ਅੱਜ ਬਾਲ ਦਿਵਸ ਸੀ।
ਸਕੂਲ ਵਿਚ ਖ਼ੂਬ ਚਹਿਲ-ਪਹਿਲ ਸੀ। ਪੰਡਾਲ ਰੰਗ-ਬਰੰਗੀਆਂ ਝੰਡੀਆਂ ਨਾਲ ਸਜਿਆ ਹੋਇਆ ਸੀ।
ਅਚਾਨਕ ਹੀ ਸਵੇਰੇ-ਸਵੇਰੇ ਚੰਦਨ ਦੇ ਮੋਬਾਈਲ ਦੀ ਰਿੰਗ ਵੱਜੀ।
ਚੰਦਨ ਨੇ ਆਵਾਜ਼ ਸੁਣੀ। ਮਨਦੀਪ ਬੋਲ ਰਿਹਾ ਸੀ, 'ਤੂੰ ਅੱਜ ਸਕੂਲੇ ਜਲਦੀ ਪਹੁੰਚ ਜਾਈਂ।'
ਮਨਦੀਪ ਨੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਚੰਦਨ ਝਟਪਟ ਬੋਲਿਆ, 'ਮੈਂ ਸਕੂਲ ਨਹੀਂ ਆਵਾਂਗਾ ਅੱਜ।'
ਮਨਦੀਪ ਨੂੰ ਚੰਦਨ ਕੋਲੋਂ ਅਜਿਹੇ ਜਵਾਬ ਦੀ ਆਸ ਨਹੀਂ ਸੀ। ਮਨਦੀਪ ਨੇ ਚੰਦਨ ਨੂੰ ਦੁਬਾਰਾ ਫੋਨ ਕੀਤਾ ਤੇ ਸਕੂਲ ਨਾ ਆਉਣ ਦਾ ਕਾਰਨ ਪੁੱਛਿਆ। ਚੰਦਨ ਕਹਿਣ ਲੱਗਾ, 'ਤੂੰ ਜਾਣਦੈਂ ਨਾ ਜਿਸ ਦਿਨ ਰਮਾ ਮੈਡਮ ਨੇ 'ਚਾਚਾ ਨਹਿਰੂ' ਨਾਟਕ ਖੇਡਣ ਦੀ ਯੋਜਨਾ ਬਣਾਈ ਸੀ, ਉਸ ਦਿਨ ਇਹ ਫ਼ੈਸਲਾ ਹੋਇਆ ਸੀ ਕਿ ਮੈਂ ਚਾਚਾ ਨਹਿਰੂ ਦਾ ਰੋਲ ਕਰਾਂਗਾ ਪਰ ਮੈਨੂੰ ਪਤਾ ਲੱਗਿਐ ਕਿ ਮੇਰੀ ਥਾਂ 'ਤੇ ਪਰਸੋਂ ਤੀਜੀ ਜਮਾਤ ਵਾਲੇ ਪ੍ਰਿੰਸ ਨੂੰ ਇਹ ਰੋਲ ਦਿੱਤਾ ਜਾ ਰਿਹੈ। ਇਸ ਲਈ.. ।'
ਮਨਦੀਪ ਨੇ ਉਸ ਨੂੰ ਝਿੜਕਿਆ, 'ਜਾਹ ਉਏ ਪਰ੍ਹਾਂ। ਆਪਾਂ ਤਾਂ ਛੋਟੀਆਂ ਕਲਾਸਾਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ। ਹੁਣ ਛੋਟੇ-ਛੋਟੇ ਬੱਚਿਆਂ ਨੂੰ ਵੀ ਮੌਕਾ ਦੇਈਏ ਤਾਂ ਚੰਗੀ ਗੱਲ ਨਹੀਂ ? ਇਸ ਲਈ ਵੀਰ ਬਣ ਕੇ ਸਿਆਣਾ ਬਣ।'
ਚੰਦਨ ਨੇ ਉਸ ਦਾ ਫੋਨ ਕੱਟ ਦਿੱਤਾ।
'ਕੀ ਗੱਲ ਚੰਦਨ ਬੇਟੇ, ਅੱਜ ਸਕੂਲ ਜਾਣ ਲਈ ਤਿਆਰ ਨਹੀਂ ਹੋ ਰਿਹਾ ? ਅੱਜ ਚੌਦਾਂ ਨਵੰਬਰ ਏ ਤੇ ਤੂੰ ਆਖ ਰਿਹਾ ਸੀ ਕਿ ਇਸ ਵਾਰੀ ਵੀ ਤੇਰੇ ਸਕੂਲ ਵਿਚ ਬਾਲ ਦਿਵਸ ਮਨਾਇਆ ਜਾ ਰਿਹੈ।'
ਚੰਦਨ ਚੁੱਪ ਰਿਹਾ।
ਮੰਮੀ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਜ਼ਰੂਰ ਕੋਈ ਨਾ ਕੋਈ ਗੱਲ ਹੋਈ ਐ। ਉਨ੍ਹਾਂ ਨੇ ਉਸ ਕੋਲੋਂ ਮੁੜ ਪੁੱਛਿਆ ਤਾਂ ਉਸ ਨੇ ਸਾਫ਼-ਸਾਫ਼ ਦੱਸ ਦਿੱਤਾ। ਇਹ ਗੱਲ ਸੁਣ ਕੇ ਮੰਮੀ ਆਖਣ ਲੱਗੇ, 'ਬੇਟੇ, ਇੰਨੀ ਕੁ ਗੱਲ ਪਿੱਛੇ ਗੁੱਸੇ ਹੋਣਾ ਠੀਕ ਨਹੀਂ ਹੁੰਦਾ, ਸਗੋਂ ਤੈਨੂੰ ਤਾਂ ਖੁਸ਼ ਹੋਣਾ ਚਾਹੀਦੈ ਕਿ ਇਕ ਛੋਟਾ ਜਿਹਾ ਬੱਚਾ ਚਾਚਾ ਨਹਿਰੂ ਦਾ ਰੋਲ ਨਾਟਕ ਵਿਚ ਨਿਭਾਏਗਾ।'
ਮੰਮੀ ਨੇ ਚੰਦਨ ਦੇ ਮੋਢੇ 'ਤੇ ਹੱਥ ਰੱਖਿਆ ਤੇ ਫਿਰ ਕਹਿਣ ਲੱਗੇ, 'ਮੈਨੂੰ ਪਤੈ ਕਿ ਮੇਰਾ ਚੰਦਨ ਹਰ ਨਾਟਕ ਵਿਚ ਇੰਨਾ ਸੋਹਣਾ ਰੋਲ ਕਰਦੈ ਕਿ ਤਾੜੀਆਂ ਨਾਲ ਪੰਡਾਲ ਗੂੰਜਣ ਲੱਗ ਜਾਂਦਾ ਏ। ਪਰ ਬੱਚੇ, ਮੈਂ ਇਹ ਖ਼ੁਦ ਵੀ ਚਾਹਾਂਗੀ ਕਿ ਹੋਰਨਾਂ ਬੱਚਿਆਂ ਨੂੰ ਵੀ ਇਹ ਮੌਕੇ ਮਿਲਣੇ ਚਾਹੀਦੇ ਨੇ, ਸਗੋਂ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਤੂੰ ਉਸ ਬੱਚੇ ਦੀ ਅਗਵਾਈ ਕਰ।'
ਚੰਦਨ ਕਮਰੇ ਵਿਚ ਚਲਾ ਗਿਆ। ਕੁਝ ਸ਼ਾਂਤ ਹੋ ਗਿਆ। ਸੋਚਣ ਲੱਗਾ, 'ਮੈਨੂੰ ਮੰਮੀ ਦੀ ਗੱਲ ਮੰਨਣੀ ਚਾਹੀਦੀ ਐ। ਕਿਸੇ ਛੋਟੇ ਜਿਹੇ ਬੱਚੇ ਨੂੰ ਇਹ ਮੌਕਾ ਮਿਲੇਗਾ ਤਾਂ ਉਸ ਨੂੰ ਕਿੰਨੀ ਖੁਸ਼ੀ ਹੋਏਗੀ ਜਿਹੜਾ ਚਾਚਾ ਨਹਿਰੂ ਦਾ ਰੋਲ ਨਿਭਾਏਗਾ ?'
ਚੰਦਨ ਫਟਾਫਟ ਨਹਾ-ਧੋ ਕੇ ਤਿਆਰ ਹੋਇਆ ਤੇ ਸਕੂਲ ਚਲਾ ਗਿਆ। ਪੰਡਾਲ ਸਜਿਆ ਪਿਆ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਮੁੱਖ ਮਹਿਮਾਨ ਵਜੋਂ ਪਧਾਰ ਰਹੇ ਸਨ। ਡੀ.ਸੀ.ਸਾਹਿਬ ਨੇ ਵੀ ਸਮਾਗਮ ਦੀ ਪ੍ਰਧਾਨਗੀ ਕਰਨੀ ਸੀ।
ਸਕੂਲ ਵਿਚ ਸ਼ਹਿਨਾਈ ਦੀ ਧੁਨ ਗੂੰਜਣ ਲੱਗੀ। ਨੰਨੇ ਮੁੰਨੇ ਬੱਚੇ ਆਪਣੇ ਮਾਪਿਆਂ ਨਾਲ ਸਜ ਧਜ ਕੇ ਸਕੂਲੇ ਆਉਣ ਲੱਗੇ। ਕਿਸੇ ਨੇ ਚਿੱਟੀ ਪੁਸ਼ਾਕ ਪਾਈ ਹੋਈ ਸੀ, ਕਿਸੇ ਨੇ ਟੋਪੀ ਲਈ ਹੋਈ ਸੀ ਤੇ ਕਿਸੇ ਦੇ ਚਿਹਰੇ 'ਤੇ ਗੁਲਾਲ ਮਲਿਆ ਹੋਇਆ ਸੀ। ਪੰਡਾਲ ਦੀ ਦੇਖ ਰੇਖ ਤੇ ਸਜਾਵਟ ਦਾ ਕੰਮ ਨਿਪਟਾ ਕੇ ਮਨਦੀਪ ਆਪਣੇ ਦੂਜੇ ਜਮਾਤੀਆਂ ਨਾਲ ਸਕੂਲ ਦੇ ਹਾਲ ਵਿਚ ਪੁੱਜਿਆ, ਜਿੱਥੇ ਕਲਾਕਾਰ ਤਿਆਰ ਹੋ ਰਹੇ ਸਨ।
ਮਨਦੀਪ ਹਾਲ ਵਿਚ ਇਕ ਦ੍ਰਿਸ਼ ਵੇਖ ਕੇ ਦੰਗ ਰਹਿ ਗਿਆ। ਚੰਦਨ ਖੁਦ ਆਪਣੇ ਹੱਥੀਂ ਪ੍ਰਿੰਸ ਨੂੰ ਚਾਚਾ ਨਹਿਰੂ ਦੀ ਡ੍ਰੈਸ ਵਿਚ ਸਜਾ ਰਿਹਾ ਸੀ।
'ਵੈਰੀ ਗੁੱਡ ਚੰਦਨ, ਮੈਨੂੰ ਆਪਣੇ ਦੋਸਤ ਕੋਲੋਂ ਇਹੀ ਉਮੀਦ ਸੀ।' ਮਨਦੀਪ ਨੇ ਉਸ ਨੂੰ ਗਲਵਕੜੀ ਵਿਚ ਲੈਂਦਿਆਂ ਕਿਹਾ।
'ਸੌਰੀ ਮਨਦੀਪ, ਮੈਂ ਗ਼ਲਤ ਫ਼ੈਸਲਾ ਲੈ ਲਿਆ ਸੀ। ਅੱਜ ਮੈਂ ਨਹੀਂ, ਸਗੋਂ ਪ੍ਰਿੰਸ ਚਾਚਾ ਨਹਿਰੂ ਦਾ ਰੋਲ ਕਰੇਗਾ। ਇਸ ਦੇ ਡਾਇਆਲਾਗ ਵਿਚ ਕੁਝ ਨੁਕਸ ਸਨ, ਜੋ ਮੈਂ ਠੀਕ ਕਰਵਾ ਦਿੱਤੇ ਨੇ।'
ਸਮਾਗਮ ਆਰੰਭ ਹੋਇਆ। ਚਾਚਾ ਨਹਿਰੂ ਦੇ ਭੇਖ ਵਿਚ ਪ੍ਰਿੰਸ ਬਹੁਤ ਹੀ ਫਬ ਰਿਹਾ ਸੀ। ਉਸ ਦੇ ਕੋਟ 'ਤੇ ਗ਼ੁਲਾਬ ਦਾ ਫੁੱਲ ਟਹਿਕ ਰਿਹਾ ਸੀ। ਨਾਟਕ ਖ਼ਤਮ ਹੋਇਆ ਤਾਂ ਤਾੜੀਆਂ ਗੂੰਜਣ ਲੱਗੀਆਂ। ਮੁੱਖ ਮਹਿਮਾਨ ਸਾਹਿਬ ਨੇ ਅਲੱਗ-ਅਲੱਗ ਆਈਟਮਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ।
ਹੱਥ ਵਿਚ ਇਨਾਮ ਫੜੀ ਪ੍ਰਿੰਸ ਨੇ ਪੰਡਾਲ ਵਿਚ ਕੁਰਸੀ 'ਤੇ ਬੈਠੇ ਚੰਦਨ ਨੂੰ ਸਲੂਟ ਮਾਰਿਆ। ਚੰਦਨ ਨੇ ਮੁਸਕਰਾ ਕੇ ਉਸ ਦੇ ਸਲੂਟ ਦਾ ਜਵਾਬ ਦਿੱਤਾ।
ਨਾਲ ਬੈਠੇ ਮਨਦੀਪ ਨੇ ਚੰਦਨ ਨੂੰ ਕਿਹਾ, 'ਚੰਦਨ, ਵੇਖ ਤੇਰੀ ਤੇ ਪ੍ਰਿੰਸ ਦੀ ਮੁਸਕਾਨ ਨਾਲ ਪ੍ਰਿੰਸ ਦੇ ਕੋਟ 'ਤੇ ਲੱਗਿਆ ਗ਼ੁੁਲਾਬ ਹੋਰ ਵੀ ਟਹਿਕਣ ਲੱਗ ਪਿਆ ਏ।'
ਚੰਦਨ ਨੇ ਖ਼ੁਸ਼ੀ ਵਿਚ ਮਨਦੀਪ ਦਾ ਹੱਥ ਘੁੱਟ ਲਿਆ। ਕੁਝ ਦੇਰ ਬਾਦ ਚੰਦਨ ਨੇ ਪ੍ਰਿੰਸ ਨੂੰ ਮੋਢੇ 'ਤੇ ਚੁੱਕਿਆ ਹੋਇਆ ਸੀ।
ਰਮਾ ਮੈਡਮ ਮੋਬਾਈਲ ਵਿਚ ਉਨ੍ਹਾਂ ਦੀ ਫੋਟੋ ਖਿੱਚ ਰਹੇ ਸਨ।
-ਪੰਜਾਬੀ ਯੂਨੀਵਰਸਿਟੀ ਪਟਿਆਲਾ-147002
ਮੋਬਾ. 98144-23703
ਈਮੇਲ :dsaashtyahoo.co.in