ਪਿਆਰੇ ਬੱਚਿਓ, ਮਨੁੱਖੀ ਸੱਭਿਅਤਾ ਦੇ ਵਿਕਾਸ ਤੋਂ ਬਾਅਦ ਨਦੀਆਂ ਦੇ ਉਪਲਬੱਧ ਪਾਣੀ ਨੂੰ ਬਚਾ ਕੇ ਰੱਖਣ ਅਤੇ ਘਾਟ ਸਮੇਂ ਉਸ ਪਾਣੀ ਦੀ ਸਹੀ ਵਰਤੋਂ ਕਰਨ ਲਈ ਹੀ ਡੈਮਾਂ ਦੇ ਨਿਰਮਾਣ ਕਰਨ ਦੀ ਜ਼ਰੂਰਤ ਪਈ। ਭਾਰਤ ਵਿਚ ਕਈ ਡੈਮ ਤਿਆਰ ਕੀਤੇ ਗਏ। ਇਨ੍ਹਾਂ ਡੈਮਾਂ ਵਿਚੋਂ ਹੀ ਇਕ ਹੀਰਾ ਕੁੰਡ ਡੈਮ ਤਿਆਰ ਕੀਤਾ ਗਿਆ।
ਬੱਚਿਓ, ਹੀਰਾ ਕੁੰਡ ਡੈਮ ਸੰਸਾਰ ਦੇ ਸਾਰੇ ਡੈਮਾਂ ਤੋਂ ਲੰਮਾ ਡੈਮ ਹੈ। ਇਸ ਡੈਮ ਦਾ ਨਿਰਮਾਣ ਸੰਨ 1948 ਈਸਵੀ ਵਿਚ ਸ਼ੁਰੂ ਕੀਤਾ ਗਿਆ ਅਤੇ ਇਹ ਡੈਮ ਸੰਨ 1953 ਵਿਚ ਪੂਰਾ ਹੋਇਆ। ਇਸ ਡੈਮ ਦਾ ਉਦਘਾਟਨ ਸਾਡੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ। ਇਸ ਡੈਮ ਨੂੰ ਤਿਆਰ ਕਰਨ ਲਈ 100 ਕਰੋੜ ਰੁਪਏ ਉਸ ਸਮੇਂ ਲਾਗਤ ਆਈ ਸੀ।
ਹੀਰਾ ਕੁੰਡ ਡੈਮ ਓਡੀਸ਼ਾ ਸੂਬੇ ਦੇ ਸੰਬਲਪੁਰ ਜ਼ਿਲ੍ਹੇ ਵਿਚ ਮਹਾਂਨਦੀ 'ਤੇ ਲਗਭਗ 60 ਮੀਟਰ ਉੱਚਾ ਅਤੇ 4800 ਮੀਟਰ ਲੰਬਾ ਹੈ। ਇਸ ਡੈਮ ਤੋਂ ਤਕਰੀਬਨ 347.86 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ। ਇਸ ਦੇ ਪਾਣੀ ਤੋਂ ਤਕਰੀਬਨ 2.67 ਲੱਖ ਹੈਕਟੇਅਰ ਭੂਮੀ ਦੀ ਸਿੰਚਾਈ ਹੁੰਦੀ ਹੈ। ਹੀਰਾ ਕੁੰਡ ਡੈਮ ਦੀ ਕੁੱਲ ਜਲ ਭੰਡਾਰ ਸਮਰੱਥਾ 81 ਬੀ.ਸੀ.ਐਮ. ਹੈ। ਇਨ੍ਹਾਂ ਡੈਮਾਂ ਨੂੰ ਬਣਾਉਣ ਦਾ ਮੁੱਖ ਉਦੇਸ਼ ਹੜ੍ਹਾਂ ਨੂੰ ਰੋਕਣਾ, ਬਿਜਲੀ ਦੀ ਪੈਦਾਵਾਰ ਕਰਨਾ ਅਤੇ ਖੇਤੀ ਦੀ ਸਿੰਜਾਈ ਲਈ ਪਾਣੀ ਦੀ ਵਰਤੋਂ ਕਰਨਾ ਹੈ।
-ਮੋਗਾ।
ਮੋਬਾਈਲ : 82838-00190