28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਾਬਾਲਗ ਨੂੰ ਅੱਗ ਲਾਉਣ ਦੇ ਮਾਮਲੇ 'ਚ ਪੀੜਿਤਾ ਨੇ ਪੀ. ਜੀ. ਆਈ. ਵਿਖੇ ਤੋੜਿਆ ਦਮ

ਐੱਸ. ਏ. ਐੱਸ. ਨਗਰ (ਮੋਹਾਲੀ), 28 ਅਗਸਤ (ਕਪਿਲ ਵਧਵਾ)- ਉਦਯੋਗਿਕ ਖੇਤਰ ਫੇਜ਼-7 ਵਿਖੇ 21 ਅਗਸਤ ਨੂੰ ਪੰਜਾਬ...

ਅਜੀਤ ਡੈਸਕ 28-08-2026

ਐੱਸ. ਏ. ਐੱਸ. ਨਗਰ (ਮੋਹਾਲੀ), 28 ਅਗਸਤ (ਕਪਿਲ ਵਧਵਾ)- ਉਦਯੋਗਿਕ ਖੇਤਰ ਫੇਜ਼-7 ਵਿਖੇ 21 ਅਗਸਤ ਨੂੰ ਪੰਜਾਬ ਬੰਦ ਦੌਰਾਨ ਅੱਠਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ ਨੂੰ ਸੈਨੀਟਾਈਜ਼ਰ ਪਾ ਕੇ ਅੱਗ ਲਾਉਣ ਦੇ ਮਾਮਲੇ ਵਿਚ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਦੌਰਾਨ ਉਸ ਦੀ ਰੱਖੜੀ ਵਾਲੇ ਦਿਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਨੇ ਮੌਤ ਦੀ ਸੂਚਨਾ ਮਿਲਣ ਉਪਰੰਤ ਮਾਮਲੇ ਵਿਚ ਹੱਤਿਆ ਦੀ ਧਾਰਾ 103(1) ਬੀ.ਐੱਨ.ਐੱਸ. ਵੀ ਜੋੜ ਦਿੱਤੀ ਹੈ।

ਜਾਣਕਾਰੀ ਅਨੁਸਾਰ, 21 ਅਗਸਤ ਨੂੰ ਨਾਬਾਲਗ ਆਪਣੇ ਨਾਨਕੇ ਘਰ ਬਲੌਂਗੀ ਜਾਣ ਲਈ ਘਰੋਂ ਨਿਕਲੀ ਸੀ। ਰਸਤੇ ਵਿਚ ਉਹ ਆਪਣੇ ਜਾਣਕਾਰ ਦੀਪਕ ਕੁਮਾਰ ਦੇ ਘਰ ਅੱਗਿਓਂ ਲੰਘੀ ਤਾਂ ਦੀਪਕ ਉਸ ਨੂੰ ਘਰ ਅੰਦਰ ਲੈ ਗਿਆ। ਇਸ ਦੌਰਾਨ ਲੜਕੀ ਦਾ ਪਿਤਾ ਉਸ ਦੀ ਭਾਲ ਕਰਦਾ ਹੋਇਆ ਦੀਪਕ ਦੇ ਘਰ ਪੁੱਜ ਗਿਆ, ਜਿੱਥੇ ਦੋਵਾਂ ਵਿਚ ਤਕਰਾਰ ਹੋ ਗਈ। ਪੁਲਿਸ ਮੁਤਾਬਕ ਇਸੇ ਤਕਰਾਰ ਦੀ ਰੰਜਿਸ਼ ਵਿਚ ਦੀਪਕ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਲੜਕੀ ਦੇ ਘਰ ਗਿਆ ਅਤੇ ਉੱਪਰਲੇ ਕਮਰੇ ਵਿਚ ਨਾਬਾਲਗ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਿਆ।

ਪਰਿਵਾਰ ਵਲੋਂ ਲੜਕੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਾਅਦ ਵਿਚ ਬਿਆਨ ਦੇਣ ਦੀ ਹਾਲਤ ਵਿਚ ਆਉਣ ’ਤੇ ਨਾਬਾਲਗ ਨੇ ਦੀਪਕ ਨੂੰ ਆਪਣੀ ਹਾਲਤ ਲਈ ਜ਼ਿੰਮੇਵਾਰ ਦੱਸਿਆ। ਥਾਣਾ ਫੇਜ਼-1 ਦੀ ਪੁਲਿਸ ਨੇ ਬੀ.ਐੱਨ.ਐੱਸ. ਦੀਆਂ ਧਾਰਾਵਾਂ 109, 74, 331, 124(1) ਅਤੇ ਪੋਕਸੋ ਐਕਟ ਦੀ ਧਾਰਾ 12 ਤਹਿਤ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਦੀਪਕ ਕੁਮਾਰ ਵਾਸੀ ਬਲੌਂਗੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਰਮੇਸ਼ ਅਤੇ ਚਾਚਾ ਮੋਹਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਹੁਣ ਨਾਬਾਲਗਾ ਦੀ ਮੌਤ ਤੋਂ ਬਾਅਦ ਹੱਤਿਆ ਦੀ ਧਾਰਾ 103(1) ਜੋੜੀ ਗਈ ਹੈ, ਜਦਕਿ ਮਾਮਲੇ ਵਿਚ ਨਾਮਜ਼ਦ ਮੁੱਖ ਮੁਲਜ਼ਮ ਦੇ ਦੋ ਚਚੇਰੇ ਭਰਾਵਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕੂਲੀ ਬੱਚੀਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ ਅਗਲੀ ਖ਼ਬਰ ਨਸ਼ਾ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ