੱਖਾਂ ਨਾਲ ਨਾਲ ਦੇਖਿਆ ਹੈ। ਇਤਿਹਾਸ ਗਵਾਹ ਹੈ ਕਿ ਜੰਗਲੀ ਜੀਵਾਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਜਿਨ੍ਹਾਂ ਵਿਚ ਕਾਲਾ ਹਿਰਨ, ਕੂੰਜ ਤੇ ਹੁਣ ਮੋਰ ਵੀ ਸ਼ਾਮਿਲ ਹਨ, ਪੰਜਾਬ ਨੂੰ ਛੱਡ ਕੇ ਰਾਜਸਥਾਨ ਵਿਚ ਜਾ ਵੜੀਆਂ ਹਨ ਤੇ ਭਵਿੱਖ ਵਿਚ ਵੀ ਮੈਨੂੰ ਇਸ ਸਥਿਤੀ ਵਿਚ ਕੋਈ ਸੁਧਾਰ ਨਹੀਂ ਦਿਸਦਾ। ਪੰਜਾਬ ਦੀ ਧਰਤੀ 'ਤੇ ਹੁਣ ਮੋਰਾਂ ਦੇ ਆਂਡੇ ਬੱਚੇ ਦੀ ਵੀ ਕੋਈ ਸੇਫਟੀ ਨਾ ਰਹੀ ਹੈ। ਤਕਨਾਲੋਜੀ ਦੇ ਪ੍ਰਸਾਰ ਨੇ ਪੰਜਾਬੀਆਂ ਨੂੰ 'ਵਣ ਪ੍ਰੇਮੀ' ਨਹੀਂ ਛੱਡਿਆ ਤੇ ਹੁਣ ਉਹ 'ਧਨ ਪ੍ਰੇਮੀ' ਹੋ ਨਿੱਬੜੇ ਹਨ। ਬੱਸ ਇਸੇ ਪਰਿਵਰਤਨ ਸਦਕਾ 'ਵਿਰਾਸਤੀ ਵਾਤਾਵਰਨ' ਲਈ ਭਵਿੱਖ ਵਿਚ ਅੱਗੇ ਖਤਰੇ ਹੀ ਖਤਰੇ ਦਰਪੇਸ਼ ਹਨ।

-ਵਾਸੀ ਪਿੰਡ ਥੰਮਣਵਾਲ, ਤਹਿ: ਫਿਲੌਰ।
ਮੋਬਾਈਲ : 98722-56005

ਪਿਛਲੀ ਖ਼ਬਰ ਗੀਤ ਅਗਲੀ ਖ਼ਬਰ ਬੜੀਆਂ ਬਰਕਤਾਂ ਸਨ ਸਾਂਝੇ ਪਰਿਵਾਰਾਂ ਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।