ਲੰਘੇ ਦਿਨ ਸਾਡੇ ਗੁਆਂਢੀ ਪਿੰਡ ਜੀਵਨ ਸਿੰਘ ਵਾਲਾ ਵਿਖੇ ਇਕ ਹੈਰਾਨ ਕਰਨ ਵਾਲੀ ਦੁਖਦਾਈ ਘਟਨਾ ਵਾਪਰੀ। ਘਟਨਾ ਇਹ ਸੀ ਕਿ ਇਕ ਕੁੱਤੇ ਨੂੰ ਲੈ ਕੇ ਦੋ ਧਿਰਾਂ ਵਿਚ ਲੜਾਈ ਹੋਈ। ਇਕ ਧਿਰ ਨੇ ਦੂਜੀ ਧਿਰ ਦੇ ਦੋ ਵਿਅਕਤੀ ਕਤਲ ਕਰ ਦਿੱਤੇ। ਇਕ ਕੁੱਤੇ ਪਿਛੇ ਦੋ ਘਰ ਤਬਾਹ ਹੋ ਗਏ। ਇਕ ਘਰ ਦੇ ਦੋ ਜੀਅ ਚਲੇ ਗਏ, ਦੂਜਾ ਸਾਰਾ ਪਰਿਵਾਰ ਜੇਲ੍ਹ ਜਾਵੇਗਾ।
ਹੋਇਆ ਇਹ ਕਿ ਇਕ ਘਰ ਨੇ ਕਿਸੇ ਤੋਂ ਕੁੱਤਾ ਲਿਆਂਦਾ। ਇਨ੍ਹਾਂ ਦਾ ਗੁਆਂਢੀ ਕਹਿਣ ਲੱਗਿਆ ਕਿ ਇਹ ਕੁੱਤਾ ਤਾਂ ਅਸੀਂ ਲਿਆਉਣਾ ਸੀ। ਦੂਜੇ ਕਹਿਣ ਲੱਗੇ ਕਿ ਕੁੱਤਾ ਤਾਂ ਅਸੀਂ ਲੈ ਆਏ ਹਾਂ। ਤੁਸੀਂ ਉਨ੍ਹਾਂ ਨਾਲ ਗੱਲ ਕਰੋ। ਜਿਨ੍ਹਾਂ ਤੋਂ ਅਸੀਂ ਲੈ ਕੇ ਆਏ ਹਾਂ, ਗੱਲਾਂ-ਗੱਲਾਂ 'ਚ ਗੱਲ ਵਧ ਗਈ। ਪਹਿਲਾਂ ਤੂੰ-ਤੂੰ, ਮੈਂ-ਮੈਂ, ਫਿਰ ਹੱਥੋ-ਪਾਈ। ਫਿਰ ਦੋ ਕਤਲ।
ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸੀਂ ਕਿਹੜੇ ਪਾਸੇ ਵੱਲ ਵਧ ਰਹੇ ਹਾਂ। ਇਸ ਘਟਨਾ ਤੋਂ ਇਲਾਵਾ ਵੀ ਜੇਕਰ ਸਮਾਜ ਵੱਲ ਨਜ਼ਰ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਪਤਨੀ, ਪਤੀ ਦਾ ਕਤਲ ਕਰ ਰਹੀ ਹੈ ਤੇ ਪਤੀ, ਪਤਨੀ ਦਾ। ਕੋਈ ਨਸ਼ੇੜੀ ਆਪਣੇ ਬਜ਼ੁਰਗ ਦਾਦਾ, ਦਾਦੀ ਨੂੰ ਮਾਰ ਰਿਹਾ ਹੈ, ਪਿਓ, ਪੁੱਤ ਨੂੰ, ਪੁੱਤ, ਮਾਂ ਨੂੰ, ਇਸ ਤੋਂ ਵੀ ਅਗਾਂਹ ਮਾਂ, ਪੁੱਤ ਦਾ ਕਤਲ ਕਰ ਰਹੀ।
ਇਸ ਦੁਖਦਾਈ ਵਰਤਾਰੇ ਦੇ ਕੀ ਕਾਰਨ ਹੋ ਸਕਦੇ ਹਨ?
ਸੁਣਨ 'ਚ ਆਇਆ ਹੈ ਕਿ ਸਾਡੀ ਖੁਰਾਕ ਜ਼ਹਿਰੀਲੀ ਹੋ ਗਈ ਹੈ। ਸਾਡੀ ਜੀਵਨ ਸ਼ੈਲੀ ਬਦਲ ਚੁੱਕੀ ਹੈ। ਚਿੰਤਾਵਾਂ ਵਧ ਗਈਆਂ ਹਨ, ਨਸ਼ੇ ਵਧ ਗਏ ਹਨ। ਈਰਖਾ ਸਾੜਾ ਵਧ ਗਿਆ ਹੈ, ਵਗੈਰਾ-ਵਗੈਰਾ ਜਿਸ ਕਰਕੇ ਸਹਿਣਸ਼ੀਲਤਾ ਘਟ ਗਈ ਹੈ।
ਇਹ ਗੱਲਾਂ ਆਪਣੀ ਜਗ੍ਹਾ ਠੀਕ ਹੋ ਸਕਦੀਆਂ ਹਨ। ਪਰ ਜੋ ਸਭ ਤੋਂ ਵੱਡਾ ਕਾਰਨ ਮੈਨੂੰ ਲੱਗਿਆ ਹੈ, ਉਹ ਹੈ ਸਾਂਝੇ ਪਰਿਵਾਰਾਂ ਦਾ ਟੁੱਟਣਾ। ਇਹ ਗੱਲ ਸ਼ਾਇਦ ਨਵੀਂ ਪੀੜ੍ਹੀ ਦੇ ਸਮਝ ਨਾ ਆਵੇ ਕਿਉਂਕਿ ਉਨ੍ਹਾਂ ਨੇ ਸਾਂਝੇ ਪਰਿਵਾਰ ਦੇਖੇ ਹੀ ਨਹੀਂ ਹਨ।
ਅਸੀਂ ਇਹ ਤਾਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਇਹ ਸਭ ਕੁਝ ਘਟ ਰਹੀ ਸਹਿਣਸ਼ੀਲਤਾ ਕਾਰਨ ਹੋ ਰਿਹਾ ਹੈ।
ਹੁਣ ਅਸੀਂ ਚਰਚਾ ਇਹ ਕਰਨੀ ਹੈ ਕਿ ਸਾਂਝੇ ਪਰਿਵਾਰਾਂ ਵਿਚ ਅਜਿਹਾ ਕੀ ਸੀ, ਜਿਸ ਨਾਲ ਸਾਡੀ ਸਹਿਣਸ਼ੀਲਤਾ ਬਣੀ ਰਹਿੰਦੀ ਸੀ।
ਪਹਿਲਾਂ ਅਸੀਂ ਇਹ ਜਾਣ ਲਈਏ ਕਿ ਸਾਂਝੇ ਪਰਿਵਾਰ ਹੁੰਦੇ ਕਿਹੋ ਜਿਹੇ ਸਨ। ਸਾਂਝੇ ਪਰਿਵਾਰ ਤੋਂ ਭਾਵ ਜਦੋਂ ਅਸੀਂ ਦਾਦਾ-ਦਾਦੀ, ਚਾਚੇ-ਤਾਏ ਸਮੇਤ ਸਾਰੇ ਇੱਕਠੇ ਮਿਲ ਕੇ ਰਹਿੰਦੇ ਸੀ। ਇਹ ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਹਨ। 45-50 ਸਾਲਾਂ ਦੇ ਵਿਅਕਤੀਆਂ ਨੇ ਇਹ ਸਭ ਕੁਝ ਦੇਖਿਆ ਹੋਵੇਗਾ।
ਸਵਾਲ ਤਾਂ ਇਹ ਹੈ ਕਿ ਸਹਿਣਸ਼ੀਲਤਾ ਕਿਵੇਂ ਬਣਦੀ ਸੀ।
ਸਹਿਣਸ਼ੀਲਤਾ ਬਣਨ ਦਾ ਕਾਰਨ ਇਹ ਸੀ ਕਿ ਅਸੀਂ ਇਕ-ਦੂਜੇ ਤੋਂ ਸਿੱਖਦੇ ਬਹੁਤ ਕੁਝ ਸੀ। ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ। ਸਾਡੇ ਪਰਿਵਾਰਾਂ ਵਿਚ ਛੋਟੇ-ਮੋਟੇ ਝਗੜੇ ਹੁੰਦੇ ਰਹਿੰਦੇ ਸਨ। ਉਨ੍ਹਾਂ ਝਗੜਿਆਂ ਵਿਚ ਵੀ ਸਿੱਖਣ ਨੂੰ ਬਹੁਤ ਕੁਝ ਮਿਲ ਜਾਂਦਾ ਸੀ। ਮਿਸਾਲ ਦੇ ਤੌਰ 'ਤੇ ਵੱਡਿਆਂ ਦੀਆਂ ਝਿੜਕਾਂ ਨਾਲ ਸਾਡੀ ਸਹਿਣਸ਼ੀਲਤਾ ਬਣਦੀ ਸੀ। ਪਿਓ ਦੀ ਗ਼ੈਰ-ਹਾਜ਼ਰੀ ਵਿਚ ਚਾਚੇ-ਤਾਇਆਂ ਦਾ ਭੈਅ ਬਣਿਆ ਰਹਿੰਦਾ ਸੀ। ਉਹ ਝਗੜੇ ਅੱਜ ਦੇ ਝਗੜਿਆਂ ਵਾਂਗ ਨਹੀਂ ਹੁੰਦੇ ਸਨ। ਸਵੇਰੇ ਕੋਈ ਗੱਲ ਹੋਈ, ਸ਼ਾਮ ਤੱਕ ਮੁੱਕ ਜਾਣੀ, ਹਾਲਾਂਕਿ ਔਰਤਾਂ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਹੁੰਦੀ ਸੀ। ਕਿਸੇ ਕੰਮ ਵਿਚ ਉਨ੍ਹਾਂ ਦੀ ਰਾਇ ਘੱਟ ਹੀ ਲਈ ਜਾਂਦੀ ਸੀ। ਕੋਈ ਔਰਤ ਲੜ ਕੇ ਆਪਣੇ ਪੇਕਿਆਂ ਨੂੰ ਨਹੀਂ ਬੁਲਾਉਂਦੀ ਸੀ। ਘਰ ਦੀ ਗੱਲ ਘਰੇ ਹੀ ਮੁੱਕ ਜਾਂਦੀ ਸੀ। ਬਹੁਤੀ ਗੱਲ ਹੋ ਜਾਣੀ ਤਾਂ ਕੋਈ ਔਰਤ ਰੁੱਸ ਕੇ ਪਿੰਡ ਦੇ ਬੱਸ ਅੱਡੇ ਤੱਕ ਜਾ ਖੜ੍ਹਦੀ, ਉਥੋਂ ਫਿਰ ਮੁੜ ਆਉਂਦੀ, ਕਿਉਂਕਿ ਉਸ ਵਿਚਾਰੀ ਕੋਲ ਬੱਸ ਦਾ ਕਿਰਾਇਆ ਨਹੀਂ ਹੁੰਦਾ ਸੀ। ਤਲਾਕ ਦਾ ਨਾਂਅ ਤੱਕ ਨਹੀਂ ਸੁਣਿਆ ਸੀ। ਇਨ੍ਹਾਂ ਛੋਟੇ-ਛੋਟੇ ਝਗੜਿਆਂ ਦੇ ਬਾਵਜੂਦ ਘਰ ਵਿਚ ਨਿੱਘ ਬਣਿਆ ਰਹਿੰਦਾ ਸੀ।
ਮੈਂ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿਉਂਕਿ ਮੈਂ ਕੁਝ ਸਮਾਂ ਸਾਂਝੇ ਪਰਿਵਾਰ ਵਿਚ ਬਿਤਾਇਆ ਹੈ। ਮੇਰੇ ਬਾਪੂ ਜੀ ਹੁਣੀਂ ਛੇ ਭਰਾ ਸਨ। ਮੇਰੇ ਦਾਦਾ ਜੀ ਰਿਟਾਇਰਡ ਪਟਵਾਰੀ ਸਨ। ਮੇਰੇ ਦੋ ਤਾਏ ਜਿਨ੍ਹਾਂ 'ਚੋਂ ਇਕ ਡਾਕਟਰ ਸੀ, ਕਿਸੇ ਮਜਬੂਰੀ ਵੱਸ ਛੇਤੀ ਹੀ ਅੱਡ ਹੋ ਗਏ। ਬਾਕੀ ਸਾਰਾ ਪਰਿਵਾਰ ਕਾਫੀ ਸਮਾਂ ਇਕੱਠਾ ਰਿਹਾ।
ਉਹ ਸਮਾਂ ਮੇਰੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਸੀ। ਜੋ ਸਕੂਨ ਮੈਨੂੰ ਉਦੋਂ ਮਿਲਿਆ, ਜ਼ਿੰਦਗੀ ਵਿਚ ਕਦੇ ਵੀ ਨਹੀਂ ਮਿਲਿਆ, ਸ਼ਾਇਦ ਨਾ ਹੀ ਮਿਲੇਗਾ। ਕੂੰਡੇ ਵਿਚ ਮਸਾਲੇ ਕੁੱਟਣ ਦੀ ਆਵਾਜ਼ ਮੈਨੂੰ ਅੱਜ ਵੀ ਸੁਣਾਈ ਦਿੰਦੀ ਹੈ। ਟੋਕੇ ਵਾਲੀ ਮਸ਼ੀਨ ਦੀ ਕੱਚ-ਕੱਚ, ਰਿੜਕਣੇ ਵਿਚ ਪਈ ਮਧਾਣੀ ਦੀ ਗਰੜ-ਗਰੜ, ਚੌੜ ਕਰਦੇ ਜੁਆਕਾਂ ਦਾ ਚੀਕ-ਚਿਹਾੜਾ ਮੈਂ ਕਦੇ ਵੀ ਭੁੱਲ ਨਹੀਂ ਸਕਾਂਗਾ। ਇਕ ਕਤਾਰ ਵਿਚ ਡਾਹੇ ਮੰਜੇ, ਬਿਸਤਰਿਆਂ ਉਤੇ ਛਾਲਾਂ ਮਾਰਦਿਆਂ ਜੁਆਕਾਂ ਨੂੰ ਦੇਖ ਕੇ ਕਿਸੇ ਵਿਆਹ ਵਾਲੇ ਘਰ ਦਾ ਭੁਲੇਖਾ ਪੈਂਦਾ ਸੀ। ਹਰ ਇਕ ਦਿਨ ਤਿਉਹਾਰ ਵਰਗਾ ਹੁੰਦਾ ਸੀ।
ਸਾਡੇ ਸਾਰੇ ਪਰਿਵਾਰ ਵਿਚੋਂ ਮੇਰੇ ਬਾਪੂ ਜੀ ਤੋਰੇ-ਫੇਰੇ ਵਾਲੇ ਵਿਅਕਤੀ ਸਨ। ਜੋ ਅਕਸਰ ਘਰੋਂ ਬਾਹਰ ਹੀ ਰਹਿੰਦੇ, ਸਾਡੇ ਘਰ ਦੇ ਮੁਖਤਿਆਰ ਵੀ ਉਹੀ ਸਨ। ਦਾਦਾ ਜੀ ਨੇ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੰਭਾਲੀ ਸੀ। ਮੇਰੇ ਬਾਪੂ ਜੀ ਦੇ ਬਾਹਰ ਤੋਰੇ-ਫੇਰੇ ਕਾਰਨ ਮੇਰੇ ਤਾਇਆ ਜੀ ਅਕਸਰ ਉਨ੍ਹਾਂ ਨਾਲ ਨਰਾਜ਼ ਰਹਿੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ਮਲਕੀਤ ਖੇਤੀ ਦਾ ਕੰਮ ਨਹੀਂ ਕਰਦਾ। ਮੇਰੇ ਬਾਪੂ ਜੀ ਦਾ ਨਾਂਅ ਸ. ਮਲਕੀਤ ਸਿੰਘ ਸੀ।
ਇਕ ਵਾਰ ਮੇਰੇ ਬਾਪੂ ਜੀ ਨੂੰ ਕੋਈ ਸੱਜਣ ਕਿਸੇ ਕੰਮ ਧੰਦੇ ਵਾਸਤੇ ਬੁਲਾ ਕੇ ਲੈ ਗਏ। ਪਿਛੋਂ ਮੇਰੇ ਤਾਇਆ ਜੀ ਨੇ ਪੂਲੀਆਂ ਨੂੰ ਅੱਗ ਲਾ ਦਿੱਤੀ।
ਸ਼ਾਮ ਨੂੰ ਜਦੋਂ ਰੋਟੀ ਵੇਲੇ ਕਚਹਿਰੀ ਲੱਗੀ ਤਾਂ ਮੇਰੇ ਦਾਦਾ ਜੀ ਨੇ ਕਿਹਾ ਕਿ ਬਈ ਦਸ ਪੂਲੀਆਂ ਨੂੰ ਅੱਗ ਕਿਉਂ ਲਾਈ। ਤਾਇਆ ਜੀ ਆਖਣ ਲੱਗੇ, ਕੰਮ ਕਰਨ ਨੂੰ ਮੈਂ, ਮੌਜ ਕਰਨ ਨੂੰ ਮਲਕੀਤ, ਇਹ ਕਿੱਥੋਂ ਦਾ ਨਿਆਂ ਹੈ।
ਦਾਦਾ ਜੀ ਆਖਣ ਲੱਗੇ ਇਹ ਦੱਸ ਹੋਇਆ ਕੀ ਹੈ?
ਤਾਇਆ ਜੀ, 'ਹੋਣਾ ਕੀ ਹੈ, ਮਲਕੀਤ ਕੰਮ ਛੱਡ ਕੇ ਬਾਹਰਲੇ ਬੰਦਿਆਂ ਨਾਲ ਤੁਰਿਆ ਫਿਰਦਾ ਹੈ।' ਬਾਪੂ ਜੀ ਆਖਣ ਲੱਗੇ 'ਉਨ੍ਹਾਂ ਦਾ ਕੋਈ ਜ਼ਰੂਰੀ ਕੰਮ ਸੀ। ਇਸ ਕਰਕੇ ਮੈਨੂੰ ਜਾਣਾ ਪਿਆ।' ਤਾਇਆ ਜੀ ਆਖਣ ਲੱਗੇ 'ਮੈਨੂੰ ਕੋਈ ਲਿਜਾ ਕੇ ਦਿਖਾਵੇ।' ਦਾਜਾ ਜੀ ਨੇ ਕਿਹਾ, 'ਜੇ ਤੂੰ ਕਿਸੇ ਕੰਮ ਜੋਗਾ ਹੋਏਂਗਾ, ਫਿਰ ਹੀ ਤੈਨੂੰ ਕੋਈ ਲੈ ਕੇ ਜਾਏਗਾ। ਇਹ ਗੱਲ ਸੁਣ ਕੇ ਸਾਰਾ ਪਰਿਵਾਰ ਹੱਸਣ ਲੱਗ ਪਿਆ। ਇਹੋ ਜਿਹੇ ਝਗੜੇ ਹੁੰਦੇ ਸਨ, ਸਾਂਝੇ ਪਰਿਵਾਰਾਂ ਵਿਚ। ਇਹੋ ਜਿਹੀ ਹਲਕੀ ਨੋਕ-ਝੋਕ ਘਰ ਦੀ ਰੌਣਕ ਵਿਚ ਹੋਰ ਵਾਧਾ ਕਰਦੀ ਸੀ। ਹਰ ਵੱਡੇ ਪਰਿਵਾਰ ਵਿਚ ਇਕ ਅੱਧਾ ਨਿਕੰਮਾ ਜਿਹਾ ਹੁੰਦਾ ਜਾਂ ਹੈਂਡੀਕੇਪਡ, ਉਹ ਵੀ ਵਿਚੇ ਰੋਟੀ ਖਾਈ ਜਾਂਦਾ, ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਹੁੰਦਾ। ਹੁਣ ਤੁਸੀਂ ਅੰਦਾਜ਼ਾ ਲਾਓ, ਅੱਜ ਅਸੀਂ ਕਿਥੇ ਖੜ੍ਹੇ ਹਾਂ। ਚੰਗੇ ਸੰਸਕਾਰਾਂ ਤੋਂ ਜਨਮ ਲੈਂਦੀ ਹੈ ਸਹਿਣਸ਼ੀਲਤਾ। ਮੈਂ ਪਰਿਵਾਰ ਦੀ ਉਦਾਹਰਨ ਇਸ ਕਰਕੇ ਦਿੱਤੀ ਹੈ ਕਿਉਂਕਿ ਸਮਾਜ ਦੀ ਮੁਢਲੀ ਇਕਾਈ ਪਰਿਵਾਰ ਹੀ ਹੁੰਦਾ ਹੈ। ਪਰਿਵਾਰ ਤੋਂ ਸਮਾਜ ਬਣਦਾ ਹੈ। ਜੇ ਘਰਾਂ 'ਚ ਸੁਖ ਹੋਵੇਗਾ ਤਾਂ ਹੀ ਸਮਾਜ ਸੁਖੀ ਹੋਵੇਗਾ। ਗੁਰਬਾਣੀ ਦਾ ਫੁਰਮਾਨ ਹੈ।
'ਘਰ ਸੁਖ ਵਸਿਆ, ਬਾਹਰ ਸੁਖ ਪਾਇਆ'। ਜਦੋਂ ਤੋਂ ਅਸੀਂ ਅੱਡ-ਅੱਡ ਰਹਿਣਾ ਸ਼ੁਰੂ ਕੀਤਾ ਹੈ, ਸਾਡੀ ਬਰਬਾਦੀ ਦਾ ਮੁੱਢ ਉਦੋਂ ਤੋਂ ਹੀ ਬੱਝਣਾ ਸ਼ੁਰੂ ਹੋ ਗਿਆ ਸੀ। ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸ਼ੁਰੂ ਤੋਂ ਹੀ ਅਸੀਂ ਝੁੰਡਾਂ ਵਿਚ ਰਹਿ ਕੇ ਵਿਕਸਿਤ ਹੋਏ ਹਾਂ।
ਪਹਿਲਾਂ ਘਰ ਦੇ ਮਰਦ ਸਾਰੇ ਪਰਿਵਾਰ ਬਾਰੇ ਸੋਚਦੇ ਸਨ, ਫਿਰ ਆਪਣੇ ਬੱਚਿਆਂ ਤੱਕ ਹੀ ਸੀਮਤ ਹੋ ਗਏ। ਹੁਣ ਤਾਂ ਸ਼ਾਇਦ ਮੈਂ ਗ਼ਲਤ ਨਾ ਹੋਵਾਂ, ਹਰ ਇਕ ਵਿਅਕਤੀ ਆਪਣੇ ਬਾਰੇ ਹੀ ਸੋਚਦਾ ਹੈ।
ਜਿਸ ਘਰ ਵਿਚ ਪਤੀ-ਪਤਨੀ ਇਕ ਦੂਜੇ ਨਾਲ ਸਿੱਧੇ ਮੂੰਹ ਨਾ ਬੋਲਦੇ ਹੋਣ, ਦਸ ਵਿਆਹਾਂ ਮਗਰ ਸੱਤਾਂ ਦੇ ਤਲਾਕ ਹੁੰਦੇ ਹੋਣ, ਉਥੇ ਬੱਚਿਆਂ ਦੀ ਮਾਨਸਿਕਤਾ 'ਤੇ ਕੀ ਅਸਰ ਪਵੇਗਾ? ਮਨੋਵਿਗਿਆਨੀ ਕਹਿੰਦੇ ਹਨ, ਜਿਸ ਬੱਚੇ ਨੂੰ ਬਚਪਨ ਵਿਚ ਪਿਆਰ ਨਾ ਮਿਲੇ, ਉਸ ਦੀ ਵੱਡਾ ਹੋ ਕੇ ਅਪਾਰਧੀ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ। ਜਿਥੇ ਸਾਡੇ ਸਿੱਖਿਆ ਅਦਾਰੇ ਦਮ ਤੋੜ ਰਹੇ ਹੋਣ, ਪ੍ਰਾਈਵੇਟ ਸਕੂਲਾਂ, ਕਾਲਜਾਂ ਵਿਚ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣ ਦੀ ਥਾਂ ਸਿਰਫ਼ ਤੇ ਸਿਰਫ਼ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਦਾ ਰੂਪ ਦਿੱਤਾ ਜਾਂਦਾ ਹੋਵੇ, ਜਿਥੇ ਅੱਠ ਘੰਟਿਆਂ 'ਚੋਂ ਪੰਜ ਘੰਟੇ ਬੱਚੇ ਮੋਬਾਈਲ ਦੇਖਦੇ ਹੋਣ, ਜਿਥੇ ਨਸ਼ਿਆਂ ਦੇ ਸੌਦਾਗਰਾਂ ਨੇ ਆਪਣਾ ਜਾਲ ਵਿਛਾ ਲਿਆ ਹੋਵੇ, ਉਥੇ ਅਜਿਹਾ ਕੁਝ ਹੀ ਵਾਪਰੇਗਾ।
ਜ਼ਿੰਦਗੀ ਦੀ ਰੋਜ਼ਾਨਾ ਭੱਜ-ਨੱਠ ਕੇ ਸਮਾਜਿਕ ਰਿਸ਼ਤਿਆਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ। ਜਿਊਣ ਦਾ ਸਲੀਕਾ ਬਦਲ ਗਿਆ ਹੈ, ਨਾ ਸਾਂਝਾਂ ਰਹੀਆਂ, ਨਾ ਮਿਲ ਬੈਠਣ ਦੇ ਰੰਗਲੇ ਚਾਅ, ਕੈਮਰੇ ਦੀ ਅੱਖ ਹਰ ਬੰਦੇ ਦਾ ਪਿੱਛਾ ਕਰ ਰਹੀ ਹੈ। ਹਰ ਵਿਅਕਤੀ ਨੈਤਿਕ ਪੱਖੋਂ ਊਣ ਹੋ ਗਿਆ ਜਾਪਦਾ ਹੈ। ਸਾਡੇ ਵੇਲਿਆਂ ਦੇ ਧੀ-ਪੁੱਤ ਮਾਪਿਆਂ ਵਲੋਂ ਮਿਲੇ ਸੰਸਕਾਰ ਉਮਰ ਭਰ ਸਾਂਭਦੇ ਸਨ ਤੇ ਰੀਝ ਨਾਲ ਨਿਭਾਉਣ ਦੀ ਹਰ ਕੋਸ਼ਿਸ਼ ਕਰਦੇ ਸਨ। ਹਰ ਮਾਂ-ਪਿਓ ਦੀ ਇਹੋ ਕੋਸ਼ਿਸ਼ ਹੁੰਦੀ ਸੀ ਕਿ ਪੁੱਤਾਂ ਨੂੰ ਇਹ ਜ਼ਰੂਰ ਸਿਖਾਇਆ ਜਾਵੇ ਕਿ ਲੜਾਈਆਂ ਝਗੜੇ ਜੀਵਨ ਬਰਬਾਦ ਕਰਦੇ ਹਨ। ਇਨ੍ਹਾਂ ਤੋਂ ਦੂਰ ਹੀ ਰਿਹਾ ਜਾਵੇ। ਅੱਠ-ਦਸ ਪਿੰਡਾਂ ਵਿਚੋਂ ਇਕੋ ਦੋ ਬਦਮਾਸ਼ ਹੁੰਦੇ ਸਨ, ਜਿਨ੍ਹਾਂ ਨੂੰ ਵੈਲੀ/ਬੈਲੀ ਕਿਹਾ ਜਾਂਦਾ ਸੀ।
ਜਦੋਂ ਦਾ ਸੋਸ਼ਲ ਮੀਡੀਏ ਦਾ ਯੁੱਗ ਆਇਆ ਹੈ, ਪਿੰਡਾਂ ਦਾ ਵੀ ਸ਼ਹਿਰੀਕਰਨ ਹੋ ਗਿਆ ਹੈ।
ਸ਼ਹਿਰਾਂ ਨੇ ਭਾਵੇਂ ਸਾਨੂੰ ਬਹੁਤ ਕੁਝ ਨਵਾਂ ਦਿੱਤਾ ਹੈ, ਪ੍ਰੰਤੂ ਸ਼ਹਿਰ ਪੂੰਜੀਵਾਦੀਆਂ ਦੀ ਉਪਜ ਹੈ ਅਤੇ ਸ਼ਹਿਰੀਆਂ ਦਾ ਇਕ ਵੱਖਰਾ ਸੱਭਿਆਚਾਰ ਹੁੰਦਾ ਹੈ। ਜਿਥੇ ਆਪਸੀ ਸਾਂਝ ਅਤੇ ਭਾਈਚਾਰਕ ਜਿਹੇ ਗੁਣ ਮਨਫ਼ੀ ਹੋ ਜਾਂਦੇ ਹਨ। ਪਰਿਵਾਰ ਇਕੱਲੇ ਰਹਿਣਾ ਪਸੰਦ ਕਰਦੇ ਹਨ। ਕੋਈ ਕਿਸੇ ਨਾਲ ਜ਼ਿਆਦਾ ਗੱਲ ਕਰਨੀ ਆਪਣੀ ਤੌਹੀਨ ਸਮਝਦਾ ਹੈ। ਹਾਸੇ ਖੁਸ਼ੀਆਂ ਕਿਧਰੇ ਗੁਆਚ ਗਈਆਂ ਹਨ। ਹਰ ਵਿਅਕਤੀ ਮੂੰਹ ਲਟਕਾਈ ਤੁਰਿਆ ਫਿਰਦਾ ਹੈ। ਮਕਾਨ ਵੱਡੇ, ਦਿਲ ਛੋਟੇ ਹੋ ਗਏ ਹਨ। ਮਹਿਮਾਨ ਨਿਵਾਜ਼ੀ ਸੁੰਗੜ ਗਈ ਹੈ। ਰਿਸ਼ਤੇਦਾਰੀਆਂ ਦਾ ਨਿੱਘ ਫਿੱਕਾ ਪੈ ਚੁੱਕਿਆ ਹੈ। ਵਿਆਹ-ਰਸਮਾਂ ਬਣ ਕੇ ਰਹਿ ਗਏ ਹਨ। ਦੋਸਤੀਆਂ ਸੁਆਰਥ ਪੁਣੇ ਤੱਕ ਮਹਿਫ਼ੂਜ਼ ਹੋ ਕੇ ਰਹਿ ਗਈਆਂ ਹਨ। ਅਜੋਕੇ ਹਾਲਾਤ 'ਚ ਮਨੁੱਖ ਮਾਨਸਿਕ ਰੋਗੀ ਬਣਦਾ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਭਾਰਤ ਵਿਚ ਤਕਰੀਬਨ 13 ਕਰੋੜ ਮਾਨਸਿਕ ਰੋਗੀ ਹਨ। ਜਿੰਨਾ ਵਧ ਵਿਕਸਿਤ ਦੇਸ਼ ਉਨੇ ਵੱਧ ਮਾਨਸਿਕ ਰੋਗੀ। ਅਮਰੀਕਾ ਵਿਚ 63 ਫ਼ੀਸਦੀ ਮਾਨਸਿਕ ਰੋਗੀ ਹਨ। ਮਨੁੱਖ ਨੇ ਅੱਗੇ ਲੰਘਣ ਦੀ ਹੋੜ ਵਿਚ ਸਹਿਜ, ਸੰਜਮ ਅਤੇ ਸਹਿਚਾਰ ਗੁਆ ਲਿਆ। ਮਨੁੱਖ ਸਰਫਾ ਕਰਨਾ ਭੁੱਲ ਗਿਆ ਹੈ।
ਜਿਥੇ ਤਕਨਾਲੋਜੀ ਨੇ ਦੁਨੀਆ ਛੋਟੀ ਕਰ ਦਿੱਤੀ ਹੈ, ਉਥੇ ਕਈ ਅਜਿਹੀਆਂ ਬਿਮਾਰੀਆਂ ਵੀ ਪੈਦਾ ਹੋ ਗਈਆਂ ਹਨ, ਜਿਨ੍ਹਾਂ ਕਾਰਨ ਮਾਨਸਿਕ ਦੂਰੀਆਂ ਵਧੀਆਂ ਹਨ। ਮਨੁੱਖ ਹੱਸਣਾ ਭੁੱਲ ਗਿਆ ਹੈ।
ਇਕ ਸਰਵੇਖਣ ਅਨੁਸਾਰ 65 ਫ਼ੀਸਦੀ ਤੋਂ ਵਧ ਲੋਕਾਂ ਕੋਲ ਹੱਸਣ ਦਾ ਸਮਾਂ ਨਹੀਂ ਹੈ। ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ 12 ਜਨਵਰੀ, 1988 ਨੂੰ ਮੁੰਬਈ ਵਿਚ ਹੋਈ ਸੀ ਤੇ ਹੁਣ ਇਹ ਸਾਲ 2005 ਤੋਂ ਹਰ ਸਾਲ ਮਈ ਦੇ ਪਹਿਲੇ ਹਫ਼ਤੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਦੁਨੀਆ 'ਚ ਤਕਰੀਬਨ 8000 ਲਾਫਟਰ ਕਲੱਬ ਹਨ ਤੇ ਇਕੱਲੇ ਭਾਰਤ 'ਚ 6000 ਹਨ।
ਇਹ ਵੀ ਸੱਚ ਹੈ ਕਿ ਅਸੀਂ ਚਾਹੀਏ ਭਾਵੇਂ ਨਾ ਚਾਹੀਏ, ਪਰਿਵਰਤਨ ਨੇ ਹਰ ਖੇਤਰ ਵਿਚ ਵਾਪਰਨਾ ਹੁੰਦਾ ਹੈ। ਸਵਾਲ ਤਾਂ ਇਹ ਹੈ ਕਿ ਇਹ ਪਰਿਵਰਤਨ ਸਾਡਾ ਕੀ ਕੁਝ ਸੁਆਰਤਾ, ਕੀ ਕੁਝ ਵਿਗਾੜਦਾ ਹੈ।
ਮਾਰਕਸ ਨੇ ਸੰਘਰਸ਼ ਅਤੇ ਡਾਰਵਿਨ ਨੇ ਮੁਕਾਬਲੇ ਦੀ ਬਿਰਤੀ ਬਲਵਾਨ ਕੀਤੀ ਹੈ। ਫਰਾਇਡ ਦੇ ਵਿਚਾਰਾਂ ਨੇ ਸੰਸਾਰ ਵਿਚ ਮਾਨਸਿਕ ਉਲਝਣਾਂ ਵਧਾਈਆਂ ਹਨ।
ਇਨ੍ਹਾਂ ਯੁੱਗ ਪੁਰਸ਼ਾਂ ਨੇ ਮਨੁੱਖ ਦੀ ਅਕਲ ਤਾਂ ਵਧਾ ਦਿੱਤੀ ਹੈ ਪਰ ਆਪਸੀ ਖਿੱਚੋਤਾਣ ਵਿਚ ਵਾਧਾ ਕਰਕੇ ਸੰਬੰਧਾਂ ਅਤੇ ਰਿਸ਼ਤਿਆਂ ਦੀ ਟੁੱਟ-ਭੱਜ ਵੀ ਵਧਾ ਦਿੱਤੀ ਹੈ। ਇਨ੍ਹਾਂ ਸਾਰੀਆਂ ਹਾਲਤਾਂ ਕਾਰਨ ਅਜੋਕਾ ਮਨੁੱਖ ਬੇਚੈਨ ਹੈ। ਸਹਿਣਸ਼ੀਲਤਾ ਮੁੱਕ ਚੱਲੀ ਹੈ। ਕੋਈ ਕਿਸੇ ਦੀ ਗੱਲ ਨਹੀਂ ਸਹਾਰਦਾ। ਛੋਟੀ ਤੋਂ ਛੋਟੀ ਗੱਲ ਪਿੱਛੇ ਕਤਲੋ-ਗਾਰਤ ਹੋ ਰਹੀ ਹੈ।
-ਮਤੀ ਦਾਸ ਨਗਰ, ਬਠਿੰਡਾ।
ਮੋਬਾਈਲ : 78146-07700