ਇਨਸਾਨ ਮਿਹਨਤ ਕਰਦਾ ਹੈ। ਮਿਹਨਤ ਕਰਦੇ-ਕਰਦੇ ਵੀ ਕਈ ਵਾਰ ਮਨ ਚਾਹਿਆ ਟੀਚਾ ਹਾਸਿਲ ਨਹੀਂ ਹੋ ਪਾਉਂਦਾ। ਫਿਰ ਇਨਸਾਨ ਉਦਾਸ ਹੋ ਜਾਂਦਾ ਹੈ। ਅਸੀਂ ਸਾਰੇ ਹੀ ਸਮਾਜ ਦਾ ਹਿੱਸਾ ਹਾਂ। ਸਮਾਜ ਦੇ ਲੋਕ ਫਿਰ ਮੇਹਣੇ ਵੀ ਮਾਰਨੇ ਸ਼ੁਰੂ ਕਰ ਦਿੰਦੇ ਹਨ। ਲੋਕਾਂ ਦੀ ਕਦੇ ਵੀ ਪਰਵਾਹ ਨਾ ਕਰੋ। ਦੇਖੋ! ਕੁਝ ਗੱਲਾਂ ਪਰਮਾਤਮਾ 'ਤੇ ਛੱਡ ਦੇਣੀਆਂ ਚਾਹੀਦੀਆਂ ਹਨ। ਕੁਦਰਤ ਹੀ ਰੱਬ ਹੈ। ਕਿਹਾ ਵੀ ਜਾਂਦਾ ਹੈ ਕਿ ਉਸ ਦੇ ਹੁਕਮ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲਦਾ। ਜਦੋਂ ਸਾਡਾ ਕੋਈ ਕੰਮ ਨਹੀਂ ਹੁੰਦਾ, ਫਿਰ ਅਸੀਂ ਆਪਣੇ-ਆਪ ਹੀ ਕਰਤਾ ਕਿਉਂ ਬਣ ਜਾਂਦੇ ਹਾਂ? ਦੇਖੋ! ਕਰਦਾ ਉਹੀ ਹੈ ਜੋ ਉਸ ਨੂੰ ਸਹੀ ਲਗਦਾ ਹੈ। ਤੁਸੀਂ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ ਰਹੋ, ਜਿਹੜੀ ਚੀਜ਼ ਤੁਹਾਡੇ ਮੁਕੱਦਰ ਵਿਚ ਨਹੀਂ ਹੈ, ਉਹ ਤੁਹਾਨੂੰ ਮਿਲਦੀ ਵੀ ਨਹੀਂ ਹੈ। ਹਾਂ ਕਈ ਵਾਰ ਮੁਕੱਦਰ ਵਿਚ ਆ ਕੇ ਵੀ ਚੀਜ਼ ਵਾਪਸ ਚਲੀ ਜਾਂਦੀ ਹੈ, ਇਹ ਵੀ ਉਸ ਦੀ ਰਜ਼ਾ ਹੀ ਹੈ। ਤੁਹਾਡਾ ਕੰਮ ਹੈ, ਮਿਹਨਤ ਕਰਨਾ। ਚੰਗੇ ਕਰਮ ਕਰੋ, ਮਾਲਕ ਇਕ ਨਾ ਇਕ ਦਿਨ ਜ਼ਰੂਰ ਸੁਣਦਾ ਹੈ। ਮਿਹਨਤ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋਣਾ। ਆਪਣੇ-ਆਪ 'ਤੇ ਵਿਸ਼ਵਾਸ ਰੱਖੋ, ਦੂਜਿਆਂ ਦੀਆਂ ਗੱਲਾਂ 'ਤੇ ਧਿਆਨ ਬਿਲਕੁਲ ਵੀ ਨਾ ਦਿਓ।
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਅਸੀਂ ਵਾਰ-ਵਾਰ ਅਸਫ਼ਲ ਹੁੰਦੇ ਹਾਂ। ਸਾਡਾ ਹੌਸਲਾ ਢਹਿ-ਢੇਰੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਨਕਾਰਾਤਮਿਕ ਲੋਕਾਂ ਦੇ ਸੰਗ ਵਿਚ ਆ ਜਾਂਦੇ ਹਾਂ, ਉਹ ਸਾਨੂੰ ਮਜਬੂਰ ਕਰ ਦਿੰਦੇ ਹਨ ਕਿ ਤੂੰ ਇਹ ਟੀਚਾ ਹਾਸਿਲ ਨਹੀਂ ਕਰ ਪਾਏਂਗਾ, ਤੂੰ ਛੱਡ ਦੇ। ਉਸ ਦੀਆਂ ਗੱਲਾਂ ਵਿਚ ਆ ਕੇ ਅਸੀਂ ਫਿਰ ਉਸ ਮੁਕਾਮ ਤੋਂ ਦੂਰ ਹੋ ਜਾਂਦੇ ਹਾਂ। ਹਮੇਸ਼ਾ ਸਾਨੂੰ ਚੰਗੇ ਦੋਸਤਾਂ ਦਾ ਮਾਰਗ ਕਰਨਾ ਚਾਹੀਦਾ ਹੈ, ਜੋ ਮੁਸੀਬਤ ਵੇਲੇ ਜਾਂ ਅਸਫ਼ਲ ਹੋਏ ਤੇ ਸਾਡੇ ਹੌਸਲੇ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਤਾਂ ਹੈ ਨਹੀਂ ਕਿ ਸਾਨੂੰ ਇਕ ਵਾਰ ਹੀ ਸਫਲਤਾ ਮਿਲ ਜਾਏ। ਕਈ ਵਾਰ ਸਾਨੂੰ ਨੌਕਰੀ ਲਈ ਅੱਠ ਤੋਂ 10 ਪੇਪਰ ਦੇਣੇ ਪੈਂਦੇ ਹਨ। ਜ਼ਰੂਰੀ ਨਹੀਂ ਕਿ ਸਾਡੇ ਸਾਰੇ ਹੀ ਪੇਪਰ ਕਲੀਅਰ ਹੋਣ। ਇਕ ਦੋ ਪੇਪਰ ਸਾਡੇ ਕਲੀਅਰ ਹੁੰਦੇ ਹਨ, ਮਿਹਨਤ ਤਾਂ ਸਾਨੂੰ ਕਰਨੀ ਹੀ ਪੈਣੀ ਹੈ। ਸਿਵਲ ਸਰਵਿਸਿਜ਼ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਤਿੰਨ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਕਈ ਵਾਰ ਅਜਿਹਾ ਦੇਖਣ ਨੂੰ ਆਉਂਦਾ ਹੈ ਕਿ ਤੀਜੇ ਪੜਾਅ ਵਿਚ ਵੀ ਬੱਚੇ ਰਹਿ ਜਾਂਦੇ ਹਨ। ਜੋ ਇਨਸਾਨ ਦੋ ਸਾਲ ਲਗਾਤਾਰ ਘਰ ਬੈਠ ਕੇ ਮਿਹਨਤ ਕਰਦਾ ਹੈ ਕਈ ਵਾਰ ਉਸ ਦਾ ਪਹਿਲੇ ਹੀ ਚਾਂਸ ਵਿਚ ਉਹ ਪ੍ਰੀਖਿਆ ਪਾਸ ਹੋ ਜਾਂਦੀ ਹੈ। ਵਿਰਲੇ ਹੀ ਅਜਿਹੇ ਇਨਸਾਨ ਹੁੰਦੇ ਹਨ ਜੋ ਸਿਵਲ ਸਰਵਿਸਿਜ਼ ਨੂੰ ਪਹਿਲੇ ਹੀ ਮੌਕੇ ਵਿਚ ਪਾਸ ਕਰ ਲੈਂਦੇ ਹਨ ਤੇ ਵਧੀਆ ਰੈਂਕ ਹਾਸਿਲ ਕਰ ਲੈਂਦੇ ਹਨ। ਜੋ ਇਸ ਵਾਰ ਯੂ. ਪੀ. ਐਸ. ਸੀ. ਦੀ ਟੌਪਰ ਰਹੀ ਉਸ ਦਾ ਛੇਵੀਂ ਵਾਰ ਪੇਪਰ ਕਲੀਅਰ ਹੋਇਆ। ਮਾਹਿਰਾਂ ਤੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ, ਜੋ ਹਰ ਸਾਲ ਟੌਪਰ ਰਹਿੰਦੇ ਹਨ। ਉਨ੍ਹਾਂ ਦੀ ਵਿਚਾਰ ਸੁਣਨੇ ਚਾਹੀਦੇ ਹਨ। ਗ਼ਲਤੀਆਂ ਨੂੰ ਸੁਧਾਰ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਕਈ ਵਾਰ ਜਿੰਦਾ ਗੁੱਛੇ ਦੀ ਅੰਤਿਮ ਚਾਬੀ ਨਾਲ ਖੁੱਲ੍ਹਦਾ ਹੈ।
ਕਈ ਲੋਕਾਂ ਕੋਲ ਸੀਮਤ ਸਾਧਨ ਹੁੰਦੇ ਹਨ। ਸੀਮਤ ਸਾਧਨਾਂ ਵਿਚ ਵੀ ਉਹ ਅੱਗੇ ਵਧ ਜਾਂਦੇ ਹਨ। ਉਹ ਫਿਰ ਪਿੱਛੇ ਨਹੀਂ ਦੇਖਦੇ ਹਨ। ਯੂ.ਪੀ.ਐਸ.ਸੀ. ਵਿਚ ਇਸ ਵਾਰ ਕਈ ਬੱਚੇ ਅਜਿਹੇ ਪਰਿਵਾਰਾਂ ਤੋਂ ਸਨ, ਜਿਨ੍ਹਾਂ ਕੋਲ ਨਾ ਮਾਤਰ ਸਾਧਨ ਸਨ, ਪਰ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ। ਦੁਨੀਆ ਦੀ ਪਰਵਾਹ ਨਹੀਂ ਕੀਤੀ। ਆਪਣੇ ਮੁਕਾਮ 'ਤੇ ਪੁੱਜਣ ਲਈ ਬਹੁਤ ਮਿਹਨਤ ਕੀਤੀ। ਮਿਹਨਤ ਕਰਕੇ ਹੀ ਤੁਸੀਂ ਸਫਲਤਾ ਦੀਆਂ ਪੌੜੀਆਂ ਚੜ੍ਹ ਸਕਦੇ ਹੋ। ਸਮੁੰਦਰ ਵਿਚ ਜਿਹੜਾ ਇਨਸਾਨ ਕੁੱਦਦਾ ਹੈ, ਉਹੀ ਹੀਰੇ ਮੋਤੀ ਚੁਗਦਾ ਹੈ। ਇਸ ਕਰਕੇ ਕਦੇ ਵੀ ਜ਼ਿੰਦਗੀ ਵਿਚ ਹੌਸਲਾ ਨਾ ਛੱਡੋ। ਹੌਸਲਾ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿਚ ਉਤਰਾਅ ਚੜ੍ਹਾਅ ਆਉਂਦੇ ਹਨ, ਇਨ੍ਹਾਂ ਉਤਰਾਵਾਂ ਚੜ੍ਹਾਵਾਂ ਵਿਚੋਂ ਹੀ ਨਿਕਲ ਕੇ ਇਨਸਾਨ ਦੀ ਸ਼ਖ਼ਸੀਅਤ ਝਲਕਦੀ ਹੈ।
-ਮੁਹਾਲੀ। ਮੋਬਾਈਲ : 7888-96618