ਸੰਗੀਤ ਰੂਹਾਂ ਨੂੰ ਝੰਜੋੜਦੈ× , ਕੰਬਣੀ ਛੇੜਦੈ। ਅਟੁੱਟ ਜੋੜ ਆ ਮਨੁੱਖ ਦੇ ਜਨਮ ਤੋਂ ਮਰਨ ਤੱਕ। ਨਵਜੰਮੇ ਬੱਚੇ ਦੇ ਰੋਣ ਦੀ ਪਹਿਲੀ ਹੂੰਗਰ ਨੂੰ ਹੀ 'ਖ਼ੁਸ਼-ਆਮਦੀਦ' ਕਿਹਾ ਜਾਂਦੈ, ਧੜਕਦੀ ਜ਼ਿੰਦਗੀ ਦੀ ਨਿਸ਼ਾਨੀ। ਸ਼ਾਇਦ ਹੀ ਕੋਈ ਖ਼ੁਸ਼ੀ ਜਾਂ ਗ਼ਮੀ ਦਾ ਪਲ ਹੋਵੇ, ਜਦੋਂ ਸੰਗੀਤ ਨੇ ਸਾਨੂੰ ਆਪਣੀ ਬੁੱਕਲ਼ ਵਿਚ ਨਾ ਲਪੇਟਿਆ ਹੋਵੇ। ਇਸਦਾ ਵਿਸ਼ਾਲ ਘੇਰਾ ਸੁਖਦ ਪਲਾਂ ਮੌਕੇ ਅਸਮਾਨੀਂ ਗੁੱਡੀ ਚਾੜ੍ਹਦੈ ਤੇ ਗ਼ਮਗੀਨ ਛਿਣਾਂ ਵੇਲੇ ਮਲ੍ਹਮ ਲਗਾਉਂਦੈ, ਢਾਰਸ ਬੱਝਦੀ ਐ। ਜ਼ਿੰਦਾ-ਦਿਲੀ ਫਿਰ ਸੁਪਨਾ ਦਿਖਾਉਂਦੀ ਐ। ਕਲਪਨਾ ਕਰ ਕੇ ਦੇਖੀਏ ਕਿ ਧੁਨਾਂ ਤੋਂ ਬਿਨਾਂ ਨਿਤਾਪ੍ਰਤੀ ਕਿਵੇਂ ਦੀ ਹੋਵੇਗੀ। ਸੋਚ ਪਤਾਲਾਂ ਵਿਚ ਚੁੱਭੀ ਮਾਰਦੀ ਹੈ। ਖਿਆਲੀਂ ਖਲਾਅ ਨਜ਼ਰ ਆਵੇਗਾ। ਇਨੀ ਵੱਡੀ ਚੁੱਪ ਵਸਦੇ ਘਰਾਂ ਦਾ ਸ਼ਿੰਗਾਰ ਨਹੀਂ ਹੁੰਦੀ× ।
ਸੁਰ ਆਪੇ ਦਾ ਪ੍ਰਗਟਾਅ ਹੈ। ਆਦਿ ਕਾਲ ਵਿਚ ਮਾਨਵ, ਜੰਗਲੀ ਜੀਵਾਂ ਵਰਗੀ ਹੂਕ ਨਾਲ ਹੀ ਆਪਣੀ ਹੋਂਦ ਦਾ ਅਹਿਸਾਸ ਕਰਾਉਂਦਾ ਸੀ। ਸਮਾਜਿਕ ਪ੍ਰਾਣੀ ਹੋਣ ਨਾਲ ਉਸਦੀ ਆਵਾਜ਼ ਵਿਚ ਨਿਖਾਰ ਆਉਂਦਾ ਗਿਆ ਤੇ ਉਸਦਾ ਗੁਣਗੁਣਾਉਣਾ ਇਨਸਾਨ ਅਤੇ ਹੈਵਾਨ ਵਿਚਲੀ ਸੂਖਮ ਲਕੀਰ ਦਾ ਪਾੜਾ ਵਧਾਉਣ ਲੱਗਿਆ। ਮੁਢਲੀਆਂ ਲੋੜਾਂ ਦੀ ਪੂਰਤੀ ਹੋਣਾ ਖ਼ੁਸ਼ੀ ਦਾ ਸਬੱਬ ਬਣਦਾ। ਨੱਚ, ਟੱਪ, ਗਾ ਕੇ ਉਸਦੇ ਵਲਵਲੇ ਰੰਗੀਨ ਜ਼ਿੰਦਗੀ ਦਾ ਸੁਨੇਹਾ ਦਿੰਦੇ ਸਨ।
ਸਮਾਂ ਅੱਗੇ ਵਧਿਆ ਤਾਂ ਸੱਭਿਅਕ ਸਮਾਜ ਵਿਚ ਸਾਂਝ ਦਾ ਖਿਆਲ ਅੰਗੜਾਈ ਲੈਣ ਲੱਗਾ। ਕਬੀਲਿਆਂ ਵਿਚ ਰਾਤਾਂ ਨੂੰ ਅੱਗ ਬਾਲ ਕੇ ਉਸਦੇ ਦੁਆਲੇ ਝੁਰਮਟ ਵਿਚ ਬੈਠਿਆਂ ਢੋਲ ਢਮੱਕੇ ਨਾਲ ਅੰਦਰਲੇ ਹਾਵ ਭਾਵਾਂ ਦੀ ਪੇਸ਼ਕਾਰੀ ਸੰਗੀਤ ਦਾ ਹੀ ਆਗਾਜ਼ ਸੀ। ਧੁਰ ਅੰਦਰੋਂ ਉਠਦੀ ਹੂਕ। ਹੌਲੀ-ਹੌਲੀ ਮੇਲਿਆਂ ਮੁਸਾਹਬਿਆਂ ਵਿਚ ਗਮੰਤਰੀਆਂ ਦੀ ਧਾਂਕ ਜੰਮਣ ਲੱਗੀ। ਚੰਨ ਚਾਨਣੀਆਂ ਰਾਤਾਂ ਨੂੰ ਸੱਭਿਆਚਾਰ ਦੇ ਕਈ ਰੰਗ ਵਰਤਦੇ। ਮਨੁੱਖ ਨੂੰ ਅਹਿਸਾਸ ਹੋਇਆ ਕਿ ਗੀਤ ਸੰਗੀਤ ਰੂਹ ਦੀ ਖ਼ੁਰਾਕ ਐ× ਇਸ ਤੋਂ ਵਿਹੂਣਾ ਜੀਵਨ ਫਿੱਕਾ ਹੈ। ਇਸੇ ਸੰਵੇਦਨਾ ਨੇ ਉਸਦੀ ਜ਼ਿੰਦਗੀ ਵਿਚ ਖਲਬਲੀ ਜਿਹੀ ਮਚਾ ਦਿੱਤੀ ਤੇ ਸੰਗੀਤਕ ਧੁਨਾਂ ਦੀ ਮ੍ਰਿਗ ਤ੍ਰਿਸ਼ਨਾ ਨੇ ਅਗਲੇਰੀਆਂ ਵਾਟਾਂ ਦਾ ਮੁੱਢ ਬੰਨ੍ਹ ਦਿੱਤਾ।
ਥੋੜ੍ਹੀ ਜਿਹੀ ਪਿਛਲ-ਝਾਤੀ ਮਾਰੀਏ ਤਾਂ ਮਨ ਵਿਚ ਝਰਨਾਹਟ ਛਿੜਦੀ ਆ। ਗ੍ਰਾਮੋਫੋਨ ਜਾਦੂਈ ਕ੍ਰਿਸ਼ਮਾ ਸੀ, ਸਮਝ ਤੋਂ ਪਰ੍ਹੇ। ਇਕ ਛੋਟੇ ਜਿਹੇ ਚੌਖਟੇ ਵਿਚੋਂ ਮਨੁੱਖੀ ਆਵਾਜ਼ਾਂ ਦਾ ਆਗਮਨ, ਸੱਚਮੁੱਚ ਅਚੰਭਾ, ਬੇ-ਯਕੀਨੀ। ਪਰ ਹਕੀਕਤ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦੈ। ਮੂੰਹੋਂ-ਮੂੰਹ ਗੱਲਾਂ। ਤਰ੍ਹਾਂ-ਤਰ੍ਹਾਂ ਦੇ ਵਿਸ਼ਲੇਸ਼ਣ...
ਛੜਾ ਦਿੱਲੀਉਂ ਮਸ਼ੀਨ ਲਿਆਇਆ, ਚੰਦ ਕੁਰ ਵਿਚ ਬੋਲਦੀ।
'ਹਿਜ਼ ਮਾਸਟਰ'ਜ ਵਾਇਸ' (ਐਚ.ਐਮ.ਵੀ.) ਦੇ ਕੁੱਤੇ ਦੀ ਫੋਟੋ ਵਾਲੇ ਕਾਲੇ ਤਵੇ ਨੇ ਗਾਣਿਆਂ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਣ ਲਾ ਦਿੱਤਾ। ਸੋਹਣਾ ਸਪੀਕਰ ਵਾਲਾ ਕਿਸੇ ਨਾਇਕ ਤੋਂ ਘੱਟ ਨਹੀਂ ਸੀ। ਮਸ਼ੀਨ ਨੂੰ ਚਾਬੀ ਦੇ ਕੇ ਚਲਾਉਂਦਾ। ਆਲੇ ਦੁਆਲੇ ਜੁਆਕਾਂ ਦੀ ਭੀੜ ਜੁੜਦੀ। ਜਿਉਂ ਹੀ ਦੋ ਤਿੰਨ ਗੀਤਾਂ ਬਾਦ ਤਵੇ ਦੀ ਹਿੱਕ 'ਤੇ ਚਲਦੀ ਸੂਈ ਖੁੰਢੀ ਹੋ ਜਾਂਦੀ ਤੇ ਘੈੜ ਘੈੜ ਦੀ ਆਵਾਜ਼ ਆਉਣ ਲੱਗਦੀ, ਮੁੰਡੀਰ੍ਹ ਦੇ ਮੂੰਹ ਤੇ ਲਾਲੀ ਆ ਜਾਂਦੀ। ਸੁੱਟੀ ਹੋਈ ਪੁਰਾਣੀ ਸੂਈ ਨੂੰ ਚੁੱਕ ਕੇ ਉਨ੍ਹਾਂ ਨੂੰ ਇਵੇਂ ਲਗਦਾ ਜਿਵੇਂ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ।
ਕੱਚੇ ਕੋਠਿਆਂ ਤੇ ਵਾਣ ਦੇ ਮੰਜੇ ਜੋੜ ਕੇ ਉੱਪਰ ਲੱਗਿਆ ਧੂਤੂ ਪਿੰਡ ਵਿਚ ਖ਼ੁਸ਼ੀ ਦੇ ਆਗਮਨ ਦਾ ਪ੍ਰਤੀਕ ਬਣਦਾ। ਕਿਸੇ ਮੁੱਛ ਫੁੱਟ ਗੱਭਰੂ ਦਾ ਵਿਆਹ ਜਾਂ ਲੋਹੜੀ ਦਾ ਸ਼ਗਨ ਨਵੇਂ ਮਹਿਮਾਨ ਨੂੰ 'ਜੀ ਆਇਆਂ' ਆਖਣ ਲਈ ਪੱਬਾਂ ਭਾਰ ਹੁੰਦੇ। ਯਮਲੇ ਜੱਟ ਦੀ ਹੇਕ ਅਤੇ ਲੋਗੜੀ ਦੇ ਫੁੱਲਾਂ ਨਾਲ ਸ਼ਿੰਗਾਰੇ ਤੂੰਬੇ ਦੀ ਟੁਣਕਾਰ ਜਦੋਂ ਆਗਾਜ਼ ਵਿਚ 'ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਰੀਝਾਂ ਲਾ ਲਾ ਵਿੰਹਦੀ ਦੁਨੀਆ ਸਾਰੀ ਐ' ਦਾ ਰਾਗ ਅਲਾਪਦੀ, ਤਾਂ ਪੌਣਾਂ ਵਿਚ ਸੁਗੰਧੀ ਜਿਹੀ ਘੁਲ ਜਾਂਦੀ। ਖ਼ੁਸ਼ੀ ਦੀ ਖ਼ਬਰ ਪੂਰੇ ਪਿੰਡ ਵਿਚ ਫੈਲ ਜਾਂਦੀ। ਐਲ ਪੀ ਰਿਕਾਰਡ ਤੇ ਝਰੀਟੇ ਅਤੇ ਸੁਰਿੰਦਰ ਛਿੰਦੇ ਦੇ ਗਾਏ 'ਜਿਓਣਾ ਮੌੜ' ਨੇ ਪੰਜਾਬੀਆਂ ਦੇ ਅਣਖੀਲੇ ਸੁਭਾਅ ਨੂੰ ਹਰ ਘਰ ਦੀਆਂ ਸਬਾਤਾਂ ਦਾ ਸ਼ਿੰਗਾਰ ਬਣਾ ਧਰਿਆ। ਉਧਰ ਮਾਣਕ ਦੀ ਗਾਈ ਹੀਰ ਦੀ ਕਲੀ ਵਾਕਿਆ ਈ ਦੂਰੋਂ ਨਾਥ ਦੇ ਟਿੱਲੇ ਤੋਂ 'ਸਲੇਟੀ' ਹੀਰ ਦੀ ਸੂਰਤ ਦੇ ਪ੍ਰਤੱਖ ਦੀਦਾਰ ਕਰਾ ਦਿੰਦੀ ਸੀ। ਕਿੱਸੇ ਸਰਵਣ ਭਗਤ, ਇੰਦਰ ਬੇਗੋ, ਮਿਰਜ਼ਾ ਸਾਹਿਬਾਂ ਵਿਰਸੇ ਦੀ ਗਵਾਹੀ ਭਰਦੇ ਲਗਦੇ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਡਿਊਟ ਸੁਣ ਕੇ ਗੱਭਰੂ, ਮੁਟਿਆਰਾਂ ਆਪਣੇ ਆਪ ਨੂੰ ਹੀਰਾਂ ਰਾਂਝਿਆਂ ਨਾਲ ਤਸ਼ਬੀਹਾਂ ਦਿੰਦੇ। ਨਰਿੰਦਰ ਬੀਬਾ ਦੀ ਲੰਮੀ ਹੇਕ ਸਾਹਮਣੇ ਲੋਕ ਸਾਹ ਲੈਣਾ ਭੁੱਲ ਜਾਂਦੇ। ਜਿੱਥੇ ਜਗਮੋਹਨ ਕੌਰ 'ਪੂਦਨੇ' ਨਾਲ ਕਰਾਰ ਭਰ ਦਿੰਦੀ ਸੀ, ਉਥੇ ਚਾਂਦੀ ਰਾਮ, ਸਵਰਨ ਲਤਾ, ਹਰਚਰਨ ਗਰੇਵਾਲ਼ ਅਤੇ ਸੀਮਾ ਦੀ ਪੇਸ਼ਕਾਰੀ ਪੇਂਡੂ ਪੰਜਾਬ ਦਾ ਮੂੰਹੋਂ ਬੋਲਦਾ ਪ੍ਰਤਿਬਿੰਬ ਸਾਹਮਣੇ ਲਿਆ ਖਲ੍ਹਾਰਦੀ। ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਵਿਰਸੇ ਦੇ ਦੂਤ ਵਜੋਂ ਵਿਚਰੇ। ਗੱਲ ਕੀ, 'ਗੜਵਾ ਲੈ ਦੇ ਚਾਂਦੀ ਦਾ' ਅਤੇ 'ਮੈਂ ਵੀ ਜੱਟ ਲੁਧਿਆਣੇ ਦਾ' ਹਰ ਨਿਆਣੇ ਸਿਆਣੇ ਦੀ 'ਕਾਲਰ ਟੋਨ' ਬਣ ਚੁੱਕੀ ਸੀ।
ਕਹਿੰਦੇ ਨੇ, ਸੰਗੀਤ ਹੱਦਾਂ ਦਾ ਮੁਹਤਾਜ ਨਹੀਂ ਹੁੰਦਾ। ਜ਼ਮੀਨੀ ਵਲਗਣਾਂ ਇਸ ਨੂੰ ਕੈਦ ਨਹੀਂ ਕਰ ਸਕੀਆਂ। ਭਾਸ਼ਾ ਕੋਈ ਵੀ ਹੋਵੇ, ਧੁਨਾਂ ਵਿਚ ਵੰਨਗੀਆਂ ਹੋਣ, ਤਾਂ ਪੈਰ ਥਿਰਕਣ ਲੱਗ ਹੀ ਜਾਂਦੇ ਨੇ। ਪੱਛਮੀ ਸੱਭਿਆਚਾਰ ਵਿਚ ਮਾਈਕਲ ਜੈਕਸਨ, ਸ਼ਕੀਰਾ, ਬੀਟਲਜ, ਰਿਹਾਨਾ ਅਤੇ ਐਮੀਨਾਮ ਵਿਸ਼ਵ ਭਰ ਵਿਚ ਨਵੇਲੀਆਂ ਤੇ ਵਿਲੱਖਣ ਪੈੜਾਂ ਦੇ ਗਵਾਹ ਹਨ। ਸਾਡੇ ਆਪਣੇ ਮੁਹੰਮਦ ਰਫ਼ੀ, ਲਤਾ, ਕਿਸ਼ੋਰ ਕੁਮਾਰ, ਆਸ਼ਾ ਭੋਂਸਲੇ ਅਤੇ ਮਹਿੰਦਰ ਕਪੂਰ ਇਸੇ ਸੰਗੀਤ ਦੀ ਮਾਲਾ ਦੇ ਸੁੱਚੇ ਮੋਤੀ ਹੀ ਤਾਂ ਹਨ, ਜਿਨ੍ਹਾਂ ਨੇ ਦੁਨੀਆ ਨੂੰ ਇਕ ਪਰਿਵਾਰ ਵਿਚ ਪਰੋ ਦਿੱਤਾ।
ਵਾਹਗਿਉਂ ਪਾਰਲਾ ਤਾਂ ਹੈ ਈ ਸਾਡਾ ਆਪਣਾ। ਜਿੰਨੀ ਸ਼ਿੱਦਤ ਨਾਲ ਮਾਣਕ ਦੀ ਤੂੰਬੀ ਲਹਿੰਦੇ ਪੰਜਾਬ ਵਿਚ ਰੂਹਾਂ ਨੂੰ ਵਿੰਨ੍ਹਦੀ ਆ, ਉਨੇ ਹੀ ਵੇਗ ਨਾਲ ਇਧਰਲੇ ਪੰਜਾਬ ਵਿਚ ਆਲਮ ਲੁਹਾਰ ਦਾ ਚਿਮਟਾ ਦਿਲਾਂ ਨੂੰ ਧੂਹ ਪਾਉਂਦੈ। ਗੁਲਾਮ ਅਲੀ, ਮਹਿਦੀ ਹਸਨ, ਨੁਸਰਤ ਸਾਹਿਬ, ਸ਼ੌਕਤ ਅਲੀ, ਰੇਸ਼ਮਾਂ ਅਤੇ ਨੂਰ ਜਹਾਂ ਸਾਡੀ ਆਪਣੀ ਤਹਿਜ਼ੀਬ ਦੇ ਹੀ ਤਾਂ ਨਾਇਕ ਹਨ। ਮਲਿਕਾ ਪੁਖਰਾਜ ਦਾ 'ਅਭੀ ਤੋ ਮੈਂ ਜਵਾਨ ਹੂੰ' ਸੁਣ ਕੇ ਕੋਈ ਦਿਲ ਅਣਭਿੱਜਿਆ ਰਹਿ ਸਕਦਾ ਹੈ?
ਸੰਗੀਤ ਨੂੰ ਪਵਿੱਤਰ ਲੈਅ ਦਾ ਦਰਜਾ ਪ੍ਰਾਪਤ ਐ। ਇਸ ਵਿਚ ਥੋੜ੍ਹਾ ਜਿਹਾ ਵੀ ਗੰਧਲ਼ਾਪਣ ਡੂੰਘੀ ਚੀਸ ਦਿੰਦੈ। ਲੱਚਰਤਾ ਅਤੇ ਵੈਲੀਪੁਣਾ ਵੱਡੀ ਸੱਟ ਮਾਰਦੇ ਨੇ। ਜ਼ਮਾਨਾ 'ਤਵੇ' ਤੋਂ 'ਚਿੱਪ' ਤੇ ਪਹੁੰਚ ਗਿਐ। 'ਪੌਪ' ਦੇ ਨਾਂ ਤੇ 'ਪਾਪ' ਪਰੋਸਿਆ ਜਾ ਰਿਹੈ। 'ਰੈਪ' ਦਾ ਸਮਝ ਤੇ ਸੂਝ ਨਾਲ ਕੋਈ ਰਿਸ਼ਤਾ ਨਹੀਂ। ਲਗਦੈ, ਅਸੀਂ ਆਪਣੀਆਂ ਜੜ੍ਹਾਂ ਤੇ ਹਥਿਆਰ ਚਲਾ ਰਹੇ ਹਾਂ। ਗਲੇ ਦੀਆਂ ਸਰੋਦੀ ਧੁਨਾਂ ਦੀ ਥਾਂ ਚੀਕਾਂ ਮਾਰਦੇ ਯੰਤਰ ਲੈ ਰਹੇ ਨੇ। ਦਿਲੋਂ ਨਿੱਕਲੀ 'ਵਾਹ ਵਾਹ' ਨੂੰ 'ਵਿਊਜ਼' ਨਾਲ ਨਾਪਿਆ ਜਾ ਰਿਹੈ। ਸਦਾ-ਬਹਾਰ ਰਮਜ਼ਾਂ ਦੀ ਜਗਾ ਮਾਅਰਕਿਆਂ ਦੀ ਜਾਹਲਸਾਜ਼ੀ ਐ। ਸੱਚਮੁੱਚ ਸੰਗੀਤਕ ਮੰਜ਼ਿਲ ਹਰ ਕਿਸੇ ਦੇ ਵੱਸ ਵਿਚ ਨਹੀਂ।
ਸੰਤਾਲੀ ਦੀ ਵੰਡ ਨੇ ਪੰਜਾਬੀਆਂ ਨੂੰ ਡੂੰਘੇ ਸੱਲ੍ਹ ਦਿੱਤੇ ਨੇ। ਪਰ ਅਜੇ ਵੀ ਕੋਈ ਆਸ ਦੀ ਚਿਣਗ ਜਗਦੀ ਰਹਿੰਦੀ ਆ। 'ਕਰੀਂ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ।' ਥੋੜ੍ਹਾ ਸਮਾਂ ਪਹਿਲਾਂ ਜਾਗਦੀ ਜ਼ਮੀਰ ਵਾਲੇ ਕੁਝ ਜਗਿਆਸੂਆਂ ਨੇ ਚਿਤਵਿਆ ਸੀ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸੰਗੀਤਕ ਅਦਾਨ ਪ੍ਰਦਾਨ ਬਿਨਾਂ ਕਿਸੇ ਰੋਕ ਟੋਕ ਦੇ ਹੋਵੇ। ਜਿੱਥੇ ਉਧਰਲੇ ਪਾਸੇ ਅਖਾੜਿਆਂ ਵਿਚ ਮਾਣਕ ਦੀ ਤੂੰਬੀ ਖੜਕੇ ਤੇ ਇੱਧਰ ਸਾਡੀਆਂ ਮਹਿਫ਼ਲਾਂ ਵਿਚ ਆਲਮ ਲੁਹਾਰ ਦਾ ਚਿਮਟਾ!
ਆਓ, ਜੋਦੜੀ ਕਰੀਏ! ਦੋਵੀਂ ਪਾਸੀਂ ਸੁਮੱਤ ਦੀ ਬਖ਼ਸ਼ਿਸ਼ ਹੋਵੇ। ਦਿਲਾਂ ਅਤੇ ਦਿਮਾਗਾਂ ਦੀ ਸਾਂਝ ਦੇ ਗਵਾਹ ਬਣੀਏ। ਆਮੀਨ...
ਮਗਰੋਂ ਸੁੱਝੀ: ਕਹਿੰਦੇ ਨੇ ਇਕ ਵਾਰ ਕੋਈ ਭੱਦਰਪੁਰਸ਼ ਲੁਧਿਆਣੇ ਬੱਸ ਅੱਡੇ ਦੇ ਬਾਹਰਲੇ ਚੁਬਾਰਿਆਂ 'ਤੇ ਯਮਲਾ ਜੱਟ ਦੇ ਨਾਂਅ ਵਾਲਾ ਫੱਟਾ ਲੱਭਦਾ ਫਿਰੇ। ਨਿਰਾਸ਼ਾ ਪੱਲੇ ਪਈ। ਹਤਾਸ਼ ਹੋਏ ਨੂੰ ਕਿਸੇ ਨੇ ਦੱਸਿਆ, ਸੱਜਣਾ, ਯਮਲਾ ਕੋਠਿਆਂ 'ਚ ਨੀ, ਲੋਕਾਂ ਦੇ ਦਿਲਾਂ ਵਿਚ ਵਸਦੈ।
-ਮੋਬਾਈਲ : 89684-33500