22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

08-11-25

ਅਜੀਤ ਡੈਸਕ 08-11-2025

 ਥੱਕੇ-ਹਾਰੇ ਸ਼ਹਿਰ ਦੀ ਨੀਂਦ
ਕਵੀ : ਹਰਜੀਤ ਸਿੰਘ ਸੰਧੂ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98149-06574

ਵਰਤਮਾਨ ਕਵਿਤਾ ਵਿਚਾਰਧਾਰਕ ਪ੍ਰਤੀਬੱਧਤਾ ਨੂੰ ਵਧੇਰੇ ਸਪੱਸ਼ਟਤਾ ਨਾਲ ਪਾਠਕਾਂ ਦੇ ਸਨਮੁਖ ਰੱਖ ਰਹੀ ਹੈ। ਨਵੇਂ ਦੌਰ ਦੇ ਕਵੀਆਂ ਨੇ ਜਦੀਦ ਕਵਿਤਾ ਨੂੰ ਪੜ੍ਹਨਯੋਗ ਤੇ ਮਾਣਨਯੋਗ ਹੀ ਨਹੀਂ ਬਣਾਇਆ ਸਗੋਂ ਇਸ ਦੇ ਜ਼ਰੀਏ ਸੱਤਾ ਦੇ ਖ਼ਿਲਾਫ਼ ਨਾਬਰੀ ਦੀ ਭਾਵਨਾ ਨੂੰ ਵੀ ਪ੍ਰਗਟ ਕੀਤਾ ਹੈ। ਨਵੇਂ ਪੋਚ ਦੇ ਕਵੀਆਂ ਵਿਚ ਹਰਜੀਤ ਸਿੰਘ ਸੰਧੂ ਦੀ ਕਾਵਿ ਸਿਰਜਣਾ ਮੇਰੀ ਇਸ ਧਾਰਨਾ ਨੂੰ ਪੁਖ਼ਤ ਕਰਦੀ ਹੈ। ਥੱਕੇ-ਹਾਰੇ ਸ਼ਹਿਰ ਦੀ ਨੀਂਦ' ਉਸ ਦਾ ਨਵ ਪ੍ਰਕਾਸ਼ਿਤ ਸੰਗ੍ਰਹਿ ਹੈ, ਜਿਸ ਵਿਚਲੀਆਂ ਨਜ਼ਮਾਂ ਵਿਅਕਤੀਗਤ ਦੁੱਖ-ਦਰਦਾਂ ਜਾਂ ਰੁਮਾਂਸਵਾਦੀ ਕਿਸਮ ਦੇ ਵਲਵਲਿਆਂ ਨੂੰ ਆਧਾਰ ਬਣਾਉਂਦੀਆਂ ਹੋਈਆਂ ਰੁਦਨ ਜਾਂ ਵਿਰਲਾਪ ਨਹੀਂ ਕਰਦੀਆਂ ਸਗੋਂ ਬੜੀ ਬੇਬਾਕੀ ਤੇ ਅਣਖੀਲੀ ਸੁਰ ਵਿਚ ਸੱਤਾ ਲਈ ਵੰਗਾਰ ਬਣ ਕੇ ਸਿਸਟਮ ਨੂੰ ਸੁਆਲਾਂ ਦੇ ਕਟਹਿਰੇ ਵਿਚ ਖੜ੍ਹਾ ਕਰਦੀਆਂ ਹਨ। ਕਵੀ ਨੇ ਇਸ ਸੰਗ੍ਰਹਿ ਵਿਚ 'ਇੰਜ ਹੀ ਰਿਹਾ ਜੇ', 'ਤੇਰੇ ਹਜ਼ੂਰ' ਅਤੇ 'ਮੇਰੇ ਪੰਜਾਬ' ਕਵਿਤਾਵਾਂ ਦੇ ਉਨਵਾਨ ਤਹਿਤ 2-2, 'ਜਦੋਂ' ਦੇ ਉਨਵਾਨ ਹੇਠ 3 ਅਤੇ ਸ਼ਬਦਾਂ ਦੇ ਜਾਦੂਗਰ' ਉਨਵਾਨ ਤਹਿਤ 5 ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਕਵਿਤਾਵਾਂ ਦੀ ਕੇਂਦਰੀ-ਸੁਰ ਦਿਸ਼ਾਹੀਣ ਸੱਤਾ, ਕਾਲੇ ਕਾਨੂੰਨ, ਬੇਇਨਸਾਫ਼ੀ, ਸਰਮਾਏ ਅੱਗੇ ਨੱਚਦੀ ਨਿਆਂ-ਵਿਵਸਥਾ, ਰਾਜਨੀਤੀ ਦਾ ਦਸਤੂਰ, ਬਣਦੀ ਡੇਰਿਆਂ ਆਸ਼ਰਮਾਂ ਦੀ ਭਗਦੜ, ਚਲਾਕ ਹੁਕਮਰਾਨਾਂ ਦੇ ਕਾਲੇ ਕਾਰਨਾਮਿਆਂ ਉੱਪਰ ਆਧਾਰਿਤ ਹੈ।
ਕਵੀ ਦੀ ਧਾਰਨਾ ਹੈ ਕਿ ਆਵਾਮ ਵਲੋਂ ਸਹੀ ਅਰਥਾਂ ਵਿਚ ਸੁਣੀ ਜਾਣ ਵਾਲੀ ਕ੍ਰਿਤ ਹੀ ਕਵਿਤਾ ਅਖਵਾ ਸਕਦੀ ਹੈ। ਉਸ ਦੀ ਕਲਮ ਬੜੀ ਬੇਬਾਕੀ ਨਾਲ ਉਨ੍ਹਾਂ ਕਲਮਾਂ ਦਾ ਸਿਰ ਕਲਮ ਕਰ ਦੇਣ ਦਾ ਫ਼ਤਵਾ ਜਾਰੀ ਕਰਨ ਤੋਂ ਵੀ ਸੰਕੋਚ ਨਹੀਂ ਕਰਦੀ, ਜੋ ਆਨੇ-ਬਹਾਨੇ ਵੱਡੇ ਦਰਬਾਰਾਂ ਵਿਚ ਹਾਜ਼ਰੀ ਭਰਦੇ ਹਨ ਅਤੇ ਸੱਚ ਲਿਖਣ ਤੋਂ ਗੁਰੇਜ਼ ਕਰਦੇ ਹਨ। 'ਥੱਕੇ ਹਾਰੇ ਸ਼ਹਿਰ ਨਾਲ ਖਲੋਂਦੀ ਕਵਿਤਾ','ਕਰਤਾਰਪੁਰ ਵਾਲਿਆ ਬਾਬਾ', 'ਸਿਰਾਂ ਵਾਲੇ', 'ਮਹਿੰਦੀ ਮੁਕਾਬਲੇ', 'ਆਪਣੇ ਲਗਦੇ ਖ਼ਤਰਨਾਕ', 'ਲਟਕਦੇ ਪ੍ਰਸ਼ਨ', 'ਜੰਗਾਂ ਵਿਚ ਸੁਪਨੇ ਸਾਂਭਦੇ ਬੱਚਿਆਂ ਨੂੰ', 'ਕ੍ਰਾਂਤੀ ਦੇ ਵਣਜਾਰੇ' ਤੇ 'ਚਿੰਤਕਾਂ ਦੀ ਚਿੰਤਾ' ਨਜ਼ਮਾਂ ਉਨ੍ਹਾਂ ਕਾਰਨਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ, ਜਿਨ੍ਹਾਂ ਕਾਰਨ, ਮਜ਼ਲੂਮ, ਭੋਲੇ ਭਾਲੇ, ਬੇਵੱਸ, ਬੇਸਹਾਰਾ ਅਤੇ ਗੁਰਬਤ ਮਾਰੇ ਲੋਕਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜੀਣ ਦੇ ਹੱਕਾਂ ਤੋਂ ਵੰਚਿਤ ਕੀਤਾ ਜਾ ਰਿਹਾ ਹੈ। ਕਵਿਤਾ 'ਕਵਿਤਾ ਚਾਹੁੰਦੀ ਹੈ' ਦੀਆਂ ਇਹ ਸਤਰਾਂ ਉਨ੍ਹਾਂ ਕਵੀਆਂ ਦੀ ਲੇਖਣੀ ਉਪਰ ਸੁਆਲ ਖੜ੍ਹੇ ਕਰਦੀਆਂ ਹਨ ਜੋ ਸੱਤਿਅਮ ਸ਼ਿਵਮ ਸੁੰਦਰਮ ਦੇ ਆਸ਼ੇ ਤੋਂ ਭਟਕ ਗਏ ਹਨ:
ਕਵਿਤਾ ਨੇ ਕਦੇ ਨਹੀਂ ਚਾਹਿਆ
ਕਿ ਭਰੇ ਹਾਲ ਵਿਚ ਉਬਾਸੀਆਂ ਲੈਂਦੇ ਸਰੋਤੇ
ਮੂੰਗਫ਼ਲੀ ਦੀ ਕੜਿੱਕ-ਕੜਿੱਕ ਦੇ ਵਿਚ-ਵਿਚ
ਕਹਿ ਦੇਣ ਵਾਹ-ਵਾਹ।
ਕਿ ਗੁੰਮ ਜਾਵੇ ਤਾੜੀਆਂ ਦੇ ਸ਼ੋਰ ਵਿਚ
ਉਹਦੇ ਸ਼ਬਦਾਂ ਦੀ ਮਾਸੂਮੀਅਤ
ਲਹਿਜ਼ੇ ਸਮੇਤ ਉਹਦੇ ਅਰਥਾਂ ਦੀ ਆਭਾ
ਤੇ ਮਸਤਕਾਂ 'ਚ ਪ੍ਰਵੇਸ਼ ਤੋਂ ਪਹਿਲਾਂ ਹੀ
ਮਸਲਿਆ ਜਾਵੇ ਉਹਦਾ ਸੁਹਜ।
ਇਨ੍ਹਾਂ ਕਵਿਤਾਵਾਂ ਵਿਚਲੇ ਖ਼ੂਬਸੂਰਤ ਪ੍ਰਤੀਕ ਕਵੀ ਦੀ ਵਿਅਕਤੀਗਤ ਕਾਵਿ ਸ਼ੈਲੀ ਦੀ ਪਛਾਣ ਨੂੰ ਹੋਰ ਵਧੇਰੇ ਉਸਾਰੂ ਢੰਗ ਨਾਲ ਰੂਪਮਾਨ ਕਰਦੇ ਹਨ, ਜਿਨ੍ਹਾਂ ਵਿਚ 'ਕੁੱਤੇ', 'ਬਘਿਆੜ', 'ਸ਼ਾਹੀ ਦਰਬਾਰ', 'ਲੀਰ', 'ਗਿੱਦੜ', 'ਬੋਟ', 'ਲੀਕ', 'ਅਲੰਬਰਦਾਰ', 'ਰੋਬੋਟ', 'ਝੰਡਾ', 'ਚਾਦਰ', 'ਸੈਨੇਟਾਈਜ਼ਰ', 'ਮੁਨਸਿਫ਼', 'ਛਪੜੀ', 'ਜਾਦੂਗਰ' ਆਦਿ ਅਨੇਕ ਸ਼ਬਦ ਸੰਮਿਲਿਤ ਹਨ। ਸੰਧੂ ਦੀ ਖ਼ੂਬਸੂਰਤ ਲੇਖਣੀ ਨਵੀਂ ਪੀੜ੍ਹੀ ਦੇ ਪਾਠਕ ਵਰਗ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

 

ਸਿੱਖ ਸਿਆਸਤ
ਨੂੰ ਸਿਉਂਕ
ਲੇਖਕ : ਕਮਲਜੀਤ ਸਿੰਘ ਬਨਵੈਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 164
ਸੰਪਰਕ : 98147-34035

ਸ਼੍ਰੋਮਣੀ ਪੱਤਰਕਾਰ ਸਨਮਾਨ ਨਾਲ ਪੁਰਸਕ੍ਰਿਤ ਕਮਲਜੀਤ ਸਿੰਘ ਬਨਵੈਤ ਦੀ ਹਥਲੀ-ਲੇਖ-ਸੰਗ੍ਰਹਿ ਪੁਸਤਕ ਗਿਆਰਵੀਂ ਹੈ। 2018 ਤੋਂ ਉਸ ਨੇ ਸੰਸਮਰਣ ਅਤੇ ਚਲੰਤ ਮਸਲਿਆਂ 'ਤੇ ਲਿਖਣ ਦੀ ਦੌੜ ਲਾਈ ਹੋਈ ਹੈ। ਉਸ ਦਾ ਮੰਨਣਾ ਹੈ ਕਿ ਪੰਜਾਬੀ ਟ੍ਰਿਬਿਊਨ 'ਚ ਮੁਲਾਜ਼ਮਤ ਕਰਦਿਆਂ, ਉਸ ਨੂੰ ਰਾਜਸੀ ਮਸਲਿਆਂ ਨਾਲ ਦੋ-ਹੱਥ ਕਰਨ ਦਾ ਤਜਰਬਾ ਹਾਸਲ ਹੋਇਆ ਹੈ। ਜਿਥੇ ਉਸ ਦੀ ਸਿਮਰਤੀ ਵਿਚ ਆਪਮਾ ਪਿੰਡ ਵਸਿਆ ਹੋਇਆ ਹੈ, ਉਥੇ ਉਸ ਨੂੰ ਸ਼ਹਿਰੀ ਜੀਵਨ ਤੇ ਰਾਜਸੀ ਨੇਤਾਵਾਂ ਨਾਲ ਸੰਪਰਕ ਕਰਨ ਦਾ ਕਸਬ ਹਾਸਿਲ ਕਰਨ ਦੀ ਮੁਹਾਰਤ ਹੈ, ਤਦੇ ਉਹ ਰਾਜਸੀ ਪਿੜ ਦੀ ਅੰਦਰਲੀ ਅਵਸਥਾ ਨੂੰ ਸਮਝਣ ਦੇ ਯੋਗ ਹੋ ਸਕਿਆ। 'ਸਿੱਖ ਸਿਆਸਤ ਨੂੰ ਸਿਉਂਕ' ਉਸ ਦੀ ਤਾਜ਼ੀ ਛਪੀ ਪੁਸਤਕ ਹੈ ਜੋ ਪਾਠਕ ਨੂੰ ਤਾਂ ਚਕਾਚੌਂਧ ਕਰਦੀ ਹੀ ਹੈ, ਉਥੇ ਸਿੱਖ ਜਗਤ ਅਤੇ ਸਿੱਖ ਸਿਆਸਤ ਨੂੰ ਸੁਚੇਤ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਪੁਸਤਕ ਵਿਚ ਬੜੇ ਗੰਭੀਰ ਮਸਲਿਆਂ ਨੂੰ ਛੇੜਿਆ ਗਿਆ ਹੈ। ਫਿਕਰਮੰਦੀ ਇਜ਼ਹਾਰ ਕੀਤੀ ਗਈ ਹੈ ਕਿ ਸਿੱਖ ਰਾਜਨੀਤੀ ਦਾ ਨਿਘਾਰ ਏਨਾ ਹੋ ਗਿਆ ਹੈ ਕਿ ਇਸ ਨੂੰ ਸਿਉਂਕ ਲੱਗ ਗਈ ਹੈ, ਜੋ ਬੜੀ ਖ਼ਤਰਨਾਕ ਹੈ, ਜਿਸ ਨੂੰ ਇਸ ਅਧੋਗਤੀ ਤੋਂ ਬਚਾਉਣਾ, ਪੰਜਾਬ ਨੂੰ ਬਚਾਉਣਾ ਹੈ। ਇਸ ਪੁਸਤਕ ਦਾ ਵਿਸ਼ਾ ਵਸਤੂ ਚਾਰ ਨੁਕਤਿਆਂ 'ਤੇ ਕੇਂਦਰਿਤ ਹੈ : ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਅਜੋਕੀ ਰਾਜ ਸੱਤਾ ਪਾਰਟੀ ਆਪ। ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੱਤਾ ਤੋਂ ਬਲਹੀਣ ਉਪਰੰਤ ਸੁਧਾਰ ਲਹਿਰ (ਬਾਗੀ-ਦਾਗ਼ੀ-ਸਫ਼ਾਂ) ਕਾਰਨ ਜੋ ਸੰਕਟ ਖੜ੍ਹਾ ਹੋਇਆ, ਉਸ ਤੋਂ ਸਾਰਾ ਘਟਨਾਕ੍ਰਮ ਵੱਖ-ਵੱਖ ਰੂਪ ਧਾਰਦਾ ਗਿਆ। ਦੋ ਦਸੰਬਰ ਦੇ ਸ੍ਰੀ ਅਕਾਲ ਤਖ਼ਤ ਦੇ ਹੁਕਮਰਾਨੇ ਤੋਂ ਬਾਅਦ ਜੋ ਕੁਝ ਹੋਇਆ ਤੇ ਜੋ ਕੁਝ ਹੋ ਰਿਹਾ ਹੈ, ਉਸ ਬਾਰੇ ਲੇਖਕ ਨੇ ਬਹੁਤ ਮਿਹਨਤ ਕਰਕੇ ਸੱਚੋ-ਸੱਚ ਪੇਸ਼ ਕਰਨ ਦੀ ਜੁਰਅੱਤ ਕੀਤੀ ਹੈ। ਪੱਤਰਕਾਰੀ ਦਾ ਧਰਮ ਉੱਚੇ-ਸੁੱਚੇ ਫ਼ਰਜ਼ਾਂ ਦੀ ਪਾਲਣਾ ਕਰਨਾ ਹੁੰਦਾ ਹੈ, ਜਿਸ ਬਾਰੇ ਸ੍ਰੀ ਬਨਵੈਤ ਨੇ ਪੂਰੀ ਮਿਹਨਤ ਨਾਲ ਵਧੀਆ ਵਾਰਤਕ ਰਾਹੀਂ ਸੱਚ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ। 38 ਲੇਖ ਪੰਜਾਬ ਦੀ ਸਿੱਖ ਸਿਆਸਤ 'ਤੇ ਕੇਂਦਰਤ ਹਨ। ਕਿਤੇ-ਕਿਤੇ ਭਾਸ਼ਾ ਸ਼ਬਦਾਂ ਦਾ ਸੰਜਮ ਮੰਗਦੀ ਹੈ ਤੇ ਇਕ ਪਾਸੜ ਸੋਚ ਤੋਂ ਗੁਰੇਜ਼ ਪੁਸਤਕ ਦੇ ਪ੍ਰਮੁੱਖ ਵਿਸ਼ੇ ਹਨ : ਦੋ ਦਸੰਬਰ ਦੇ ਹੁਕਮਰਾਨੇ ਦੀ ਕਿਹਨੇ ਲਿਖੀ ਇਬਾਰਤ, ਸ਼੍ਰੋਮਣੀ ਕਮੇਟੀ ਦੀ ਚੋਣ ਵੱਟੇ ਖਾਤੇ ਪਈ, ਅਕਾਲੀ ਦਲ ਚੁਗਣ ਦੀ ਥਾਂ ਬੀਜ ਰਿਹੈ ਕੰਡੇ, ਜਥੇਦਾਰ ਦੀ ਤਾਜਪੋਸ਼ੀ ਅੰਮ੍ਰਿਤ ਵੇਲੇ, ਧਾਮੀ ਪਿਸ ਰਹੇ ਨੇ ਪੰਥਕ ਸੰਕਟ ਵਿਚ, ਨਵੀਂ ਭਰਤੀ ਲਈ ਭੰਬਲਭੂਸਾ, ਅਕਾਲ ਤਖ਼ਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਹੋਈ ਸਾਹ-ਸੱਤਹੀਣ ਅਤੇ ਕੁਝ ਹੋਰ ਲੇਖ। ਉਲਝੇ ਹੋਏ ਸੰਕਟ ਦੇ ਭਾਗੀਦਾਰਾਂ ਨੂੰ ਖ਼ਬਰਦਾਰ ਕਰਨ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸ਼੍ਰੋਮਣੀ ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀ, ਦਲ ਖਾਲਸਾ, ਧਾਰਮਿਕ ਸਿੱਖ ਸੰਪਰਦਾਵਾਂ ਆਦਿ ਬਾਰੇ ਵੀ ਪੜ੍ਹਨ ਨੂੰ ਮਿਲਦਾ ਹੈ। ਇਥੇ ਇਹ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਨੂੰ ਹਨੇਰੇ ਦੀ ਖੱਡ ਵਿਚ ਜਿਥੇ ਕੇਂਦਰੀ ਸਰਕਾਰ, ਏਜੰਸੀਆਂ, ਵਿਦੇਸ਼ 'ਚ ਬੈਠੀਆਂ ਜਥੇਬੰਦੀਆਂ ਤੇ ਹੋਰ ਰਾਜਸੀ ਪਾਰਟੀਆਂ ਸੁੱਟਣ ਲਈ ਹੱਥ ਕੰਡੇ ਵਰਤ ਰਹੀਆਂ ਹਨ, ਉਥੇ ਲੇਖਕ ਦਾ ਇਹ ਮੰਨਣਾ ਹੈ ਕਿ 'ਰੱਬ ਬਾਗੀਆਂ ਤੇ ਦਾਗ਼ੀਆਂ ਦੇ ਮਨਾਂ ਵਿਚ ਵਸ ਜਾਵੇ ਅਤੇ ਦੋਵੇਂ ਫਿਰ ਤੋਂ ਰਲ ਕੇ ਪੰਜਾਬ ਅਤੇ ਪੰਥ ਦੇ ਭਲੇ ਲਈ ਕੁਰਬਾਨ ਹੋਣ ਦਾ ਅਹਿਦ ਕਰ ਲੈਣ। ਇਹ ਮੋਰਚਿਆਂ ਦੇ ਇਤਿਹਾਸਕ ਵਾਲੀ ਪਾਰਟੀ ਹੈ। ਵਿਰਸੇ ਵਿਚੋਂ ਮਿਲੀ ਵਿਰਾਸਤ ਦੇ ਰਾਹੇ ਤੁਰ ਪਵੋ, ਇਹੋ ਸਮੇਂ ਦੀ ਲੋੜ ਵੀ ਹੈ। ਖੇਤਰੀ ਪਾਰਟੀ ਤੋਂ ਬਿਨਾਂ ਨਾ ਪੰਜਾਬੀਆਂ ਦਾ ਗੁਜ਼ਾਰਾ ਹੈ ਅਤੇ ਨਾ ਹੀ ਪੰਜਾਬ ਦਾ ਭਲਾ।' ਅਖ਼ਬਾਰੀ ਖ਼ਬਰਾਂ ਅਤੇ ਅੰਦਰਖਾਤੇ ਗੁਪਤ ਸਰਗਰਮੀਆਂ ਨੂੰ ਲਿਖਤੀ ਦਸਤਾਵੇਜ਼ ਵਜੋਂ ਪੇਸ਼ ਕਰਨਾ ਇਤਿਹਾਸ ਨੂੰ ਸਾਂਭਣਾ, ਇਸ ਪੁਸਤਕ ਦਾ ਹਾਸਿਲ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ, ਉੱਚਤਾ ਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਥਾਪਤ ਰੱਖਣ 'ਚ ਹੀ ਪੰਥ ਦਾ ਭਵਿੱਖ ਚੜ੍ਹਦੀ ਕਲਾ ਵਾਲਾ ਹੋ ਸਕਦਾ। ਪੰਜਾਬ ਦੀ ਖ਼ੈਰ-ਸੁੱਖ ਮੰਗੀਏ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਮਾਛੀਵਾੜਾ ਸਾਹਿਬ
ਸੰਪਾਦਕ : ਰਘਬੀਰ ਸਿੰਘ ਭਰਤ
ਪ੍ਰਕਾਸ਼ਕ : ਭਾਸ਼ਾ ਵਿਭਾਗ, ਪੰਜਾਬ
ਸਫ਼ੇ : 208
ਸੰਪਰਕ : 94635-26893

ਕਾਫ਼ੀ ਸਮੇਂ ਤੋਂ ਭਾਸ਼ਾ ਵਿਭਾਗ, ਪੰਜਾਬ, ਪੰਜਾ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਜਿਨ੍ਹਾਂ ਦੀ ਕੋਈ ਖ਼ਾਸ ਪਛਾਣ ਬਣੀ ਹੋਈ ਹੈ, ਸਰਵੇਖਣ ਕਰਵਾਉਂਦਾ ਆ ਰਿਹਾ ਹੈ। ਇਨ੍ਹਾਂ ਸ਼ਹਿਰਾਂ, ਕਸਬਿਆਂ ਦੀ ਸ਼ਨਾਖ਼ਤ ਅਤੇ ਪਛਾਣ ਉਨ੍ਹਾਂ ਦੀ ਧਾਰਮਿਕ, ਸੱਭਿਆਚਾਰਕ, ਆਰਥਿਕ ਜਾਂ ਇਤਹਾਸਕ ਪ੍ਰਸਿੱਧੀ ਕਰਕੇ ਬਣੀ ਹੁੰਦੀ ਹੈ। ਭਾਸ਼ਾ ਵਿਭਾਗ ਇਸ ਕਾਰਜ ਨੂੰ ਸਰਵੇਖਣ ਦਾ ਨਾਂਅ ਦਿੰਦਾ ਹੈ ਪਰ ਜੇ ਸਾਹਿਤਕ ਤੌਰ 'ਤੇ ਕਹਿਣਾ ਹੋਵੇ ਤਾਂ ਇਹ ਕਾਰਜ ਇਕ ਚੰਗੇ ਖ਼ਾਸੇ ਖੋਜ ਕਾਰਜ ਜਿਹਾ ਹੀ ਹੁੰਦਾ ਹੈ। ਇਸੇ ਲੜੀ ਵਿਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਆਲੋਚਕ ਸ. ਰਘਬੀਰ ਸਿੰਘ ਭਰਤ ਨੇ ਮਾਛੀਵਾੜਾ ਸਾਹਿਬ ਦੀ, ਜਿਸ ਖੇਤਰ ਦੇ ਉਹ ਖ਼ੁਦ ਵੀ ਜੰਮਪਲ ਹਨ, ਦਾ ਸਰਵੇਖਣ ਇਸ ਵੱਡ-ਆਕਾਰੀ ਪੁਸਤਕ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਲੇਖਕ ਨੇ ਇਸ ਥਾਂ ਦੀ ਸ਼ਨਾਖ਼ਤ ਕਰਨ ਲਈ ਉਹ ਅਨੇਕਾਂ ਮੋਡ ਵਰਤੇ ਹਨ ਜਿਨ੍ਹਾਂ ਕਾਰਨ ਇਹ ਖੇਤਰ ਖ਼ਾਸ ਬਣਿਆ ਹੈ। ਜੇ ਕਹਿ ਲਈਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਲੇਖਕ ਨੇ ਕੋਈ ਅਜਿਹਾ ਪੱਖ ਛੱਡਿਆ ਹੀ ਨਹੀਂ ਜੋ ਇਸ ਖੇਤਰ ਦੀ ਪ੍ਰਸਿੱਧੀ ਅਤੇ ਮਹੱਤਤਾ ਦੀ ਜਾਣਕਾਰੀ ਨਾ ਦਿੰਦਾ ਹੋਵੇ। ਕੋਈ ਕੋਨਾ ਹਨੇਰੇ ਵਿਚ ਨਹੀਂ ਰਹਿਣ ਦਿੱਤਾ। ਇਥੋਂ ਦਾ ਖੇਤਰਫਲ, ਵਸੋਂ, ਹੋਂਦ ਅਤੇ ਭੂਗੋਲਿਕ ਸਥਿਤੀ ਆਦਿ ਦਾ ਜ਼ਿਕਰ ਖੂਬ ਹੋਇਆ ਹੈ। ਧਾਰਮਿਕ ਤੌਰ 'ਤੇ ਇਸ ਖੇਤਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਚਰਨਾਂ ਦੀ ਛੋਹ ਪ੍ਰਾਪਤ ਹੈ। ਇਥੇ ਹੀ ਕਦੀ ਪੰਜਾਬੀ ਦੀ ਠੇਠ ਸ਼ਬਦ ਲੱਖੀ ਦੇ ਜੰਗਲਾਂ ਵਿਚ 'ਮਿੱਤਰ ਪਿਆਰੇ ਨੂੰ, ਹਾਲ...' ਗੂੰਜਿਆ ਹੋਵੇਗਾ। ਇਥੋਂ ਦੇ ਸਾਹਿਤਕਾਰ, ਗਵੱਈਏ, ਨਾਟਕਕਾਰ, ਰੰਗਮੰਚ ਸਕੂਲ, ਕਾਲਜ, ਸਿੱਖਿਆ ਸੰਸਥਾਵਾਂ ਦਾ ਜ਼ਿਕਰ ਵੀ ਲੇਖਕ ਨੇ ਬਹੁਤ ਵਿਸਥਾਰ ਨਾਲ ਕੀਤਾ ਹੈ। ਇਥੋਂ ਦੇ ਨਦੀਆਂ ਨਾਲੇ, ਦਰਿਆ ਤੇ ਆਲੇ-ਦੁਆਲੇ ਦੇ ਸ਼ਹਿਰ ਕਸਬੇ ਵੀ ਲੇਖਕ ਨੇ ਗੁੱਝੇ ਨਹੀਂ ਰਹਿਣ ਦਿੱਤੇ। ਇਸ ਦੇ ਨਾਂਅ ਬਾਰੇ ਵੀ ਕਾਫ਼ੀ ਸਪੱਸ਼ਟਤਾ ਜ਼ਾਹਿਰ ਹੋਈ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਮਲਵਈ ਦੁਰਗ
ਬੂਟਾ ਸਿੰਘ ਸ਼ਾਦ
ਸੰਪਾਦਕ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 98143-80749

ਬੂਟਾ ਸਿੰਘ ਸ਼ਾਦ ਇਕੋ ਸਮੇਂ ਅਧਿਆਪਕ, ਗਲਪਕਾਰ ਤੇ ਫ਼ਿਲਮਸਾਜ਼ ਸੀ। ਪ੍ਰੋਫ਼ੈਸਰੀ ਤਾਂ ਉਸ ਨੇ ਡੰਗ-ਟਪਾਊ ਹੀ ਕੀਤੀ। ਹਾਂ, ਕੁੱਲਵਕਤੀ ਉਹ ਕਹਾਣੀਕਾਰ, ਨਾਵਲਕਾਰ, ਫ਼ਿਲਮਸਾਜ਼ ਜ਼ਰੂਰ ਰਿਹਾ। ਬੀ.ਐੱਸ. ਸ਼ਾਦ, ਬੂਟਾ ਸਿੰਘ ਬਰਾੜ ਉਸੇ ਦੇ ਹੀ ਹੋਰ ਨਾਂਅ ਹਨ। ਆਪਣੇ 80 ਸਾਲਾ ਜੀਵਨਕਾਲ (1943-2023) ਵਿਚ ਉਸ ਨੇ ਰੱਜ ਕੇ ਪੰਜਾਬੀ ਪਾਠਕਾਂ ਵਿਚ ਆਪਣਾ ਸਿੱਕਾ ਜਮਾਈ ਰੱਖਿਆ। ਇਹ ਗੱਲ ਵੱਖਰੀ ਹੈ ਕਿ ਉਸ ਦੀਆਂ ਕਿਤਾਬਾਂ ਨੇ ਅਕਾਦਮਿਕ ਪੱਧਰ 'ਤੇ ਕੋਈ ਮਾਅਰਕਾ ਨਹੀਂ ਮਾਰਿਆ। ਨਾ ਤਾਂ ਉਹਦੀ ਕੋਈ ਕਿਤਾਬ ਕਿਸੇ ਕਾਲਜ/ਯੂਨੀਵਰਸਿਟੀ ਦੇ ਸਿਲੇਬਸ ਵਿਚ ਲੱਗੀ ਤੇ ਨਾ ਹੀ ਕਿਸੇ ਨੇ ਉਸ ਦੀਆਂ ਲਿਖਤਾਂ ਤੇ ਕੋਈ ਜ਼ਿਕਰਯੋਗ ਖੋਜ ਕਾਰਜ ਹੀ ਕੀਤਾ (ਡਾ. ਕੇਵਲ ਕ੍ਰਿਪਾਲ ਨੂੰ ਛੱਡ ਕੇ)। ਵਿਚਾਰ ਅਧੀਨ ਕਿਤਾਬ ਵਿਚ ਸ਼ਾਦ ਤੇ ਚੌਹਾਨ ਦੀ ਜੁਗਲਬੰਦੀ ਹੈ। ਦੋਵੇਂ ਲੇਖਕ ਵੀ ਹਨ ਤੇ ਸਿਰਨਾਵੀਏਂ ਵੀ। ਆਪਣੇ ਹਮਨਾਮ ਨੂੰ ਖ਼ਿਰਾਜ਼ੇ-ਅਕੀਦਤ ਪੇਸ਼ ਕਰਨ ਦੇ ਮੰਤਵ ਨਾਲ ਚੌਹਾਨ ਨੇ ਬੜੀ ਮਿਹਨਤ ਅਤੇ ਸਿਦਕ ਨਾਲ ਇਸ ਕਿਤਾਬ ਦੀ ਸੰਪਾਦਨਾ ਕੀਤੀ ਹੈ, ਜਿਸ ਵਿਚ ਵੱਡੇ ਦਿੱਗਜ ਲੇਖਕਾਂ ਦੀਆਂ ਰਚਨਾਵਾਂ/ਮੁਲਾਕਾਤਾਂ ਸ਼ਾਮਿਲ ਹਨ। ਇਨ੍ਹਾਂ ਕਰਤਾਰੀ ਲੇਖਕਾਂ ਵਿਚ ਗੁਰਬਚਨ ਸਿੰਘ ਭੁੱਲਰ, ਪ੍ਰਿੰ. ਸਰਵਣ ਸਿੰਘ, ਸਿੱਧੂ ਦਮਦਮੀ, ਜਸਪਾਲ ਮਾਨਖੇੜਾ, ਸ਼ਮਸ਼ੇਰ ਸਿੰਘ ਸੰਧੂ, ਇਕਬਾਲ ਚਾਨਾ ਤੇ ਖੁਦ ਸੰਪਾਦਕ ਬੂਟਾ ਸਿੰਘ ਚੌਹਾਨ ਆਦਿ ਦਾ ਨਾਂਅ ਸ਼ਾਮਿਲ ਹੈ। ਭੁੱਲਰ ਤੇ ਸ਼ਾਦ ਜੇਕਰ ਸਾਂਝੇ ਬੂਹੇ ਵਾਲੇ ਗੁਆਂਢੀ ਰਹੇ ਤਾਂ ਮੈਂ (ਰੀਵਿਊਕਰਤਾ) ਵੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੇ ਇਨ੍ਹਾਂ ਕੁਆਰਟਰਾਂ ਵਿਚ ਦਸ ਸਾਲ ਦਾ ਸਮਾਂ ਬਿਤਾਇਆ। ਮੈਂ ਆਪਣੀ ਕਾਲਜ-ਅਧਿਆਪਕੀ ਦੌਰਾਨ ਕਾਲਜ ਦੇ ਮੈਗਜ਼ੀਨ 'ਕਿਰਨ ਸਰੋਤ' ਦਾ ਸੰਪਾਦਕ ਰਿਹਾ ਤੇ ਜਦੋਂ ਕਾਲਜ ਦੀ 50ਵੀਂ ਵਰ੍ਹੇਗੰਢ ਮਨਾਈ ਗਈ ਸੀ ਤਾਂ ਮੈਂ ਇਨ੍ਹਾਂ ਦੋ ਮਹਾਂਰਥੀਆਂ (ਭੁੱਲਰ ਤੇ ਸ਼ਾਦ) ਨੂੰ ਬੇਨਤੀ ਕਰਕੇ ਮੈਗਜ਼ੀਨ ਲਈ ਲਿਖਤਾਂ ਮੰਗਵਾਈਆਂ ਸਨ, ਜੋ ਇਨ੍ਹਾਂ ਨੇ ਬੜੀ ਖੁਸ਼ੀ ਨਾਲ ਭੇਜੀਆਂ ਸਨ। ਖ਼ੈਰ...! ਚੌਹਾਨ ਨੇ ਇਸ ਕਿਤਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ - ਪਹਿਲੇ ਵਿਚ 9 ਲੇਖ ਹਨ, ਦੂਜੇ ਵਿਚ 4 ਮੁਲਾਕਾਤਾਂ ਤੇ ਤੀਜੇ ਵਿਚ ਸ਼ਾਦ ਦੀਆਂ 7 ਚੋਣਵੀਆਂ ਕਹਾਣੀਆਂ। ਸ਼ਾਦ ਦਾ ਸਵੈਕਥਨ ਤੇ ਉਸ ਦਾ ਸੰਖੇਪ ਜੀਵਨ ਵੇਰਵਾ ਵੀ ਦਰਜ ਕੀਤਾ ਗਿਆ ਹੈ। ਆਮ ਪਾਠਕ ਇਹ ਪੜ੍ਹ ਕੇ ਦੰਗ ਰਹਿ ਜਾਂਦਾ ਹੈ ਕਿ ਸ਼ਾਦ ਆਪਣੇ ਲਿਖੇ ਨੂੰ ਦੁਬਾਰਾ ਨਹੀਂ ਸੀ ਪੜ੍ਹਦਾ, ਨਾ ਕੋਈ ਕਾਂਟ-ਛਾਂਟ ਕਰਦਾ ਸੀ। ਕਈ-ਕਈ ਲਿਖਤਾਂ ਤਾਂ ਉਸ ਨੇ ਮਹਿਜ਼ ਚਾਰ ਦਿਨਾਂ ਵਿਚ ਲਿਖ ਮਾਰੀਆਂ। ਗ੍ਰਹਿਸਥ ਮਾਰਗ ਤੋਂ ਨਿਰਲੇਪ ਰਹੇ ਸ਼ਾਦ ਦੀ ਕਲਾਤਮਿਕਤਾ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਵਜੋਂ ਸੰਪਾਦਤ ਕੀਤੀ ਗਈ ਇਸ ਪੁਸਤਕ ਦਾ ਪੰਜਾਬੀ ਸਾਹਿਤ ਜਗਤ ਵਿਚ ਖ਼ੈਰ-ਮਕੱਦਮ! ਪਾਠਕਾਂ ਨੂੰ ਇਸ ਵਿਚੋਂ ਬਹੁਤ ਦੁਰਲੱਭ ਤੇ ਨਵੀਂ ਜਾਣਕਾਰੀ ਮੁਹੱਈਆ ਹੋਵੇਗੀ, ਅਜਿਹਾ ਮੈਨੂੰ ਵਿਸ਼ਵਾਸ ਹੈ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

 

ਅੱਜ ਦੇ ਅਤੀਤ
ਲੇਖਕ : ਭੀਸ਼ਮ ਸਾਹਨੀ
ਅਨੁਵਾਦ : ਜਸਵਿੰਦਰ ਕੌਰ ਵੀਨੂੰ
ਪ੍ਰਕਾਸ਼ਨ : ਨਵਯੁਗ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ: 500 ਰੁਪਏ, ਸਫੇ : 325
ਸੰਪਰਕ : 011-26802488

ਭੀਸ਼ਮ ਸਾਹਨੀ (ਜਨਮ 1915 ਈ.) ਅੱਜ ਦੇ ਮੰਚ ਉੱਪਰ ਸਥਿਤ ਹੋ ਕੇ ਆਪਣੇ ਅਤੀਤ ਨੂੰ ਯਾਦ ਕਰਦਾ ਹੈ। ਇਹ ਪੁਸਤਕ ਉਸ ਦੀ ਸਵੈ-ਜੀਵਨੀ ਦਾ ਬਿਆਨ ਹੈ। ਉਸ ਦੀ ਸਿਮਰਤੀ ਬਹੁਤ ਬਲਵਾਨ ਅਤੇ ਜਰਖੇਜ਼ ਰਹੀ ਹੈ। ਉਹ ਨਾ ਕੇਵਲ ਸੰਯੁਕਤ ਅਤੇ ਬ੍ਰਿਟਿਸ਼ ਸਰਕਾਰ ਦੀ ਇਕ ਪ੍ਰਮੁੱਖ ਬਸਤੀ ਕਹੇ ਜਾਂਦੇ ਮੁਲਕ ਹਿੰਦੁਸਤਾਨ ਵਿਚ ਪੈਦਾ ਹੋਇਆ, ਬਲਕਿ ਇਸੇ ਮੁਲਕ ਵਿਚ ਪ੍ਰਵਾਨ ਵੀ ਚੜ੍ਹਿਆ। ਉਸਦਾ ਜਨਮ ਰਾਵਲਪਿੰਡੀ ਦੇ ਵਸਨੀਕ ਇਕ ਕੱਪੜਾ-ਵਪਾਰੀ ਦੇ ਘਰ ਹੋਇਆ, ਜੋ ਇਕ ਚੰਗਾ ਖਾਂਦਾ-ਪੀਂਦਾ ਮੱਧ ਸ਼੍ਰੇਣਿਕ ਆਰੀਆ ਸਮਾਜੀ ਪਰਿਵਾਰ ਸੀ। ਬਲਰਾਜ ਸਾਹਨੀ ਉਸ ਦਾ ਵੱਡਾ ਭਰਾ ਸੀ ਜੋ ਬਾਅਦ ਵਿਚ ਭਾਰਤੀ ਸਿਨੇਮਾ ਦਾ ਇਕ ਰੌਸ਼ਨ ਸਿਤਾਰਾ ਬਣਿਆ ਅਤੇ ਪੰਜਾਬੀ ਵਿਚ ਲਿਖਣ ਵਾਲਾ ਇਕ ਪ੍ਰਮਾਣਿਕ ਲੇਖਕ ਵੀ ਬਣਿਆ। ਭੀਸ਼ਮ ਸਾਹਨੀ ਗੌਰਮਿੰਟ ਕਾਲਜ ਲਾਹੌਰ ਤੋਂ ਐਮ.ਏ. ਕਰ ਕੇ ਵਾਪਸ ਰਾਵਲਪਿੰਡੀ ਪਰਤਿਆ। ਆਪਣੇ ਵੱਡੇ ਭਰਾ ਵਲੋਂ ਛੱਡ ਕੇ ਗਏ ਪਿਤਾ-ਪੁਰਖੀ ਕਾਰੋਬਾਰ ਨੂੰ ਸੰਭਾਲਣ ਦੇ ਨਾਲ-ਨਾਲ ਉਹ ਵੀ ਪਿੰਡੀ ਦੇ ਇਕ ਕਾਲਜ ਵਿਚ ਪ੍ਰੋਫੈਸਰ ਬਣਨ ਦੇ ਨਾਲ-ਨਾਲ ਨਾਟਕਕਾਰ ਅਤੇ ਕਹਾਣੀਕਾਰ ਵਜੋਂ ਪ੍ਰਸਿੱਧ ਹੋਇਆ। ਭੀਸ਼ਮ ਸਾਹਨੀ ਨੂੰ ਆਪਣੇ ਬਚਪਨ ਵਿਚ ਸਦਾ ਇਹ ਗਿਲਾ ਰਿਹਾ ਕਿ ਉਸ ਦੀ ਜਾਣ-ਪਛਾਣ ਵਾਲੇ ਸਾਰੇ ਲੋਕ ਉਸਦੀ ਬਲਰਾਜ ਸਾਹਨੀ ਨਾਲ ਤੁਲਨਾ ਕਰਦੇ ਸਨ। ਉਸ ਨੂੰ ਇਸ ਗੱਲ ਦਾ ਰੰਜ ਤਾਂ ਰਿਹਾ ਕਿ ਲੋਕ, ਬਲਰਾਜ ਦੇ ਰੰਗ-ਰੂਪ, ਆਦਤਾਂ ਅਤੇ ਸ਼ਖ਼ਸੀਅਤ ਨੂੰ ਉਸ ਤੋਂ ਚੰਗਾ ਸਮਝਦੇ ਸਨ ਪਰ ਉਸ ਨੂੰ ਆਪਣੇ ਵੱਡੇ ਭਰਾ ਨਾਲ ਕਦੇ ਈਰਖਾ ਨਾ ਹੋਈ ਬਲਕਿ ਉਸ ਨੂੰ ਆਪਣਾ 'ਹੀਰੋ' ਬਣਾਇਆ ਅਤੇ ਦੇਖੋ ਫਿਰ ਕਿਵੇਂ ਉਸ ਨੇ ਨਾ ਸਿਰਫ਼ ਆਪਣਾ ਇਕ ਵੱਖਰਾ ਮੁਕਾਮ ਬਣਾਇਆ ਬਲਕਿ ਕਈ ਖੇਤਰਾਂ (ਸਾਹਿਤ, ਅਨੁਵਾਦ ਅਤੇ ਰੰਗਮੰਚ ਆਦਿ) ਵਿਚ ਉਹ ਉਸ ਤੋਂ ਵੀ ਕੁਝ ਅੱਗੇ ਲੰਘ ਗਿਆ। ਭੀਸ਼ਮ ਦੀ ਪਤਨੀ ਸ਼ੀਲਾ ਸਾਹਨੀ ਵੀ ਇਕ ਪ੍ਰਸਿੱਧ ਲੇਖਕਾ ਬਣੀ। ਆਰੀਆ ਸਮਾਜ ਤੋਂ ਕਾਂਗਰਸ ਰਾਹੀਂ ਹੁੰਦੇ ਹੋਏ ਦੋਵੇਂ ਭਰਾ ਕਮਿਊਨਿਜ਼ਮ ਵੱਲ ਖਿੱਚੇ ਗਏ। ਵੀਹਵੀਂ ਸਦੀ ਤੱਕ ਹਰ ਬੁੱਧੀਮਾਨ ਵਿਅਕਤੀ ਮਾਰਕਸਵਾਦੀ ਬਣਨ ਦੀ ਕੋਸ਼ਿਸ਼ ਕਰਦਾ ਸੀ। ਇਸ ਸਵੈਜੀਵਨੀ ਵਿਚ ਰਾਵਲਪਿੰਡੀ, ਲਾਹੌਰ, ਦਿੱਲੀ ਅਤੇ ਮਾਸਕੋ ਵਰਗੇ ਨਗਰਾਂ ਦਾ ਬੜਾ ਸੁਚੱਜਾ ਚਿਤ੍ਰਣ ਹੋਇਆ ਹੈ। ਲੇਖਕ ਦਾ ਸੰਦੇਸ਼ ਹੈ ਕਿ ਆਖਰੀ ਦਮ ਤੱਕ ਡਟੇ ਰਹੋ। ਕਦੇ ਵੀ ਹਾਰ ਨਾ ਮੰਨੋ ਅਤੇ ਕਿਸੇ ਦੂਸਰੇ ਵਰਗਾ ਬਣਨ ਦੀ ਕੋਸ਼ਿਸ਼ ਵੀ ਨਾ ਕਰੋ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪਿਛਲੀ ਖ਼ਬਰ 14 ਨਵੰਬਰ ਨੂੰ ਬਾਲ ਦਿਵਸ 'ਤੇ ਵਿਸ਼ੇਸ਼ ਬਾਲ ਕਹਾਣੀ ਗ਼ੁਲਾਬ ਦੀ ਮਹਿਕ ਅਗਲੀ ਖ਼ਬਰ ਆਜ਼ਾਦੀ ਦੇ ਸੰਘਰਸ਼ ਵਿਚ ਮੁਸਲਮਾਨਾਂ ਦਾ ਯੋਗਦਾਨ ਘੱਟ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।