ਫੌਜਾ ਸਿੰਘ ਤੇ ਦਾਰਾ ਸਿੰਘ ਪੰਜਾਬੀਆਂ ਦੇ ਦੋ ਅਜਿਹੇ ਹੀਰੋ ਹੋਏ ਹਨ ਜਿਨ੍ਹਾਂ ਕਿਸੇ ਵੀ ਐਮੇਚਿਓਰ ਭਾਵ ਸ਼ੌਕੀਆ ਜਾਂ ਗ਼ੈਰ-ਪੇਸ਼ੇਵਰ ਖੇਡ ਮੁਕਾਬਲੇ ਵਿਚ ਪੰਜਾਬ ਜਾਂ ਭਾਰਤ ਦੀ ਨੁਮਾਇੰਦਗੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਵੀ ਰਸਮੀ ਖੇਡ ਮੁਕਾਬਲੇ ਜਿਵੇਂ ਕਿ ਕੌਮੀ ਖੇਡਾਂ, ਏਸ਼ਿਆਈ ਜਾਂ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ਪਰ ਦੋਵੇਂ ਹੀ ਖੇਡ ਜਗਤ ਵਿਚ ਪੰਜਾਬੀਆਂ ਲਈ ਇੰਝ ਪ੍ਰਵਾਨ ਚੜ੍ਹੇ ਕਿ ਉਹ ਮਿੱਥਾਂ ਦੇ ਪਾਤਰ ਬਣ ਗਏ। ਹਾਲਾਂਕਿ ਦੋਵਾਂ ਨੂੰ ਕੋਈ ਮਾਨਤਾ ਪ੍ਰਾਪਤ ਖੇਡ ਪੁਰਸਕਾਰ ਜਿਵੇਂ ਅਰਜੁਨਾ ਐਵਾਰਡ ਜਾਂ ਮਹਾਰਾਜਾ ਰਣਜੀਤ ਸਿੰਘ ਜਿਹੇ ਐਵਾਰਡ ਨਹੀਂ ਮਿਲੇ ਪ੍ਰੰਤੂ ਉਨ੍ਹਾਂ ਦੀ ਘਾਲਣਾ ਅਤੇ ਅਦੁੱਤੀ ਸ਼ਕਤੀ ਸਦਕਾ ਦਾਰਾ ਸਿੰਘ ਨੂੰ ਜਿੱਥੇ ਤਾਕਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਥੇ ਫੌਜਾ ਸਿੰਘ ਨੂੰ ਭੱਜਣ-ਦੌੜਨ ਦਾ ਮਹਾਂਰਥੀ ਸਮਝਿਆ ਗਿਆ। ਫੌਜਾ ਸਿੰਘ ਭੱਜਣ ਵਿਚ ਉੱਡਣੇ ਸਿੱਖ ਮਿਲਖਾ ਸਿੰਘ ਜਿੰਨਾ ਮਕਬੂਲ ਹੋਇਆ।
ਫੌਜਾ ਸਿੰਘ ਨੇ ਬੀਤੇ ਦਿਨੀਂ ਉਮਰ ਦੇ 114 ਬਸੰਤ ਹੰਢਾਉਣ ਤੋਂ ਬਾਅਦ ਜਦੋਂ ਅਲਵਿਦਾ ਆਖੀ ਤਾਂ ਹਰ ਅੱਖ ਨਮ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਅਤੇ ਇਥੋਂ ਤੱਕ ਕਿ ਚਲਦੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਜਿਸ ਉਮਰੇ ਜਿਊਣ ਦੀ ਇੱਛਾ ਖਤਮ ਹੋ ਜਾਂਦੀ ਹੈ, ਉਸ ਉਮਰੇ ਦੌੜਨਾ ਸ਼ੁਰੂ ਕਰਨ ਵਾਲੇ ਫੌਜਾ ਸਿੰਘ ਨੂੰ ਸੌ ਸਾਲ ਤੋਂ ਵੱਡੀ ਉਮਰੇ ਸਭ ਤੋਂ ਲੰਬੀ ਦੌੜ (ਮੈਰਾਥਨ) ਵਿਚ ਨਾ ਸਿਰਫ ਹਿੱਸਾ ਲੈਣ ਬਲਕਿ ਜਿੱਤਣ ਦਾ ਵੀ ਮਾਣ ਪ੍ਰਾਪਤ ਹੈ। ਖੇਡਾਂ ਵਿਚ ਸਭ ਤੋਂ ਵੱਡੀ ਦੌੜ ਮੈਰਾਥਨ ਹੁੰਦੀ ਹੈ ਜਿਸ ਦੀ ਲੰਬਾਈ 42.195 ਕਿਲੋਮੀਟਰ ਹੁੰਦੀ ਹੈ ਜੋ ਕਿ ਉਲੰਪਿਕ ਖੇਡਾਂ ਦੀ ਸ਼ੁਰੂਆਤ ਤੋਂ ਦੌੜੀ ਜਾਂਦੀ ਹੈ।
ਫੌਜਾ ਸਿੰਘ ਦੀ ਜਨਮ ਤਰੀਕ ਬਾਰੇ ਭਾਵੇਂ ਕੋਈ ਪੱਕੇ ਦਸਤਾਵੇਜ਼ੀ ਸਬੂਤ ਨਹੀਂ ਹਨ, ਜਿਸ ਕਰਕੇ ਗਿੰਨਿਜ਼ ਬੁੱਕ ਆਫ਼ ਰਿਕਾਰਡ ਵਲੋਂ ਸੌ ਸਾਲ ਦੇ ਮੈਰਾਥਨ ਦੌੜਾਕ ਵਜੋਂ ਫੌਜਾ ਸਿੰਘ ਨੂੰ ਦਰਜ ਨਹੀਂ ਕੀਤਾ ਗਿਆ ਕਿਉਂਕਿ ਉਹ ਜਨਮ ਤਰੀਕ ਦਾ ਪੱਕਾ ਸਰਟੀਫਿਕੇਟ ਦੇਖਦੇ ਹਨ। ਵੈਸੇ ਫੌਜਾ ਸਿੰਘ ਦੇ ਪਾਸਪੋਰਟ ਅਨੁਸਾਰ ਉਨ੍ਹਾਂ ਦੀ ਜਨਮ ਮਿਤੀ 1 ਅਪਰੈਲ 1911 ਬਣਦੀ ਹੈ। ਕੁੱਲ ਦੁਨੀਆਂ ਦੇ ਖੇਡ ਪ੍ਰੇਮੀਆਂ ਅਤੇ ਪੰਜਾਬੀਆਂ ਦੇ ਦਿਲਾਂ ਵਿਚ ਫੌਜਾ ਸਿੰਘ ਦਾ ਜੋ ਨਾਂਅ ਦਰਜ ਹੈ, ਉਸ ਦੀ ਵੁੱਕਤ ਗਿੰਨੀਜ਼ ਬੁੱਕ ਆਫ਼ ਰਿਕਾਰਡ ਨਾਲੋਂ ਕਿਤੇ ਵਧੇਰੇ ਹੈ। 115ਵੇਂ ਸਾਲ ਵਿਚ ਵੀ ਜਿਸ ਤਰ੍ਹਾਂ ਫੌਜਾ ਸਿੰਘ ਨੇ ਸਦੀਵੀ ਵਿਛੋੜਾ ਦਿੱਤਾ, ਉਸ ਤੋਂ ਸਭ ਦੰਗ ਹਨ। ਫੌਜਾ ਸਿੰਘ ਦੇ ਅਕਾਲ ਚਲਾਣੇ ਦੀ ਖ਼ਬਰ ਆਈ ਤਾਂ ਪਹਿਲੀ ਨਜ਼ਰੇ ਸਭਨਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਕੁਦਰਤੀ ਮੌਤ ਹੋਈ ਹੈ ਪ੍ਰੰਤੂ ਜਦੋਂ ਸੜਕ ਹਾਦਸੇ ਦੀ ਖ਼ਬਰ ਮਿਲੀ ਤਾਂ ਸਭ ਹੈਰਾਨ ਸਨ। ਫੌਜਾ ਸਿੰਘ ਕੁੱਲ ਦੁਨੀਆ ਵਿਚ ਆਪਣੀਆਂ ਦੌੜਾਂ ਲਈ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਇਸ ਦੁਨੀਆਂ ਤੋਂ ਅਲਵਿਦਾ ਵੀ ਤੁਰਦਿਆਂ ਹੀ ਆਖੀ ਜਦੋਂ ਕਿਸੇ ਕਾਰ ਵੱਲੋਂ ਉਨ੍ਹਾਂ ਨੂੰ ਮੰਦਭਾਗੀ ਟੱਕਰ ਮਾਰੀ ਗਈ।
ਫੌਜਾ ਸਿੰਘ ਨੇ ਭਾਵੇਂ ਉਲੰਪਿਕ ਖੇਡਾਂ ਵਿਚ ਖਿਡਾਰੀ ਵਜੋਂ ਨਹੀਂ ਹਿੱਸਾ ਲਿਆ ਪ੍ਰੰਤੂ ਉਸ ਨੂੰ ਉਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਨ ਦਾ ਮਾਣ ਹਾਸਲ ਹੈ। ਤਿੰਨ ਉਲੰਪਿਕਸ (ਏਥਨਜ਼ 2004, ਬੀਜਿੰਗ 2008 ਤੇ ਲੰਡਨ 2012) ਵਿਚ ਮਸ਼ਾਲ ਮਾਰਚ ਵਿਚ ਦੌੜਨ ਵਾਲਾ ਫੌਜਾ ਸਿੰਘ ਜਦੋਂ 2012 ਦੀਆਂ ਉਲੰਪਿਕ ਖੇਡਾਂ ਵੇਲੇ ਲੰਡਨ ਦੀਆਂ ਸੜਕਾਂ ਉਤੇ ਮਸ਼ਾਲ ਲੈ ਕੇ ਦੌੜਿਆ ਤਾਂ ਦੁਨੀਆਂ ਭਰ ਦੇ ਅਖਬਾਰਾਂ ਦੀ ਸੁਰਖੀ ਬਣਿਆ। ਫੌਜਾ ਸਿੰਘ 16 ਅਕਤੂਬਰ 2011 ਨੂੰ ਟੋਰਾਂਟੋ ਦੀ ਮੈਰਾਥਨ ਦੌੜ ਪੂਰੀ ਕਰਕੇ ਸੌ ਸਾਲ ਦੀ ਉਮਰੇ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਅਥਲੀਟ ਬਣਿਆ ਸੀ। ਫੌਜਾ ਸਿੰਘ ਨੇ ਮੈਰਾਥਨ ਦੌੜ ਸਵਾ ਅੱਠ ਘੰਟੇ ਵਿਚ ਪੂਰੀ ਕੀਤੀ ਸੀ। ਉਸ ਸਮੇਂ ਹੀ ਗਿੰਨਿਜ਼ ਬੁੱਕ ਆਫ ਵਰਲਡ ਰਿਕਾਰਡ ਵਾਲਿਆਂ ਨੇ ਫੌਜਾ ਸਿੰਘ ਦਾ ਅਸਲ ਜਨਮ ਸਰਟੀਫਿਕੇਟ ਮੰਗਿਆ ਸੀ।
ਫੌਜਾ ਸਿੰਘ ਦੇ ਪਿਛੋਕੜ ਉਤੇ ਝਾਤੀ ਮਾਰੀਏ ਤਾਂ ਖੇਡ ਪ੍ਰੇਮੀ ਇਹ ਸੁਣ ਕੇ ਦੰਗ ਰਹਿ ਜਾਂਦੇ ਹਨ ਕਿ 80 ਸਾਲ ਦੀ ਉਮਰ ਤੱਕ ਉਹ ਕਿਤੇ ਦੌੜੇ ਵੀ ਨਹੀਂ ਸਨ। ਫੌਜਾ ਸਿੰਘ ਦਾ ਜਨਮ ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਵਿਖੇ ਪਿਤਾ ਸ. ਮਿਹਰ ਸਿੰਘ ਤੇ ਮਾਤਾ ਭਾਗੋ ਦੇ ਘਰ ਹੋਇਆ। ਉਹ ਘਰ ਦੇ ਚਾਰ ਜੀਆਂ ਵਿਚੋਂ ਸਭ ਤੋਂ ਛੋਟਾ ਸੀ। ਫੌਜਾ ਸਿੰਘ ਜੋ ਅੱਜ ਦੌੜਨ ਦੀ ਮਿੱਥ ਬਣਿਆ ਹੋਇਆ ਹੈ, ਬਾਲੜੀ ਉਮਰੇ ਸਭ ਤੋਂ ਲੇਟ ਤੁਰਨ ਲੱਗਿਆ ਸੀ। ਉਹ ਪਹਿਲੇ ਪੰਜ-ਛੇ ਸਾਲ ਸਿਰਫ ਰਿੜ੍ਹਦਾ ਹੀ ਸੀ, ਫੇਰ ਕਿਤੇ ਜਾ ਕੇ ਉਹ ਮਸਾਂ ਤੁਰਨ ਲੱਗਾ। ਉਦੋਂ ਘਰਦਿਆਂ ਨੇ ਖੁਸ਼ੀ ਵਿਚ ਕੜਾਹ ਪ੍ਰਸ਼ਾਦਿ ਵੰਡਿਆ ਸੀ। ਪ੍ਰਸਿੱਧ ਖੇਡ ਲਿਖਾਰੀ ਅਤੇ ਫੌਜਾ ਸਿੰਘ ਦੇ ਨੇੜਲੇ ਮਿੱਤਰ ਪ੍ਰਿੰਸੀਪਲ ਸਰਵਣ ਸਿੰਘ ਆਖਦੇ ਹੁੰਦੇ ਹਨ ਕਿ ਉਮਰ ਦੇ ਪਹਿਲੇ 16-17 ਸਾਲ ਤਾਂ ਫੌਜਾ ਸਿੰਘ ਕੁੱਲ ਇਕ ਮੀਲ ਵੀ ਨਹੀਂ ਤੁਰਿਆ ਸੀ।
ਫੌਜਾ ਸਿੰਘ ਦਾ ਵਿਆਹ ਵੱਡੀ ਉਮਰੇ ਗਿਆਨ ਕੌਰ ਨਾਲ ਹੋਇਆ। ਫੌਜਾ ਸਿੰਘ ਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ। ਫੌਜਾ ਸਿੰਘ ਦੇ ਜੀਵਨ ਵਿਚ ਵੱਡਾ ਬਦਲਾਅ ਪਿਛਲੀ ਸਦੀ ਦੇ ਨੱਬੇ ਦੇ ਦਹਾਕੇ ਵਿਚ ਉਦੋਂ ਆਇਆ ਜਦੋਂ 1992 ਵਿਚ ਉਸ ਦੀ ਪਤਨੀ ਅਤੇ 1994 ਵਿਚ ਵਿਚਕਾਰਲੇ ਪੁੱਤਰ ਕੁਲਦੀਪ ਸਿੰਘ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਨਾਲ ਫੌਜਾ ਸਿੰਘ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਝੰਜੋੜਿਆ ਗਿਆ। ਫੌਜਾ ਸਿੰਘ 1995 ਵਿਚ ਆਪਣੇ ਵੱਡੇ ਪੁੱਤਰ ਨਾਲ ਇੰਗਲੈਂਡ ਚਲਾ ਗਿਆ ਜਿੱਥੇ ਉਸ ਦਾ ਮੇਲ 10 ਕਿਲੋਮੀਟਰ ਦੀ ਦੌੜ ਲਗਾਉਣ ਵਾਲੇ ਹਰਮੰਦਰ ਸਿੰਘ ਨਾਲ ਹੋਇਆ। ਹਰਮੰਦਰ ਸਿੰਘ ਨੇ ਫੌਜਾ ਸਿੰਘ ਨੂੰ ਆਪਣਾ ਦੁੱਖ ਭੁਲਾਉਣ ਲਈ ਦੌੜਨ ਦੀ ਨਸੀਹਤ ਦਿੱਤੀ ਅਤੇ ਫੌਜਾ ਸਿੰਘ ਅਜਿਹਾ ਦੌੜਨ ਲੱਗਿਆ ਕਿ ਫੇਰ ਇਹੋ ਉਸ ਦਾ ਨਿੱਤਨੇਮ ਬਣ ਗਿਆ। ਹਰਮੰਦਰ ਸਿੰਘ ਫੌਜਾ ਸਿੰਘ ਦਾ ਮੁੱਢਲਾ ਕੋਚ ਅਤੇ ਟ੍ਰੇਨਰ ਸੀ। ਫੌਜਾ ਸਿੰਘ ਨੇ ਆਪਣੇ ਜੀਵਨ ਤੋਂ ਸਭ ਤੋਂ ਵੱਡੀ ਪ੍ਰੇਰਨਾ ਹੀ ਇਹੋ ਦਿੱਤੀ ਹੈ ਕਿ ਸਦਮੇ ਤੋਂ ਉਭਰਨ ਲਈ ਦੌੜਨਾ ਚਾਹੀਦਾ ਹੈ।
ਫੌਜਾ ਸਿੰਘ ਪਹਿਲੀ ਵਾਰ ਸੁਰਖੀਆਂ ਵਿਚ ਉਦੋਂ ਆਇਆ ਜਦੋਂ ਸੰਨ 2000 ਵਿਚ ਲੰਡਨ ਵਿਖੇ ਸੱਤ ਘੰਟੇ ਤੋਂ ਘੱਟ ਸਮੇਂ ਵਿਚ ਮੈਰਾਥਨ ਪੂਰੀ ਕਰਕੇ 80 ਸਾਲ ਤੋਂ ਵੱਡੇ ਉਮਰ ਵਰਗ ਵਿਚ ਤੇਜ਼ ਮੈਰਾਥਨ ਦੌੜਨ ਦਾ ਰਿਕਾਰਡ ਬਣਾਇਆ ਸੀ। ਸਾਲ 2003 ਵਿਚ ਟੋਰਾਂਟੋ ਵਿਖੇ ਮੈਰਾਥਨ ਪੌਣੇ ਛੇ ਘੰਟੇ ਤੋਂ ਘੱਟ ਸਮੇਂ ਵਿਚ ਪੂਰੀ ਕੀਤੀ। ਅਗਲੇ ਹੀ ਸਾਲ 2004 ਵਿਚ ਫੇਰ ਟਰਾਂਟੋ ਵਿਖੇ ਹਾਫ਼ ਮੈਰਾਥਨ ਢਾਈ ਘੰਟੇ ਵਿਚ ਪੂਰੀ ਕਰਦਿਆਂ ਨਵਾਂ ਵਿਸ਼ਵ ਰਿਕਾਰਡ ਬਣਾਇਆ। ਸਾਲ 2004 ਵਿਚ ਦਸਵੇਂ ਪਾਤਸ਼ਾਹ ਦੇ ਚਾਰ ਸ਼ਾਹਿਬਜ਼ਾਦਿਆਂ ਦੇ 300 ਸਾਲਾ ਸ਼ਹੀਦੀ ਪੁਰਬ ਮੌਕੇ ਖੇਡ ਵਿਭਾਗ ਪੰਜਾਬ ਵੱਲੋਂ ਤਤਕਾਲੀ ਡਾਇਰੈਕਟਰ ਪਦਮਸ੍ਰੀ ਕਰਤਾਰ ਸਿੰਘ ਦੀ ਅਗਵਾਈ ਵਿਚ ਚਮਕੌਰ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਤੱਕ ਇਤਿਹਾਸਕ ਮੈਰਾਥਨ ਕਰਵਾਈ ਗਈ ਤਾਂ ਉਸ ਵੇਲੇ 93 ਸਾਲ ਦਾ ਫੌਜਾ ਸਿੰਘ ਦੌੜਦਾ ਹੋਇਆ ਪਹਿਲੀ ਵਾਰ ਪੰਜਾਬ ਵਿਚ ਸੁਰਖੀਆਂ ਦਾ ਕੇਂਦਰ ਬਣਿਆ। ਉਸ ਤੋਂ ਬਾਅਦ ਫੌਜਾ ਸਿੰਘ ਦੀ ਅਜਿਹੀ ਗੁੱਡੀ ਚੜ੍ਹੀ ਕਿ ਉਹ ਕਿਧਰੇ ਵੀ ਦੌੜਨ ਜਾਂਦਾ ਤਾਂ ਉਹ ਸੁਰਖੀਆਂ ਦਾ ਕੇਂਦਰ ਬਿੰਦੂ ਬਣ ਜਾਂਦਾ।
ਫੌਜਾ ਸਿੰਘ ਨੇ ਜਿੱਥੇ ਕਈ ਮੈਰਾਥਨ ਤੇ ਹਾਫ਼ ਮੈਰਾਥਨ ਦੌੜਾਂ ਜਿੱਤੀਆਂ, ਉਥੇ ਉਸ ਨੇ ਵੈਟਰਨ ਖੇਡ ਮੁਕਬਾਲਿਆਂ ਵਿਚ ਫਰਾਟਾ ਤੇ ਮੱਧਮ ਦੂਰੀ ਦੀਆਂ ਦੌੜਾਂ ਵੀ ਨਵੇਂ ਰਿਕਾਰਡਾਂ ਨਾਲ ਜਿੱਤੀਆਂ। 100 ਸਾਲ ਤੋਂ ਵਡੇਰੀ ਉਮਰੇ ਉਨ੍ਹਾਂ ਟੋਰਾਂਟੋ ਵਿਖੇ ਇਕੋ ਦਿਨ ਅੱਠ ਦੌੜਾਂ ਲਾਈਆਂ ਸਨ ਅਤੇ ਪੰਜ ਵਿਸ਼ਵ ਰਿਕਾਰਡ ਬਣਾਏ ਸਨ। ਫੌਜਾ ਸਿੰਘ ਨੇ 2012 ਵਿਚ ਹਾਂਗਕਾਂਗ ਵਿਖੇ 102 ਸਾਲ ਦੀ ਉਮਰੇ ਆਪਣੀ ਆਖਰੀ ਮੈਰਾਥਨ ਦੌੜੀ। ਫੌਜਾ ਸਿੰਘ ਨੂੰ ਇਸ ਮੈਰਾਥਨ ਦੌਰਾਨ 26 ਹਜ਼ਾਰ ਡਾਲਰ ਦੇ ਕਰੀਬ ਧਨ ਰਾਸ਼ੀ ਇਕੱਠੀ ਹੋਈ ਜੋ ਉਨ੍ਹਾਂ ਉਥੇ ਹੀ ਮੌਕੇ ਉਤੇ ਅਗਾਂਹ ਦਾਨ ਕਰ ਦਿੱਤੀ। ਫੌਜਾ ਸਿੰਘ ਜਿੱਡਾ ਵੱਡਾ ਦੌੜਾਕ ਸੀ, ਉਸ ਤੋਂ ਵੱਡਾ ਇਨਸਾਨ ਤੇ ਦਾਨੀ ਪੁਰਸ਼ ਵੀ ਸੀ।
ਫੌਜਾ ਸਿੰਘ ਜਦੋਂ ਮੈਰਾਥਨ ਦੌੜਦੇ ਸਨ ਤਾਂ ਉਹ ਰੋਜ਼ਾਨਾ 10-12 ਕਿਲੋਮੀਟਰ ਦੀ ਦੌੜ ਲਗਾ ਕੇ ਅਭਿਆਸ ਕਰਦੇ ਸਨ। ਕੋਈ ਪ੍ਰੋਟੀਨ ਜਾਂ ਵੱਖਰੀ ਤਾਕਤ ਵਧਾਊ ਦਵਾਈ ਨਹੀਂ ਲੈਂਦੇ ਸਨ। ਸਾਦਾ ਦਾਲ-ਫੁਲਕਾ ਖੁਰਾਕ ਸੀ। ਦੁੱਧ ਤੋਂ ਵੀ ਪਰਹੇਜ਼ ਕਰਦੇ ਸਨ। ਸਾਰੀ ਉਮਰ 50 ਕਿਲੋ ਦੇ ਕਰੀਬ ਉਨ੍ਹਾਂ ਦਾ ਭਾਰ ਰਿਹਾ। ਉਨ੍ਹਾਂ ਦਾ ਮੂਲ ਮੰਤਰ ਇਹੋ ਸੀ ਘੱਟ ਖਾਣਾ ਤੇ ਵੱਧ ਦੌੜਨਾ। ਉਹ ਆਮ ਅਥਲੀਟਾਂ ਵਾਂਗ ਪਟਕੇ ਜਾਂ ਰੁਮਾਲ ਦੀ ਬਜਾਏ ਪੱਗ ਨਾਲ ਹੀ ਦੌੜਦੇ ਸਨ। ਉਨ੍ਹਾਂ ਪੱਗ ਉਪਰ ਖੰਡਾ ਸਜਾਇਆ ਹੁੰਦਾ ਸੀ। ਇਸ ਕਰਕੇ ਉਨ੍ਹਾਂ ਦੀ ਦਿੱਖ ਵੀ ਵੱਖਰੀ ਜਾਪਦੀ ਸੀ। ਵੱਡੀ ਪੱਗ ਅਤੇ ਲੰਬੀ ਤੇ ਹਲਕੀ ਦਾੜ੍ਹੀ ਵਿਚ ਦੌੜਦਿਆਂ ਬਾਬਾ ਫੌਜਾ ਸਿੰਘ ਕਦੋਂ ਵਰੋਲਾ ਬਣ ਕੇ ਵਗ ਜਾਂਦੇ ਪਤਾ ਹੀ ਨਹੀਂ ਸੀ ਲਗਦਾ। ਉਸ ਨੂੰ ਦੁਨੀਆ ਨੇ ਬਹੁਤ ਨਾਮ ਤੇ ਖਿਤਾਬ ਦਿੱਤੇ। ਹੁਸ਼ਿਆਰਪੁਰ ਦੇ ਲੇਖਕ ਖੁਸ਼ਵੰਤ ਸਿੰਘ ਨੇ ਫੌਜਾ ਸਿੰਘ ਦੀ ਜੀਵਨੀ 'ਟਰਬਨਡ ਟੋਰਨਾਡੋ' ਲਿਖੀ ਜਿਸ ਕਾਰਨ ਦੁਨੀਆਂ ਉਨ੍ਹਾਂ ਨੂੰ ਪੱਗ ਵਾਲਾ ਝੱਖੜ ਆਖਣ ਲੱਗੀ। ਉਨ੍ਹਾਂ ਨੂੰ ਕੋਈ ਦੌੜਨ ਵਾਲਾ ਬਾਬਾ ਆਖਦਾ ਤੇ ਕੋਈ ਸਿੱਖ ਸੁਪਰਮੈਨ। ਫੌਜਾ ਸਿੰਘ ਨੂੰ ਬ੍ਰਿਟਿਸ਼ ਐਮਪਾਇਰ ਮੈਡਲ ਸਮੇਤ ਕਈ ਨਿੱਜੀ ਸੰਸਥਾਵਾਂ ਵੱਲੋਂ ਵੱਡੇ ਮਾਣ-ਸਨਮਾਨ ਵੀ ਦਿੱਤੇ ਗਏ ਸਨ। ਗੋਲਡਨ ਸਟਾਰ ਮਲਕੀਤ ਸਿੰਘ ਵਾਂਗ ਫੌਜਾ ਸਿੰਘ ਵੀ ਬਰਤਾਨੀਆ ਦੀ ਰਾਣੀ ਦਾ ਮਹਿਮਾਨ ਰਿਹਾ ਜਿਸ ਨੂੰ ਸ਼ਾਹੀ ਮਹਿਲ ਵਿਚ ਖਾਣੇ ਦਾ ਸੱਦਾ ਮਿਲਿਆ ਸੀ। ਸਭ ਤੋਂ ਵੱਡਾ ਮਾਣ ਵਿਸ਼ਵ ਪ੍ਰਸਿੱਧ ਕੰਪਨੀ ਐਡੀਡਾਸ ਵੱਲੋਂ ਬਰਾਂਡ ਅੰਬੈਸਡਰ ਬਣਾ ਕੇ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਦੁਨੀਆਂ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਤੇ ਫਰੀ ਕਿੱਕ ਦੇ ਜਾਦੂਗਰ ਡੇਵਿਡ ਬੈਕਹਮ ਨਾਲ ਆਪਣੇ ਇਸ਼ਤਿਹਾਰ ਵਿਚ ਸ਼ਾਮਿਲ ਕੀਤਾ ਗਿਆ। ਫੌਜਾ ਸਿੰਘ ਖੁਦ ਆਪਣੇ ਆਪ ਵਿਚ ਇਕ ਬਰਾਂਡ ਸੀ। ਮੈਰਾਥਨ ਦੌੜਨ ਵਾਲੇ ਉਸ ਦੇ ਬੂਟਾਂ ਦੀ ਜੋੜੀ ਉਪਰ ਵੀ ਫੌਜਾ ਸਿੰਘ ਲਿਖਿਆ ਹੋਇਆ ਹੈ।
ਫੌਜਾ ਸਿੰਘ ਨੂੰ ਬਾਬਾ ਫੌਜਾ ਸਿੰਘ ਦੇ ਨਾਂਅ ਨਾਲ ਪੁਕਾਰਿਆ ਤੇ ਜਾਣਿਆ ਜਾਂਦਾ ਰਿਹਾ ਹੈ। ਉਨ੍ਹਾਂ ਨੂੰ ਬਜ਼ੁਰਗਾਂ ਦਾ ਰੋਲ ਮਾਡਲ ਵੀ ਆਖਿਆ ਜਾਂਦਾ ਸੀ ਪ੍ਰੰਤੂ ਉਹ ਸਹੀ ਮਾਅਨਿਆਂ ਵਿਚ ਜਵਾਨਾਂ ਤੇ ਬਜ਼ੁਰਗਾਂ ਸਭ ਦੇ ਰੋਲ ਮਾਡਲ ਸਨ। ਉਨ੍ਹਾਂ ਦਾ ਜੀਵਨ ਅਤੇ ਸੰਘਰਸ਼ ਨਿੱਕੀ ਉਮਰ ਦੇ ਨਿਆਣੇ ਤੋਂ ਲੈ ਕੇ ਵੱਡੇ ਬਜ਼ੁਰਗ ਲਈ ਪ੍ਰੇਰਨਾ ਦਾ ਸ੍ਰੋਤ ਹੈ। ਚੜ੍ਹਦੀ ਕਲਾ ਦੇ ਪ੍ਰਤੀਕ ਫੌਜਾ ਸਿੰਘ ਨੇ ਪੱਗ ਅਤੇ ਖੁੱਲ੍ਹੇ ਦਾਹੜੇ ਦੇ ਸਰੂਪ ਵਿਚ ਵੱਡੀਆਂ ਮੈਰਾਥਨ ਦੌੜਾਂ ਜਿੱਤੀਆਂ। ਉਹ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਵੱਡੇ ਬਰਾਂਡ ਅੰਬੈਸਡਰ ਸਨ। ਪਤਲੇ ਤੇ ਛਾਂਟਵੇਂ ਸਰੀਰ ਵਾਲੇ ਫੌਜਾ ਸਿੰਘ ਸੌ ਸਾਲ ਦੀ ਉਮਰੇ ਵੀ ਕੱਪੜਾ ਲੀੜਾ ਪਹਿਨਣ ਦੇ ਬਹੁਤ ਸ਼ੌਕੀਨ ਸਨ। ਉਨ੍ਹਾਂ ਟਰੈਕ ਸੂਟ ਤੋਂ ਇਲਾਵਾ ਰੰਗ ਬਿਰੰਗੇ ਕੋਟ-ਪੈਂਟ ਪਾਉਣੇ। ਲੰਡਨ ਦੀਆਂ ਸੜਕਾਂ ਉਤੇ ਦੌੜਦੇ ਸਮੇਂ ਫੌਜਾ ਸਿੰਘ ਦੇ ਪ੍ਰਸੰਸਕਾਂ ਵਿਚ ਅੰਗਰੇਜ਼ ਵੱਡੀ ਗਿਣਤੀ ਵਿਚ ਹੁੰਦੇ ਸਨ। ਫੌਜਾ ਸਿੰਘ ਹਮੇਸ਼ਾ ਭੋਲੀਆਂ ਤੇ ਮਜ਼ਾਹੀਆ ਗੱਲਾਂ ਕਰਦੇ ਸਨ। ਗੱਲਬਾਤ ਕਰਦਿਆਂ ਕੋਈ ਵਿੰਗ ਵੱਲ ਨਹੀਂ, ਜੋ ਦਿਲ ਵਿਚ ਆਉਣਾ ਸਿੱਧਾ ਮੂੰਹ ਉਤੇ ਕਹਿ ਦੇਣਾ। ਉਨ੍ਹਾਂ ਦੀਆਂ ਗੱਲਾਂ ਉਤੇ ਉਨ੍ਹਾਂ ਦੇ ਨਾਲ ਸੁਣਨ ਵਾਲੇ ਦਾ ਵੀ ਹਾਸਾ ਡੁੱਲ੍ਹਦਾ। ਉਹ ਅਸਲ ਵਿਚ ਰੌਣਕੀ ਬੰਦਾ ਸੀ ਜਿਹੜਾ ਦੌੜਦਾ ਦੌੜਦਾ ਹੀ ਇਸ ਜੱਗ ਨੂੰ ਅਲਵਿਦਾ ਆਖ ਗਿਆ। ਫੌਜਾ ਸਿੰਘ ਫੱਕਰ ਸੁਭਾਅ ਦਾ ਮਾਲਕ ਸੀ।
ਜਲੰਧਰ ਜ਼ਿਲੇ ਦੇ ਬਿਆਸ ਪਿੰਡ ਦੇ ਜੰਮਪਲ ਫੌਜਾ ਸਿੰਘ ਨੇ ਇੰਗਲੈਂਡ ਵਿਚ ਰਹਿ ਕੇ ਵੇਖ ਲਿਆ, ਕੁੱਲ ਦੁਨੀਆ ਦੀਆਂ ਵੱਡੀਆਂ ਮੈਰਾਥਨ ਦੌੜਾਂ ਦੌੜ ਕੇ ਵੀ ਨਾਮ ਬਣਾਇਆ ਪਰ ਉਹ ਆਪਣੇ ਅੰਤਲੇ ਸਮੇਂ ਬਿਆਸ ਪਿੰਡ ਹੀ ਰਿਹਾ ਅਤੇ ਪਿੰਡ ਕੋਲੋਂ ਲੰਘਦੀ ਸੜਕ ਪਾਰ ਕਰਦਿਆਂ ਹੀ ਹਾਦਸੇ ਵਿਚ ਅਲਵਿਦਾ ਆਖੀ। ਉਹ ਅਕਸਰ ਕਹਿੰਦੇ ਹੁੰਦੇ ਸਨ ਜੋ ਅਨੰਦ ਆਪਣੀ ਜੰਮਣ ਭੋਇੰ ਵਾਲੀ ਜਗ੍ਹਾਂ ਉਤੇ ਆਉਂਦਾ ਹੈ, ਉਹ ਹੋਰ ਕਿਤੇ ਵੀ ਨਹੀਂ। ਹਾਲਾਂਕਿ ਉਹ ਕਿਸੇ ਵੀ ਜਗ੍ਹਾਂ ਨੂੰ ਨਿੰਦਦੇ ਨਹੀਂ ਸਨ ਪ੍ਰੰਤੂ ਪਿੰਡ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਸੀ।
-ਮੋਬਾਈਲ : 97800-36216