ਦੁਨੀਆ ਵਿਚ ਅੱਜ ਜਿਥੇ ਹਰ ਪਾਸੇ ਹੋੜ, ਤਣਾਅ, ਨਫ਼ਰਤ ਅਤੇ ਖੁਦਗਰਜ਼ੀ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਦਇਆ ਹੀ ਇਕ ਐਸੀ ਸੁਗੰਧ ਹੈ ਜੋ ਮਨੁੱਖਤਾ ਨੂੰ ਤਰੋਤਾਜ਼ਾ ਰੱਖਦੀ ਹੈ। ਜਦੋਂ ਅਸੀਂ ਕਿਸੇ ਲਈ ਪਿਆਰ, ਹਮਦਰਦੀ ਜਾਂ ਭਲਾਈ ਦਾ ਕੰਮ ਕਰਦੇ ਹਾਂ, ਸਿਰਫ਼ ਉਹ ਵਿਅਕਤੀ ਹੀ ਨਹੀਂ, ਸਾਡਾ ਆਪਣਾ ਮਨ ਵੀ ਪ੍ਰਸੰਨ ਹੁੰਦਾ ਹੈ।
ਦਇਆ ਕੋਈ ਵੱਡਾ ਸ਼ਬਦ ਨਹੀਂ, ਇਹ ਇਕ ਅਹਿਸਾਸ ਹੈ ਜੋ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ। ਜਦੋਂ ਅਸੀਂ ਕਿਸੇ ਭੁੱਖੇ ਨੂੰ ਰੋਟੀ ਦਿੰਦੇ ਹਾਂ, ਕਿਸੇ ਬਿਮਾਰ ਦੀ ਸੇਵਾ ਕਰਦੇ ਹਾਂ, ਕਿਸੇ ਦੁਖੀ ਮਨੁੱਖ ਦੇ ਮੋਢੇ 'ਤੇ ਹੱਥ ਰੱਖਦੇ ਹਾਂ ਤਾਂ ਅਸੀਂ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੇ ਹੁੰਦੇ ਹਾਂ। ਇਹ ਛੋਟੇ-ਛੋਟੇ ਦਿਆਲੂ ਕੰਮ ਕਿਸੇ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆ ਸਕਦੇ ਹਨ। ਇਕ ਮੁਸਕਾਨ, ਇਕ ਪਿਆਰ ਭਰੀ ਗੱਲ ਜਾਂ ਇਕ ਸਹਾਇਤਾ ਦਾ ਹੱਥ, ਇਹ ਸਭ ਦਇਆ ਦੇ ਚਿੰਨ੍ਹ ਹਨ ਜੋ ਸੰਸਾਰ ਨੂੰ ਰਹਿਣਯੋਗ ਬਣਾਉਂਦੇ ਹਨ।
ਦਇਆ ਸਿਰਫ਼ ਕਿਸੇ ਦੀ ਮਦਦ ਕਰਨ ਤੱਕ ਸੀਮਤ ਨਹੀਂ ਰਹਿੰਦੀ, ਇਹ ਸਾਡੀ ਸੋਚ ਦਾ ਹਿੱਸਾ ਬਣ ਜਾਵੇ ਤਾਂ ਜੀਵਨ ਖ਼ੁਦ ਬਦਲ ਜਾਂਦਾ ਹੈ। ਜਦੋਂ ਅਸੀਂ ਕਿਸੇ ਨਾਲ ਮਿੱਠੇ ਬੋਲ ਬੋਲਦੇ ਹਾਂ ਜਾਂ ਕਿਸੇ ਦੀ ਗੱਲ ਧੀਰਜ ਨਾਲ ਸੁਣਦੇ ਹਾਂ ਤਾਂ ਅਸੀਂ ਉਸ ਵਿਅਕਤੀ ਨੂੰ ਮਹਿਸੂਸ ਕਰਾਉਂਦੇ ਹਾਂ ਕਿ ਉਹ ਮਹੱਤਵਪੂਰਨ ਹੈ। ਅਜਿਹੇ ਛੋਟੇ ਕਾਰਜ ਵੀ ਦਿਲਾਂ ਨੂੰ ਜੋੜ ਸਕਦੇ ਹਨ।
ਦਇਆ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰਦੀ ਹੈ। ਜਦੋਂ ਅਸੀਂ ਆਪਸੀ ਝਗੜਿਆਂ ਨੂੰ ਭੁੱਲ ਕੇ ਪਿਆਰ ਤੇ ਸਹਿਯੋਗ ਨਾਲ ਰਹਿੰਦੇ ਹਾਂ ਤਾਂ ਸਮਾਜ ਵਿਚ ਏਕਤਾ ਬਣਦੀ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਜਿਥੇ ਲੋਕ ਦਿਲੋਂ ਵੱਧ ਦੂਰ ਹੋ ਰਹੇ ਹਨ, ਉੱਥੇ ਦਿਆਲਤਾ ਹੀ ਉਹ ਪੁਲ ਹੈ ਜੋ ਮਨੁੱਖਾਂ ਨੂੰ ਦੁਬਾਰਾ ਜੋੜ ਸਕਦੀ ਹੈ।
ਨੌਜਵਾਨ ਪੀੜ੍ਹੀ ਲਈ ਇਹ ਦਿਵਸ ਇਕ ਪ੍ਰੇਰਣਾ ਹੈ। ਜੇ ਵਿਦਿਆਰਥੀ ਆਪਣੇ ਰੋਜ਼ਾਨਾ ਜੀਵਨ ਵਿਚ ਦਇਆ ਨੂੰ ਸ਼ਾਮਿਲ ਕਰ ਲੈਣ, ਜਿਵੇਂ ਕਿਸੇ ਸਹਿਪਾਠੀ ਦੀ ਮਦਦ ਕਰਨਾ, ਬਜ਼ੁਰਗਾਂ ਦੀ ਇੱਜ਼ਤ ਕਰਨਾ, ਕਿਸੇ ਨਾਲ ਹੰਕਾਰ ਨਾਲ ਨਹੀਂ ਬਲਕਿ ਪਿਆਰ ਨਾਲ ਗੱਲ ਕਰਨਾ ਤਾਂ ਉਹ ਸਿਰਫ਼ ਚੰਗੇ ਵਿਦਿਆਰਥੀ ਨਹੀਂ ਸਗੋਂ ਚੰਗੇ ਮਨੁੱਖ ਵੀ ਬਣ ਸਕਦੇ ਹਨ।
ਜੇ ਤੁਸੀਂ ਦੂਸਰਿਆਂ ਲਈ ਚੰਗਾ ਕਰਦੇ ਹੋ, ਉਹ ਕਿਸੇ ਨਾ ਕਿਸੇ ਰੂਪ ਵਿਚ ਵਾਪਸ ਤੁਹਾਡੇ ਕੋਲ ਆਉਂਦਾ ਹੈ। ਜੇ ਅਸੀਂ ਨੇਕੀ ਦੇ ਬੀਜ ਬੀਜੀਏ ਤਾਂ ਖੁਸ਼ੀ ਦੀਆਂ ਫਸਲਾਂ ਜ਼ਰੂਰ ਵੰਡਾਂਗੇ।
ਨੇਕੀ ਦੀ ਕੋਈ ਮਿਆਦ ਨਹੀਂ ਹੁੰਦੀ। ਹਰ ਦਿਨ, ਹਰ ਪਲ ਅਸੀਂ ਦਿਆਲੂ ਹੋ ਸਕਦੇ ਹਾਂ। ਦਇਆ ਕਿਸੇ ਮਦਦ ਦਾ ਨਾਂਅ ਹੀ ਨਹੀਂ, ਇਹ ਜੀਵਨ ਦਾ ਢੰਗ ਹੈ। ਜਿਥੇ ਦਇਆ ਹੈ, ਉੱਥੇ ਖੁਸ਼ੀ, ਸ਼ਾਂਤੀ ਤੇ ਮਨੁੱਖਤਾ ਹੈ। ਆਓ, ਅਸੀਂ ਅੱਜ ਤੋਂ ਇਹ ਵਾਅਦਾ ਕਰੀਏ ਕਿ ਹਰ ਦਿਨ ਕਿਸੇ ਨਾ ਕਿਸੇ ਲਈ ਇਕ ਛੋਟੀ ਨੇਕੀ ਜ਼ਰੂਰ ਕਰਾਂਗੇ ਤਾਂ ਕਿ ਸੰਸਾਰ ਦਇਆ ਦੀ ਖ਼ੁਸ਼ਬੂ ਨਾਲ ਸਦਾ ਮਹਿਕਦਾ ਰਹੇ।
-ਬਰਨਾਲਾ।
ਮੋਬਾਈਲ : 94171-63426