ਬੱਚਿਓ! ਜ਼ਿੰਦਗੀ ਵਿਚ ਕਾਮਯਾਬ ਅਤੇ ਸੁਖੀ ਇਨਸਾਨ ਬਣਨ ਲਈ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨਸਾਨ ਜਿਵੇਂ ਦੀਆਂ ਆਦਤਾਂ ਅਪਣਾਉਂਦਾ ਹੈ, ਉਸ ਦਾ ਜੀਵਨ ਵੀ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਆਦਤਾਂ ਹੀ ਸਾਡੇ ਸੁਭਾਅ, ਸੋਚ, ਵਿਹਾਰ ਅਤੇ ਭਵਿੱਖ ਨੂੰ ਨਿਰਧਾਰਤ ਕਰਦੀਆਂ ਹਨ। ਚੰਗੀਆਂ ਆਦਤਾਂ ਸਾਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਦੀਆਂ ਹਨ, ਜਦ ਕਿ ਮਾੜੀਆਂ ਆਦਤਾਂ ਮਨੁੱਖ ਨੂੰ ਪਤਨ ਵੱਲ ਧੱਕ ਦਿੰਦੀਆਂ ਹਨ।
ਬਚਪਨ ਉਹ ਉਮਰ ਹੁੰਦੀ ਹੈ, ਜਿੱਥੇ ਜੀਵਨ ਦੀ ਬੁਨਿਆਦ ਰੱਖੀ ਜਾਂਦੀ ਹੈ। ਜਿਵੇਂ ਛੋਟਾ ਬੀਜ ਇਕ ਵੱਡੇ ਦਰੱਖ਼ਤ ਵਿਚ ਬਦਲ ਜਾਂਦਾ ਹੈ। ਉਸੇ ਤਰ੍ਹਾਂ ਬਚਪਨ ਵਿਚ ਬਣੀਆਂ ਆਦਤਾਂ ਸਾਰੀ ਉਮਰ ਨਾਲ ਰਹਿੰਦੀਆਂ ਹਨ। ਇਸ ਲਈ ਚੰਗੀਆਂ ਆਦਤਾਂ ਜਿਵੇਂ-ਸੱਚ ਬੋਲਣਾ, ਦ੍ਰਿੜ੍ਹ ਇਰਾਦਾ, ਸਫ਼ਾਈ ਰੱਖਣਾ, ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨਾਲ ਪਿਆਰ, ਸਮੇਂ ਦੀ ਪਾਬੰਦੀ, ਮਿਹਨਤ ਅਤੇ ਪੜ੍ਹਾਈ ਦੀ ਆਦਤ, ਮੱਦਦਗਾਰ ਸੁਭਾਅ, ਸਹਿਯੋਗ ਦੀ ਭਾਵਨਾ, ਮਿਲਜੁਲ ਕੇ ਰਹਿਣਾ, ਮਿਲਵਰਤਨ, ਸਹਿਯੋਗ, ਨੈਤਿਕ ਕਦਰਾਂ-ਕੀਮਤਾਂ, ਚੰਗੇ ਸਲੀਕੇ ਦੀ ਭਾਵਨਾ, ਖੇਡਾਂ, ਤੰਦਰੁਸਤੀ ਵਾਲਾ ਜੀਵਨ, ਨਸ਼ਿਆਂ ਤੋਂ ਦੂਰ ਰਹਿਣਾ, ਚੰਗੀ ਸੰਗਤ, ਚੰਗੀਆਂ ਸਾਹਿਤਕ ਪੁਸਤਕਾਂ ਦਾ ਅਧਿਐਨ, ਮਾਪਿਆਂ ਅਤੇ ਅਧਿਆਪਕਾਂ ਦਾ ਕਹਿਣਾ ਮੰਨਣਾ ਆਦਿ ਨੂੰ ਜੀਵਨ ਦਾ ਹਿੱਸਾ ਬਣਾਓ।
ਪੜ੍ਹਨ ਦੀ ਆਦਤ ਤਾਂ ਸਭ ਤੋਂ ਕੀਮਤੀ ਦੌਲਤ ਹੈ। ਕਿਤਾਬਾਂ ਸਾਡੀਆਂ ਅਸਲੀ ਦੋਸਤ ਹੁੰਦੀਆਂ ਹਨ। ਜਿਹੜੇ ਬੱਚੇ ਨਿਯਮਿਤ ਅਖ਼ਬਾਰ, ਕਹਾਣੀਆਂ, ਜੀਵਨੀਆਂ ਅਤੇ ਚੰਗੀਆਂ ਕਿਤਾਬਾਂ ਪੜ੍ਹਦੇ ਹਨ, ਉਨ੍ਹਾਂ ਦਾ ਗਿਆਨ ਵਧਦਾ ਹੈ ਅਤੇ ਸੋਚਣ ਦੀ ਸਮਰੱਥਾ ਤਿੱਖੀ ਹੁੰਦੀ ਹੈ।
ਸੋ ਬੱਚਿਓ! ਆਦਤਾਂ ਹੀ ਮਨੁੱਖ ਦੀ ਸ਼ਖ਼ਸੀਅਤ ਦੀ ਪਹਿਚਾਣ ਹੁੰਦੀਆਂ ਹਨ। ਚੰਗੀਆਂ ਆਦਤਾਂ ਸਾਨੂੰ ਇੱਜ਼ਤ, ਪਿਆਰ ਅਤੇ ਸਫ਼ਲਤਾ ਦਿੰਦੀਆਂ ਹਨ, ਜਦ ਕਿ ਮਾੜੀਆਂ ਆਦਤਾਂ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਛੋਟੀ ਉਮਰ ਤੋਂ ਹੀ ਚੰਗੀਆਂ ਆਦਤਾਂ ਅਪਣਾਈਏ।
ਇਸ ਲਈ ਆਓ ! ਅੱਜ ਹੀ ਪ੍ਰਣ ਕਰੀਏ ਕਿ ਅਸੀਂ ਮਾੜੀਆਂ ਆਦਤਾਂ ਨੂੰ ਛੱਡ ਕੇ ਸਿਰਫ਼ ਚੰਗੀਆਂ ਆਦਤਾਂ ਨੂੰ ਅਪਣਾਵਾਂਗੇ। ਚੰਗੀਆਂ ਆਦਤਾਂ ਸਾਡੇ ਜੀਵਨ ਦਾ ਰੂਪ ਬਦਲ ਸਕਦੀਆਂ ਹਨ ਅਤੇ ਸਾਨੂੰ ਦੇਸ਼ ਤੇ ਸਮਾਜ ਲਈ ਲਾਹੇਵੰਦ ਨਾਗਰਿਕ ਬਣਾ ਸਕਦੀਆਂ ਹਨ।
-(ਸਟੇਟ ਐਵਾਰਡੀ), ਮੁੱਖ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ)
ਫੋਨ : : 98720-89538