ਦੁਨੀਆ ਦਾ ਮਹਾਨ ਮਨੋਵਿਗਿਆਨੀ ਏਮਿਲ ਹੈਂਸ ਵਿਲੀ ਹੇਨਿਗ ਆਪਣੀ ਇਕ ਪੁਸਤਕ ਵਿਚ ਲਿਖਦਾ ਹੈ ਕਿ ਬੱਚਿਆਂ ਦੇ ਵਿਕਾਸ ਲਈ ਜਿੰਨਾ ਲਾਡ ਪਿਆਰ ਮਹੱਤਵ ਰਖਾਉਂਦਾ ਹੈ, ਓਨਾ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਉਨ੍ਹਾਂ ਨੂੰ ਡਾਂਟਣਾ ਵੀ ਜ਼ਰੂਰੀ ਬਣ ਜਾਂਦਾ ਹੈ। ਪਰ ਉਸ ਤੋਂ ਵੀ ਜ਼ਰੂਰੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਲਾਡ ਪਿਆਰ ਅਤੇ ਡਾਂਟ ਵਿਚ ਸੰਤੁਲਨ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਲਾਡ ਪਿਆਰ ਵਿਗਾੜ ਸਕਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਝਿੜਕਣਾ, ਘੂਰਨਾ ਅਤੇ ਮਾਰ ਕੁੱਟ ਬੱਚਿਆਂ ਨੂੰ ਜ਼ਿੱਦੀ, ਵਿਦਰੋਹੀ, ਅਖੜ ਅਤੇ ਲੜਾਕਾ ਵੀ ਬਣਾ ਸਕਦੀਆਂ ਹੈ। ਉਨ੍ਹਾਂ ਲਈ ਮਨੋਵਿਗਿਆਨਕ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਅਜੋਕੇ ਯੁੱਗ ਵਿਚ ਟੈਲੀਵਿਜ਼ਨ ਤੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਉਕਸਾਉਣ ਵਾਲੀਆਂ ਫਿਲਮਾਂ, ਸੋਸ਼ਲ ਅਤੇ ਬਿਜਲੀ ਮੀਡੀਏ ਵਿਚ ਬੱਚਿਆਂ ਨੂੰ ਭੜਕਾਉਣ ਵਾਲੀਆਂ ਆਉਣ ਵਾਲੀਆਂ ਘਟਨਾਵਾਂ ਦੇ ਦੌਰ ਵਿਚ ਬੱਚਿਆਂ ਦੇ ਮਾਪਿਆਂ ਦੀ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਬੱਚਿਆਂ ਵਿਚ ਗੁੱਸਾ ਵਧ ਰਿਹਾ ਹੈ ਅਤੇ ਸਹਿਣਸ਼ੀਲਤਾ ਘਟ ਰਹੀ ਹੈ। ਪੰਜਾਬੀ ਦੀ ਇਕ ਕਹਾਵਤ ਕਿ ਬੱਚਿਆਂ ਨਾਲ ਖਾਣ-ਪੀਣ ਅਤੇ ਪਹਿਨਣ ਦਾ ਲਾਡ ਜ਼ਰੂਰ ਕਰੋ ਪਰ ਜਦੋਂ ਸਵਾਲ ਉਨ੍ਹਾਂ ਦੇ ਭਵਿੱਖ ਦਾ ਹੋਵੇ ਤਾਂ ਕੋਈ ਲਿਹਾਜ਼ ਨਾ ਕਰੋ, ਇਸ ਦਾ ਹਰ ਮਾਂ-ਬਾਪ ਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਬੱਚਿਆਂ ਦੀਆਂ ਮੰਗਾਂ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਪੂਰੀਆਂ ਕਰੋ। ਉਨ੍ਹਾਂ ਦੀ ਜ਼ਿੱਦ ਤਾਂ ਪੁਗਾਉ ਪਰ ਉਨ੍ਹਾਂ ਦੇ ਵਿਗੜਨ ਦੀ ਸੰਭਾਵਨਾ ਨੂੰ ਨਜ਼ਰ ਅੰਦਾਜ਼ ਨਾ ਕਰੋ। ਮੋਬਾਈਲ, ਮੋਟਰ ਸਾਈਕਲ ਦੀ ਮੰਗ ਨੂੰ ਲੈ ਕੇ ਬੱਚਿਆਂ ਅਤੇ ਮਾਪਿਆਂ ਦੇ ਸੰਬੰਧਾਂ ਵਿਚ ਅਜੀਬੋ ਗਰੀਬ ਤਣਾਅ ਪੈਦਾ ਹੋ ਰਿਹਾ ਹੈ। ਬੱਚਿਆਂ ਨੂੰ ਲਾਡ ਸਮੇਂ ਲਾਡ ਅਤੇ ਡਾਂਟ ਸਮੇਂ ਡਾਂਟ ਦੇ ਮਹੱਤਵ ਨੂੰ ਸਮਝਣ ਵਾਲੇ ਮਾਂ-ਬਾਪ ਸਿਆਣੇ ਅਤੇ ਦੂਰ ਅੰਦੇਸ਼ ਹੁੰਦੇ ਹਨ। ਸਮਝਦਾਰ ਮਾਂ-ਬਾਪ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਇਸ ਢੰਗ ਨਾਲ ਕਰਦੇ ਹਨ ਕਿ ਉਹ ਲਾਡ ਪਿਆਰ ਅਤੇ ਡਾਂਟ ਦੇ ਸੰਤੁਲਨ ਨੂੰ ਵਿਗੜਨ ਨਹੀਂ ਦਿੰਦੇ। ਬੱਚਿਆਂ ਦੀਆਂ ਜਾਇਜ਼ ਲੋੜਾਂ ਅਤੇ ਮੰਗਾਂ ਨੂੰ ਪੂਰਾ ਕਰਨ ਦੀ ਅਤੇ ਉਨ੍ਹਾਂ ਨੂੰ ਠੀਕ ਰਾਹ ਉੱਤੇ ਪਾਉਣ ਦੀ ਜ਼ਿੰਮੇਵਾਰੀ ਨੂੰ ਹਰ ਮਾਂ-ਬਾਪ ਨੂੰ ਸਮਝਣਾ ਚਾਹੀਦਾ ਹੈ। ਮਾਵਾਂ ਨੂੰ ਵਿਸ਼ੇਸ਼ ਤੌਰ 'ਤੇ ਇਹ ਗੱਲ ਆਪਣੇ ਦਿਮਾਗ਼ ਵਿਚ ਰੱਖਣੀ ਚਾਹਦੀ ਹੈ ਕਿ ਉਨ੍ਹਾਂ ਦੇ ਜ਼ਿਆਦਾ ਲਾਡ ਪਿਆਰ ਅਤੇ ਬੱਚਿਆਂ ਦੀਆਂ ਗ਼ਲਤੀਆਂ ਉੱਤੇ ਪਰਦਾ ਪਾਉਣ ਨਾਲ ਬੱਚੇ ਵਿਗੜ ਤਾਂ ਨਹੀਂ ਰਹੇ? ਬੱਚਿਆਂ ਨੂੰ ਦੂਜਿਆਂ ਸਾਹਮਣੇ ਡਾਂਟਣ ਉਨ੍ਹਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਤੋਂ ਹਰ ਮਾਂ-ਬਾਪ ਨੂੰ ਗੁਰੇਜ਼ ਕਰਨ ਉੱਤੇ ਅਮਲ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਕੁੱਟ ਮਾਰ ਨਾਲੋਂ ਉਨ੍ਹਾਂ ਨੂੰ ਸਹਿਜਤਾ ਨਾਲ ਨਸੀਹਤ ਦੇ ਕੇ ਜਲਦੀ ਸਮਝਾਇਆ ਜਾ ਸਕਦਾ ਹੈ ਪਰ ਜੇਕਰ ਮਾਪਿਆਂ ਦਾ ਸਮਝਾਉਣ ਦਾ ਢੰਗ ਪ੍ਰਭਾਵਸ਼ਾਲੀ ਹੋਵੇ।
-ਮੋਬਾਈਲ : 98736-27136